ਇੰਡੀਆ ਦੀ ਹਾਕੀ ਟੀਮ ਦੀ ਵਰਦੀ ਦਾ ਭਗਵਾ ਰੰਗ ਕਰਨ ਦੀ ਬਦੌਲਤ ਹੀ ਟੀਮ ਵਿਚ ਕੁਝ ਨਮੋਸੀ ਆਈ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਕਤੂਬਰ ( ) “ਇੰਡੀਆ ਦੇ ਹੁਕਮਰਾਨ ਆਪਣੀ ਸੌੜੀ ਸੋਚ ਅਧੀਨ ਹੀ ਅਜਿਹੇ ਅਮਲ ਕਰ ਰਹੇ ਹਨ ਜਿਸ ਨਾਲ ਹਿੰਦੂਤਵ ਸੋਚ ਅਤੇ ਭਗਵੇ ਰੰਗ ਨੂੰ ਹੋਰ ਉਭਾਰਿਆ ਤੇ ਮਜਬੂਤ ਕੀਤਾ ਜਾ ਸਕੇ । ਜੇਕਰ ਅੱਜ ਇੰਡੀਆ ਦੀ ਹਾਕੀ ਟੀਮ ਵਿਚ ਕੁਝ ਕੰਮਜੋਰੀ ਆਈ ਹੈ, ਤਾਂ ਇਸਦਾ ਕਾਰਨ ਹੁਕਮਰਾਨਾਂ ਵੱਲੋ ਮੁਤੱਸਵੀ ਸੋਚ ਅਧੀਨ ਹਾਕੀ ਟੀਮ ਦੀ ਵਰਦੀ ਦਾ ਰੰਗ ਭਗਵਾ ਕਰਨ ਦੀ ਬਦੌਲਤ ਹੈ । ਇਸ ਨਾਲ ਦੂਸਰੀਆ ਕੌਮਾਂ ਦੇ ਖਿਡਾਰੀਆ ਦੇ ਮਨ-ਆਤਮਾ ਨੂੰ ਠੇਸ ਪਹੁੰਚੀ ਹੈ । ਜਦੋਕਿ ਕਿਸੇ ਵੀ ਖੇਡ ਦੇ ਖਿਡਾਰੀਆ ਦੇ ਮਨ ਵਿਚ ਹਿੰਦੂਤਵ ਸੋਚ ਨੂੰ ਜਬਰੀ ਲਾਗੂ ਨਹੀ ਕਰਨਾ ਚਾਹੀਦਾ । ਤਦ ਹੀ ਸਪੋਸਟਮੈਨਸਿਪ ਦੀ ਭਾਵਨਾ ਮਜਬੂਤ ਰਹਿੰਦੀ ਹੈ । ਇਸ ਨਾਲ ਅਜਿਹੇ ਖਿਡਾਰੀ ਹੌਸਲੇ ਅਤੇ ਉਤਸਾਹ ਨਾਲ ਆਪਣੀ ਖੇਡ ਖੇਡਦੇ ਹਨ ਅਤੇ ਫਤਹਿ ਪ੍ਰਾਪਤ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਏਸੀਅਨ ਖੇਡਾਂ ਵਿਚ ਹਾਕੀ ਟੀਮ ਦੇ ਆਏ ਨਤੀਜਿਆ ਉਤੇ ਅਤੇ ਹੋਰ ਖੇਡਾਂ ਵਿਚ ਪਹਿਲੇ ਨਾਲੋ ਘੱਟ ਤਗਮੇ ਪ੍ਰਾਪਤ ਕਰਨ ਨੂੰ ਲੈਕੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਅਫਸੋਸ ਜਾਹਰ ਕੀਤਾ ਕਿ ਹਰਿਆਣੇ ਦੇ ਖਿਡਾਰੀ ਪੰਜਾਬ ਤੇ ਖਿਡਾਰੀਆ ਨਾਲੋ ਅੱਗੇ ਰਹੇ ਹਨ । ਜਿਸ ਕਾਰਨ ਪੰਜਾਬ ਸਰਕਾਰ ਵੱਲੋ ਅਪਣਾਈ ਖੇਡਾਂ ਪ੍ਰਤੀ ਕੰਮਜੋਰ ਨੀਤੀ ਵੀ ਇਕ ਕਾਰਨ ਹੈ । ਇਸ ਸੰਬੰਧ ਵਿਚ ਸੂਬੇ ਦੇ ਮੁੱਖ ਸਕੱਤਰ ਅਤੇ ਖੇਡਾਂ ਨਾਲ ਸੰਬੰਧਤ ਅਧਿਕਾਰੀਆ ਨੂੰ ਸਰਕਾਰ ਵੱਲੋ ਜੁਆਬਦੇਹ ਬਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਖਿਡਾਰੀ ਪਹਿਲੇ ਦੀ ਤਰ੍ਹਾਂ ਕੌਮਾਂਤਰੀ ਖੇਡਾਂ ਵਿਚ ਅੱਵਲ ਦਰਜੇ ਦੇ ਤਗਮੇ ਪ੍ਰਾਪਤ ਕਰਕੇ ਪੰਜਾਬ, ਪੰਜਾਬੀ, ਪੰਜਾਬੀਅਤੇ ਦੇ ਨਾਮ ਨੂੰ ਰੌਸਨ ਕਰਦੇ ਰਹਿਣ । ਇਸ ਗੱਲ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਬਣਦੀ ਹੈ ਕਿ ਏਸੀਅਨ ਖੇਡਾਂ ਵਿਚ ਪੰਜਾਬੀਆ ਵੱਲੋ ਹਰਿਆਣਾ ਤੋ ਥੱਲੇ ਰਹਿਣ ਦੇ ਕੀ ਕਾਰਨ ਹਨ ਜਿਥੇ ਕਿਤੇ ਵੀ ਪ੍ਰਬੰਧ ਅਤੇ ਖੇਡਾਂ ਦੀਆਂ ਕਿੱਟਾ ਤੇ ਹੋਰ ਸਮਾਨ ਦੀ ਕਮੀ ਜਾਂ ਅੱਛੇ ਕੋਚਾਂ ਦੀ ਕਮੀ ਹੈ, ਉਸਨੂੰ ਪਹਿਲ ਦੇ ਆਧਾਰ ਤੇ ਦੂਰ ਕਰਕੇ ਪੰਜਾਬ ਦੇ ਨਾਮ ਨੂੰ ਕੌਮਾਂਤਰੀ ਪੱਧਰ ਤੇ ਪਹਿਲੇ ਦੀ ਤਰ੍ਹਾਂ ਕਾਇਮ ਰੱਖਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਖਿਡਾਰੀਆ ਦੇ ਹੌਸਲੇ ਨੂੰ ਹਰ ਕੀਮਤ ਤੇ ਬੁਲੰਦ ਰੱਖਣਾ ਚਾਹੀਦਾ ਹੈ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਜਾਹਰ ਕੀਤਾ ਕਿ ਜਿਥੇ ਖਿਡਾਰੀਆ ਦੀਆਂ ਕਿੱਟਾ ਦੇ ਰੰਗ ਭਗਵੇ ਕਰ ਦਿੱਤੇ ਗਏ ਹਨ ਉਥੇ ਆਉਣ ਵਾਲੇ ਸਮੇ ਵਿਚ ਫੌ਼ਜੀ ਗੱਡੀਆਂ ਦੇ ਰੰਗ ਵੀ ਭਗਵੇ ਕਰਕੇ ਉਨ੍ਹਾਂ ਉਤੇ ਹਿੰਦੂਤਵ ਸੋਚ ਨੂੰ ਉਭਾਰਨ ਵਾਲੇ ਸਵਾਸਤਿਕਾ ਨਿਸ਼ਾਨ ਲਗਾ ਦਿੱਤੇ ਜਾਣਗੇ। ਜੋ ਕਿ ਫ਼ੋਜ ਵਿਚ ਵੀ ਹਿੰਦੂਤਵ ਸੋਚ ਨੂੰ ਉਭਾਰਨ ਦੇ ਆਉਣ ਵਾਲੇ ਸਮੇ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ ।