ਝੋਨੇ ਦੀ ਖਰੀਦ ਸੰਬੰਧੀ 32 ਮੰਡੀਆਂ ਵਿਚ ਬੰਦ ਕਰਨਾ ਜਿੰਮੀਦਾਰਾਂ ਨਾਲ ਬੇਇਨਸਾਫ਼ੀ : ਮਾਨ
ਫ਼ਤਹਿਗੜ੍ਹ ਸਾਹਿਬ, 18 ਨਵੰਬਰ ( ) “ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦੀਆਂ 32 ਮੰਡੀਆਂ ਵਿਚ ਜੋ ਝੌਨੇ ਦੀ ਖਰੀਦ ਸਰਕਾਰੀ ਏਜੰਸੀਆ ਵੱਲੋ ਬੰਦ ਕਰ ਦਿੱਤੀ ਗਈ ਹੈ, ਇਹ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਨਾਲ ਸੰਬੰਧਤ ਉਨ੍ਹਾਂ ਜਿੰਮੀਦਾਰਾਂ ਨਾਲ ਵੱਡੀ ਬੇਇਨਸਾਫ਼ੀ ਤੇ ਜ਼ਬਰ ਹੈ ਜਿਨ੍ਹਾਂ ਦੀ ਫਸਲ ਅਜੇ ਖੇਤਾਂ ਵਿਚ ਖੜ੍ਹੀ ਹੈ । ਆਉਣ ਵਾਲੇ ਦਿਨਾਂ ਵਿਚ ਉਹ ਮੰਡੀਆਂ ਵਿਚ ਆਉਣੀ ਹੈ । ਜੇਕਰ ਸਮੁੱਚੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਜੇ 5% ਝੋਨੇ ਦੀ ਫਸਲ ਖੇਤਾਂ ਵਿਚੋ ਆਉਣੀ ਬਾਕੀ ਰਹਿੰਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਿਸ ਝੋਨੇ ਦੀ ਖਰੀਦ ਹੋਈ ਹੈ, ਉਨ੍ਹਾਂ ਦੀਆਂ ਵੱਡੀ ਗਿਣਤੀ ਵਿਚ ਬੋਰੀਆ ਅਜੇ ਮੰਡੀਆ ਵਿਚ ਪਈਆ ਹਨ । ਜੋ ਏਜੰਸੀਆ ਵੱਲੋ ਚੁੱਕ ਕੇ ਗੋਦਾਮਾ ਵਿਚ ਪਹੁੰਚਾਉਣੀਆ ਹਨ । ਅਜਿਹਾ ਅਮਲ ਸਰਕਾਰ ਵੱਲੋ ਇਸ ਲਈ ਵੀ ਕੀਤਾ ਗਿਆ ਹੈ ਕਿ ਜੋ ਪ੍ਰਾਈਵੇਟ ਰਾਈਸ ਮਿੱਲਰਜ ਹਨ, ਉਹ ਕਿਸਾਨ ਵਰਗ ਦਾ ਸੋਸਨ ਕਰਕੇ ਮਿੱਥੀ ਕੀਮਤ ਤੋ 200 ਰੁਪਏ ਘੱਟ ਪ੍ਰਤੀ ਕੁਇੰਟਲ ਜਿੰਮੀਦਾਰਾਂ ਨੂੰ ਦੇ ਰਹੇ ਹਨ ਜੋ ਹੋਰ ਵੀ ਸ਼ਰਮਨਾਕ ਕਾਰਵਾਈ ਹੈ । ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆ ਖਰੀਦ ਏਜੰਸੀਆ ਨੂੰ ਅਜੇ ਕੁਝ ਸਮੇ ਲਈ ਹੋਰ ਮੰਡੀਆ ਵਿਚ ਖਰੀਦ ਕਰਨ ਲਈ ਜਾਰੀ ਰੱਖੇ ਤਾਂ ਕਿ ਜਿੰਮੀਦਾਰਾਂ ਦੇ ਝੋਨੇ ਦੀ ਫਸਲ ਦਾ ਇਕ ਇਕ ਦਾਣਾ ਖਰੀਦਿਆ ਜਾ ਸਕੇ ਅਤੇ ਉਨ੍ਹਾਂ ਦੀ ਮਾਲੀ ਹਾਲਤ ਬਿਹਤਰ ਬਣ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦੀਆਂ 32 ਮੰਡੀਆ ਵਿਚ ਸਰਕਾਰੀ ਏਜੰਸੀਆ ਵੱਲੋ ਖਰੀਦ ਬੰਦ ਕਰ ਦੇਣ ਦੀ ਕਾਰਵਾਈ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਨੂੰ ਕੁਝ ਸਮੇ ਲਈ ਹੋਰ ਜਾਰੀ ਰੱਖਣ ਅਤੇ ਜੋ 5% ਫਸਲ ਖੇਤਾਂ ਵਿਚ ਖੜ੍ਹੀ ਹੈ ਉਨ੍ਹਾਂ ਦੇ ਆਉਣ ਤੱਕ ਇਹ ਪਾਲਸੀ ਕਾਇਮ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।