ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੈਰ ਕਾਨੂੰਨੀ ਹਕੂਮਤੀ ਕਤਲਾਂ ਦੀ ਜਿਥੇ ਜੋਰਦਾਰ ਨਿੰਦਾ ਕਰਦਾ ਹੈ, ਉਥੇ ਅਦਾਲਤੀ ਪ੍ਰਕਿਰਿਆ ਪੂਰਨ ਕਰਨ ਦੀ ਮੰਗ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਬੀਤੇ ਸਮੇ ਦੀਆਂ ਪੰਜਾਬ ਦੀਆਂ ਸਰਕਾਰਾਂ ਅਤੇ ਮੌਜੂਦਾ ਸ. ਭਗਵੰਤ ਮਾਨ ਸਰਕਾਰ ਸਮੇ ਵੀ ਵੱਡੀ ਗਿਣਤੀ ਵਿਚ ਇਥੋ ਦੇ ਨਿਵਾਸੀਆ ਨੂੰ ਗੈਗਸਟਰ, ਅੱਤਵਾਦੀ, ਵੱਖਵਾਦੀ, ਗਲਤਅਨਸਰ ਆਦਿ ਨਾਮ ਦੇ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਕਤਲੇਆਮ ਕਰਨ ਦੇ ਹੋ ਰਹੇ ਅਮਲ ਜਿਥੇ ਗੈਰ ਕਾਨੂੰਨੀ, ਗੈਰ ਸਮਾਜਿਕ ਹਨ, ਉਥੇ ਇਹ ਅਮਲ ਮਨੁੱਖਤਾ ਤੇ ਮਨੁੱਖੀ ਨਿਯਮਾਂ ਦਾ ਘਾਣ ਕਰਨ ਤੇ ਤੁੱਲ ਸਰਮਨਾਕ ਕਾਰਵਾਈਆ ਹਨ । ਜਦੋਕਿ ਕਿਸੇ ਵੀ ਨਾਗਰਿਕ ਨੂੰ ਜਦੋ ਸੱਕ ਦੀ ਨਜਰ ਵਿਚ ਜਾਂ ਕਿਸੇ ਵਾਰਦਾਤ ਦੀ ਨਜਰ ਵਿਚ ਪੁਲਿਸ ਵੱਲੋ ਅਮਲ ਕੀਤਾ ਜਾਂਦਾ ਹੈ, ਤਾਂ ਅਜਿਹੇ ਸੱਕੀਆਂ ਜਾਂ ਅਪਰਾਧੀਆ ਨੂੰ ਕਾਨੂੰਨੀ ਪ੍ਰਕਿਰਿਆ ਰਾਹੀ ਗ੍ਰਿਫਤਾਰ ਕਰਕੇ ਜੱਜ ਸਾਹਮਣੇ ਪੇਸ ਕਰਕੇ ਅਗਲੇਰੇ ਕਾਨੂੰਨੀ ਅਮਲ ਹੋਣੇ ਚਾਹੀਦੇ ਹਨ ਨਾ ਕਿ ਤੁਰੰਤ ਝੂਠੇ ਪੁਲਿਸ ਮੁਕਾਬਲੇ ਬਣਾਕੇ ਇਥੋ ਦੇ ਨਾਗਰਿਕਾਂ ਦਾ ਹੁਕਮਰਾਨਾਂ ਵੱਲੋ ਕਤਲੇਆਮ ਕਰਨ ਦੀ ਇਜਾਜਤ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਇਥੋ ਦੇ ਨਾਗਰਿਕਾਂ ਦੇ ਗੈਰ ਕਾਨੂੰਨੀ ਢੰਗਾਂ ਨਾਲ ਗੈਗਸਟਰ, ਅੱਤਵਾਦੀ, ਵੱਖਵਾਦੀ ਗਰਦਾਨਕੇ ਕੀਤੇ ਜਾਣ ਵਾਲੇ ਕਤਲੇਆਮ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਨਿਯਮਾਂ ਦਾ ਘਾਣ ਕਰਨ ਵਾਲੀ ਗੱਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮੰਗ ਕੀਤੀ ਕਿ ਹੁਣ ਤੱਕ ਹੋਈਆ ਗੈਰ ਕਾਨੂੰਨੀ ਮੌਤਾਂ ਦਾ ਜਿ਼ਲ੍ਹਾ ਪੱਧਰ ਦੇ ਸੈਸਨ ਜੱਜਾਂ ਰਾਹੀ ਪੂਰਨ ਨਿਰੀਖਣ ਵਿਚਾਰ ਹੋਣਾ ਚਾਹੀਦਾ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ ।