ਝੂਠ ਤੇ ਅਧਾਰਿਤ ਬਣਾਈ ਗਈ ਰੈਡਕਲਿਫ ਲਾਇਨ ਤੇ ਸੈਟਰ ਸਰਕਾਰ ਵੱਲੋ ਸਿੱਖਾਂ ਨੂੰ ਅਰਦਾਸ ਕਰਨ ਲਈ ਨਹੀ ਰੋਕਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਸਤੰਬਰ ( ) “ਕਿਉਂਕਿ ਸਿੱਖ ਕੌਮ ਦੀ ਗੁਰਮੁੱਖੀ ਪੰਜਾਬੀ ਬੋਲੀ, ਸੱਭਿਅਤਾ, ਵਿਰਸਾ-ਵਿਰਾਸਤ, ਰੀਤੀ-ਰਿਵਾਜ, ਧਾਰਮਿਕ ਰਵਾਇਤਾ ਤੇ ਇਤਿਹਾਸ ਸੋਚ ਦਾ ਸੰਬੰਧ ਅਣਵੰਡੇ ਪੰਜਾਬ ਨਾਲ ਹੈ । ਇਸ ਲਈ ਸਿੱਖਾਂ ਵੱਲੋ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਕੇ ਜਾਰੀ ਕਰਨ ਦੀ ਸੋਚ ਨੂੰ ਲੈਕੇ ਬੀਤੇ ਕੱਲ੍ਹ ਕੀਤੀ ਜਾਣ ਵਾਲੀ ਅਰਦਾਸ ਕਰਨ ਤੋ ਹਿੰਦੂਤਵ ਹੁਕਮਰਾਨਾਂ ਅਤੇ ਬੀ.ਐਸ.ਐਫ ਵੱਲੋ ਰੋਕਣ ਦੇ ਅਮਲ ਅਤਿ ਦੁੱਖਦਾਇਕ ਅਤੇ ਨਿੰਦਣਯੋਗ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਸਿੱਖਾਂ ਤੇ ਸਖਸ਼ੀਅਤਾਂ ਦਾ ਸਵਾਗਤ ਕਰਦੀ ਹੈ ਜੋ ਬਿਨ੍ਹਾਂ ਪਾਸਪੋਰਟ ਅਤੇ ਵੀਜੇ ਤੋ ਰੈਡਕਲਿਫ ਲਾਇਨ ਵਿਖੇ ਗਏ ਹਨ । ਅਸੀ ਉਨ੍ਹਾਂ ਦੇ ਆਪਣੀ ਅਣਖੀਲੀ ਪਹਿਚਾਣ ਅਤੇ ਅਣਵੰਡੇ ਪੰਜਾਬ ਦੇ ਸਾਂਝੇ ਮਕਸਦ ਦੇ ਕੀਤੇ ਗਏ ਉਦਮਾਂ ਦੀ ਪ੍ਰਸੰਸਾ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਅਖੌਤੀ ਰੈਡਕਲਿਫ ਲਾਇਨ ਵਿਖੇ ਇੰਡੀਆ ਅਤੇ ਪੰਜਾਬ ਦੀਆਂ ਫੋਰਸਾਂ ਵੱਲੋ ਸਿੱਖਾਂ ਵੱਲੋ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ ਜਾਣ ਵਾਲੀ ਅਰਦਾਸ ਸਮੇ ਰੋਕਣ ਦੇ ਅਮਲਾਂ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਇਨ੍ਹਾਂ ਨੂੰ ਨਿਸਚਿਤ ਸਥਾਨ ਤੇ ਜਾਣ ਤੋ ਰੋਕਣ ਲਈ ਇਹ ਬਹਾਨਾ ਬਣਾਇਆ ਹੈ ਕਿ ਸਿੱਖ ਕੌਮ ਦੀ ਸੁਰੱਖਿਆ ਦਾ ਮੁੱਦਾ ਹੈ । ਅਸੀ ਇਨ੍ਹਾਂ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨੂੰ ਪੁੱਛਣਾ ਚਾਹਵਾਂਗੇ ਕਿ ਜਦੋ ਅਮਰਨਾਥ ਯਾਤਰਾ ਚੱਲਦੀ ਹੈ ਅਤੇ ਉਥੇ ਵੀ ਇਸ ਤੋ ਵੀ ਵੱਡੀ ਹਿੰਦੂ ਯਾਤਰੀਆ ਦੀ ਸੁਰੱਖਿਆ ਦਾ ਮਾਮਲਾ ਹੈ ਫਿਰ ਉਸ ਯਾਤਰਾ ਨੂੰ ਪ੍ਰਵਾਨਗੀ ਕਿਵੇ ਦਿੱਤੀ ਜਾ ਰਹੀ ਹੈ ? ਇਹ ਤਾਂ ਬਹੁਗਿਣਤੀ ਹੁਕਮਰਾਨਾਂ ਵੱਲੋ ਘੱਟ ਗਿਣਤੀ ਸਿੱਖ ਕੌਮ ਨਾਲ ਵੱਡੀਆ ਜਿਆਦਤੀਆ ਤੇ ਬੇਇਨਸਾਫੀ ਵਾਲੀਆ ਕਾਰਵਾਈਆ ਹਨ ਜੋ ਸਹਿਣ ਯੋਗ ਨਹੀ।