ਬੀਜੇਪੀ-ਆਰ.ਐਸ.ਐਸ. ਵੱਲੋਂ ਪੰਜਾਬ ਵਿਚ ਨਸਿ਼ਆਂ ਦਾ ਖਾਤਮਾ ਕਰਨ ਦਾ ਦਾਅਵਾ ਖੋਖਲਾ, ਬੀਜੇਪੀ ਨੇ ਹੀ ਤਾਂ ਨਸਿ਼ਆਂ ਦੇ ਵਪਾਰ ਨੂੰ ਵਧਾਇਆ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਕਤੂਬਰ ( ) “ਜੋ ਮੁਲਕ ਦੀ ਹਕੂਮਤ ਉਤੇ ਰਾਜ ਭਾਗ ਕਰਨ ਵਾਲੀਆ ਜਮਾਤ ਬੀਜੇਪੀ-ਆਰ.ਐਸ.ਐਸ ਹਨ, ਬੀਜੇਪੀ ਜਮਾਤ ਜਾਂ ਹੁਕਮਰਾਨ ਨੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਨਾ ਤਾਂ ਸੰਜ਼ੀਦਾ ਤੌਰ ਤੇ ਕਦੀ ਵਿਚਾਰਿਆ ਤੇ ਨਾ ਹੀ ਕਦੇ ਹੱਲ ਕਰਨ ਦੀ ਕੋਈ ਕੋਸਿਸ ਕੀਤੀ । ਬਲਕਿ ਇਹ ਹੁਕਮਰਾਨ ਤੇ ਬੀਜੇਪੀ ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਲੰਮਾਂ ਕਰਕੇ ਪੰਜਾਬ ਅਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਅਕਸਰ ਹੀ ਵੋਟ ਸਿਆਸਤ ਅਧੀਨ ਬਹੁਗਿਣਤੀ ਲੋਕਾਂ ਨੂੰ ਆਪਣੇ ਮਗਰ ਲਗਾਕੇ ਰਾਜ ਭਾਗ ਤੇ ਕਾਬਜ ਹੋਣ ਦੀਆਂ ਸਾਜਿਸਾਂ ਰਚਦੀਆ ਰਹੀਆ ਹਨ । ਜੇਕਰ ਅੱਜ ਪੰਜਾਬ ਸੂਬਾ ਅਤੇ ਇਥੋ ਦੇ ਨਿਵਾਸੀਆ ਦੀ ਵੱਡੀ ਗਿਣਤੀ ਨੌਜਵਾਨੀ ਨਸਿਆ ਦੇ ਸੇਵਨ ਕਰਨ ਜਾਂ ਨਸਿਆ ਦੇ ਕਾਰੋਬਾਰ ਵਿਚ ਸਮੱਗਲਰ ਮਸਰੂਫ ਹਨ ਤਾਂ ਇਹ ਦੇਣ ਬੀਜੇਪੀ ਵਰਗੀਆ ਮੁਕਾਰਤਾ ਨਾਲ ਭਰੀਆ ਪਾਰਟੀਆ ਤੇ ਹੁਕਮਰਾਨਾਂ ਦੀ ਹੀ ਦੇਣ ਹੈ । ਜਦੋ ਸਰਹੱਦਾਂ ਉਤੇ ਬੀ.ਐਸ.ਐਫ ਦੀ ਮਜਬੂਤ ਪਰਤ ਹੈ, ਕੰਡਿਆਲੀ ਤਾਰ ਹੈ, ਦਿਨ ਵਿਚ ਅੱਖਾਂ ਚੁੰਧਿਆਉਣ ਵਾਲੀਆ ਸਰਚ ਲਾਇਟਾਂ ਹਨ, ਫਿਰ ਫ਼ੌਜ ਹੈ, ਆਈ.ਬੀ ਤੇ ਰਾਅ ਦੀਆਂ ਖੂਫੀਆ ਏਜੰਸੀਆ ਹਨ, ਪੰਜਾਬ ਦੀ ਸੀ.ਆਈ.ਡੀ ਹੈ, ਨਸ਼ਾ ਰੋਕੂ ਫੋਰਸ ਹੈ ਫਿਰ ਪੰਜਾਬ ਪੁਲਿਸ ਹੈ । ਐਨੀਆ ਰੁਕਾਵਟਾਂ ਹੋਣ ਦੇ ਬਾਵਜੂਦ ਪੰਜਾਬ ਦੀਆਂ ਸਰਹੱਦਾਂ ਤੋ ਪੰਜਾਬ ਵਿਚ ਨਸ਼ਾ ਕਿਵੇ ਦਾਖਲ ਹੋ ਸਕਦਾ ਹੈ ? ਨਸਿਆ ਦੇ ਸੇਵਨ ਤੇ ਵਪਾਰ ਪਿੱਛੇ ਹੁਕਮਰਾਨਾਂ ਤੇ ਖੂਫੀਆ ਏਜੰਸੀਆ ਦੀਆਂ ਪੰਜਾਬ ਵਿਰੋਧੀ ਸਾਜਿਸਾਂ ਤੋ ਇਸ ਲਈ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਬੀਤੇ ਸਮੇ ਵਿਚ ਜਦੋ ਫਿਰੋਜਪੁਰ ਵਿਖੇ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ ਤਾਇਨਾਤ ਸਨ ਤਾਂ ਉਸ ਸਮੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸਰਮਾ, ਉਨ੍ਹਾਂ ਦਾ ਪੀ.ਏ ਅਤੇ ਹੋਰ ਬਹੁਤ ਸਾਰੇ ਪਹੁੰਚ ਵਾਲੇ ਲੋਕ ਇਸ ਵੱਡੇ ਵਪਾਰ ਵਿਚ ਸਾਹਮਣੇ ਆਏ ਸਨ ਪਰ ਸੈਟਰ ਤੱਕ ਵੱਡੀ ਪਹੁੰਚ ਅਤੇ ਹੁਕਮਰਾਨਾਂ ਦੀ ਸਾਜਿਸ ਹੋਣ ਦੀ ਬਦੌਲਤ ਉਨ੍ਹਾਂ ਵਿਰੁੱਧ ਕੋਈ ਅਮਲ ਨਾ ਹੋਇਆ ਜਿਸ ਤੋ ਪ੍ਰਤੱਖ ਹੈ ਕਿ ਨਸਿਆ ਦੇ ਸੇਵਨ ਅਤੇ ਵਪਾਰ ਬੀਜੇਪੀ-ਆਰ.ਐਸ.ਐਸ ਤੇ ਸੈਟਰ ਦੀਆਂ ਏਜੰਸੀਆ ਦੀ ਨਜਰ ਹੇਠ ਹੀ ਪੰਜਾਬ ਵਿਚ ਬੀਤੇ ਸਮੇ ਵਿਚ ਪ੍ਰਫੁੱਲਿਤ ਹੋਏ ਹਨ । ਅੱਜ ਇਹ ਪੰਜਾਬ ਵਿਚ ਆਪਣੀ ਮੁਤੱਸਵੀ ਤੇ ਪੰਜਾਬ ਵਿਰੋਧੀ ਸਰਕਾਰ ਬਣਾਉਣ ਦੀ ਸੋਚ ਨਾਲ ਜੋ ਇਥੋ ਨਸਿਆ ਦਾ ਖਾਤਮਾ ਕਰਨ ਦਾ ਢੌਗ ਕਰ ਰਹੇ ਹਨ, ਇਹ ਕੇਵਲ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀਆ ਕਾਰਵਾਈਆ ਹਨ । ਜਿਸ ਤੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਇਨ੍ਹਾਂ ਪੰਜਾਬ ਵਿਰੋਧੀ ਜਮਾਤਾਂ ਨੂੰ ਹਕੂਮਤ ਉਤੇ ਕਾਬਜ ਨਾ ਹੋਣ ਦੇਣ ਦੀ ਸੰਜੀਦਾ ਜਿੰਮੇਵਾਰੀ ਨਿਭਾਉਣੀ ਪਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਤੇ ਹਕੂਮਤ ਕਰ ਰਹੀ ਭਾਜਪਾ ਦੀ ਜਮਾਤ ਦੇ ਆਗੂ ਅਮਿਤ ਸ਼ਾਹ ਤੇ ਹੋਰਨਾਂ ਵੱਲੋ ਪੰਜਾਬ ਵਿਚ ਨਸਿ਼ਆਂ ਦੇ ਸੇਵਨ ਅਤੇ ਇਸਦੀ ਖਰੀਦੋ ਫਰੋਖਤ ਨੂੰ ਖਤਮ ਕਰਨ ਦੇ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਦਾ ਮਜਾਕ ਉਡਾਉਦੇ ਹੋਏ ਅਤੇ ਇਨ੍ਹਾਂ ਵੱਲੋ ਹੀ ਪੰਜਾਬ ਵਿਚ ਵੱਡੇ ਪੱਧਰ ਤੇ ਇਸਦੀ ਖਰੀਦੋ ਫਰੋਖਤ ਹੋਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸਿ਼ਆਂ ਵਿਚ ਗਲਤਾਨ ਕਰਨ ਦੀ ਸਾਜਿਸ ਦਾ ਪਰਦਾਫਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ ਵਰਗੀ ਮੁਤੱਸਵੀ ਪੰਜਾਬ ਸੂਬੇ ਵਿਰੋਧੀ ਪਾਰਟੀ ਦਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਨਾ ਪਹਿਲੇ ਕਦੀ ਦਿਲਚਸਪੀ ਸੀ ਅਤੇ ਨਾ ਹੀ ਅੱਜ ਹੈ । ਜੇਕਰ ਇਹ ਲੋਕ ਪੰਜਾਬ ਦੀ ਤਰੱਕੀ ਅਤੇ ਇਥੋ ਦੇ ਨਿਵਾਸੀਆ ਦੀ ਹਰ ਖੇਤਰ ਵਿਚ ਪ੍ਰਫੁੱਲਤਾ ਲਈ ਸੁਹਿਰਦ ਹੁੰਦੇ ਤਾਂ ਇਨ੍ਹਾਂ ਦੇ ਵੱਡੇ-ਵੱਡੇ ਅਹੁਦੇਦਾਰ ਨਸਿਆ ਦੇ ਵਪਾਰ ਵਿਚ ਸਾਹਮਣੇ ਨਾ ਆਉਦੇ । ਜਿਵੇਕਿ ਬੀਤੇ ਸਮੇ ਵਿਚ ਬੀਜੇਪੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਇਸ ਵੱਡੇ ਨਸ਼ੀਲੇ ਪਦਾਰਥਾਂ ਦੇ ਘੋਟਾਲੇ ਵਿਚ ਸਾਹਮਣੇ ਆਏ ਸਨ ਅਤੇ ਇਸ ਸਰਕਾਰ ਨੇ ਕਮਲ ਸ਼ਰਮਾ ਅਤੇ ਹੋਰ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਬਜਾਇ ਉਨ੍ਹਾਂ ਨੂੰ ਸਜ਼ਾਵਾਂ ਅਤੇ ਦੋਸ਼ਾਂ ਤੋ ਬਚਾਉਣ ਲਈ ਹੀ ਅਮਲ ਕਰਦੇ ਨਜਰ ਆਏ । ਅੱਜ ਕੇਵਲ ਪੰਜਾਬ ਉਤੇ ਸਤ੍ਹਾ ਦੀ ਲਾਲਸਾ ਨੂੰ ਲੈਕੇ ਪੰਜਾਬੀਆਂ ਦੀਆਂ ਭਾਵਨਾਵਾ ਦਾ ਸੋਸਣ ਕਰਕੇ ਕੇਵਲ ਤੇ ਕੇਵਲ ਨਸ਼ੀਲੀਆ ਵਸਤਾਂ ਦੇ ਸੇਵਨ ਅਤੇ ਉਸਦੇ ਵਪਾਰ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ । ਜਦੋਕਿ ਪੰਜਾਬ ਸੂਬੇ ਦੀ ਜੋ ਆਰਥਿਕਤਾ ਨੂੰ ਲੰਮੇ ਸਮੇ ਤੋ ਡੂੰਘੀ ਸੱਟ ਵੱਜਦੀ ਆ ਰਹੀ ਹੈ । ਇਥੋ ਦੇ ਵਪਾਰੀਆ ਅਤੇ ਜਿੰਮੀਦਾਰਾਂ ਦੀਆਂ ਉਤਪਾਦ ਵਸਤਾਂ ਦਾ ਉਨ੍ਹਾਂ ਨੂੰ ਸਹੀ ਕੀਮਤ ਮਿਲਣ ਲਈ ਲੰਮੇ ਸਮੇ ਤੋ ਜੋ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੀ ਮੰਗ ਕਰਦੇ ਆ ਰਹੇ ਹਾਂ, ਉਸਨੂੰ ਕਦੀ ਵੀ ਇਨ੍ਹਾਂ ਬੀਜੇਪੀ ਵਾਲੇ ਹੁਕਮਰਾਨਾਂ ਨੇ ਸੰਜੀਦਗੀ ਨਾਲ ਨਹੀ ਲਿਆ ਅਤੇ ਨਾ ਹੀ ਇਥੋ ਦੀ ਬੇਰੁਜਗਾਰੀ ਦੂਰ ਕਰਨ ਲਈ ਗੁਜਰਾਤ, ਮਹਾਰਾਸਟਰਾਂ ਆਦਿ ਸੂਬਿਆ ਦੀ ਤਰ੍ਹਾਂ ਪੰਜਾਬ ਨੂੰ ਅੱਜ ਤੱਕ ਕੋਈ ਵੱਡਾ ਉਦਯੋਗ ਦਿੱਤਾ ਗਿਆ ਹੈ । ਬਲਕਿ ਵਿਤਕਰਿਆ ਵਿਚ ਵਾਧਾ ਕਰਦੇ ਹੋਏ ਪੰਜਾਬ ਦੇ ਪਾਣੀਆ, ਬਿਜਲੀ ਤੇ ਇਥੋ ਦੀਆਂ ਜਮੀਨਾਂ, ਜਾਇਦਾਦਾਂ ਨੂੰ ਜਬਰੀ ਗੈਰ ਕਾਨੂੰਨੀ ਢੰਗ ਨਾਲ ਖੋਹਿਆ ਜਾ ਰਿਹਾ ਹੈ । ਸਾਡੀ ਡੈਮੋਗ੍ਰਾਫੀ ਨੂੰ ਨੁਕਸਾਨ ਪਹੁੰਚਾਉਣ ਹਿੱਤ ਵੱਡੀ ਗਿਣਤੀ ਵਿਚ ਪ੍ਰਵਾਸੀਆ ਨੂੰ ਇਥੇ ਲਿਆਕੇ ਉਨ੍ਹਾਂ ਨੂੰ ਰਾਸਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਦੇ ਕੇ ਕਾਨੂੰਨੀ ਬਸਿੰਦੇ ਬਣਾਇਆ ਜਾ ਰਿਹਾ ਹੈ । ਉਚ ਅਫਸਰਸਾਹੀ ਅਤੇ ਆਮ ਨੌਕਰੀਆ ਵਿਚ ਪੰਜਾਬੀਆ ਤੇ ਸਿੱਖਾਂ ਦੇ ਕੋਟੇ ਨੂੰ ਨਾਮਾਤਰ ਕਰਕੇ ਪਹਿਲੋ ਹੀ ਬੇਇਨਸਾਫੀ ਕੀਤੀ ਜਾ ਰਹੀ ਹੈ । ਪਾਕਿਸਤਾਨ ਨਾਲ ਪਾਣੀਆ ਦੇ ਮੁੱਦੇ ਉਤੇ ਜੰਗ ਲਗਾਉਣ ਦੀਆਂ ਗੱਲਾਂ ਕਰਕੇ ਪੰਜਾਬ ਸੂਬੇ ਨੂੰ ਜੰਗ ਵਿਚ ਧਕੇਲਣ ਤੇ ਸਾਜਿਸਾਂ ਹੋ ਰਹੀਆ ਹਨ । ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੀ ਬੀਤੇ 15 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ । ਸਾਡੀ ਜਮਹੂਰੀਅਤ ਦਾ ਘਾਣ ਕੀਤਾ ਗਿਆ ਹੈ । ਕਹਿਣ ਤੋ ਭਾਵ ਹੈ ਕਿ ਇਨ੍ਹਾਂ ਹੁਕਮਰਾਨਾਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਹਨ । ਇਸ ਲਈ ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਨੂੰ ਸੰਜੀਦਗੀ ਤੇ ਦ੍ਰਿੜਤਾ ਨਾਲ ਅਜਿਹੀਆ ਪੰਜਾਬ ਵਿਰੋਧੀ ਪਾਰਟੀਆ ਵੱਲੋ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਾ ਉਲਝਕੇ ਅਜਿਹੀਆ ਪਾਰਟੀਆ ਨੂੰ ਪੰਜਾਬ ਦੀ ਸਤ੍ਹਾ ਤੋ ਦੂਰ ਰੱਖਣ ਦੀ ਜਿੰਮੇਵਾਰੀ ਨਿਭਾਉਣੀ ਪਵੇਗੀ ਅਤੇ ਪੰਜਾਬ ਹਿਤੈਸੀ, ਸਭ ਵਰਗਾਂ ਨੂੰ ਪਿਆਰ ਮੁਹੱਬਤ ਕਰਨ ਵਾਲੀ ਪੰਥਕ ਤੇ ਪੰਜਾਬੀਅਤ ਪੱਖੀ ਚੇਹਰਿਆ ਨੂੰ ਅੱਗੇ ਲਿਆਕੇ ਪੰਜਾਬ ਦੀ ਹਰ ਪੱਖੋ ਬਿਹਤਰੀ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।