ਜਿਸ ਸਿੱਖ ਕੌਮ ਦੀ ਅੱਧੀ ਸਦੀ ਬਾਦਸਾਹੀ ਰਹੀ ਹੈ, ਉਸ ਕੌਮ ਦੇ ਜਥੇਦਾਰ ਨੂੰ ਦਿੱਲੀ ਜੇਲ੍ਹ ਤੋ ਪੰਜਾਬ ਵਿਚ ਨਾ ਬਦਲਣਾ ਵੱਡੀ ਬੇਇਨਸਾਫੀ : ਮਾਨ
ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ) “ਦਿੱਲੀ ਸਰਕਾਰ ਦਾ ਕੁਝ ਦਿਨ ਪਹਿਲੇ ਇਹ ਬਿਆਨ ਆਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ‘ਸਰਬੱਤ ਖਾਲਸਾ’ ਵੱਲੋ ਬਣਾਏ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ੍ਹ ਤੋ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਨਹੀ ਕੀਤਾ ਜਾਵੇਗਾ, ਇਹ ਤਾਂ ਹੁਕਮਰਾਨ ਤੇ ਹਿੰਦੂਤਵ ਸੋਚ ਵਾਲਿਆ ਵੱਲੋ ਸਰਹੱਦੀ ਇਲਾਕੇ ਵਿਚ ਵੱਸਣ ਵਾਲੀ ਬਹਾਦਰ ਅਤੇ ਜੰਗਜੂ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਅਤੇ ਜ਼ਬਰ ਕਰਨ ਵਾਲੀ ਅਸਹਿ ਕਾਰਵਾਈ ਹੈ । ਜੋ ਸਿੱਖ ਕੌਮ ਦੇ ਮਨ-ਆਤਮਾ ਵਿਚ ਬੀਤੇ ਸਮੇ ਦੇ ਜ਼ਬਰ ਅਤੇ ਬੇਇਨਸਾਫ਼ੀਆਂ ਦੀ ਬਦੌਲਤ ਉੱਠੇ ਰੋਹ ਨੂੰ ਹੋਰ ਤਿੱਖਾ ਕਰਨ ਵਾਲੇ ਭੜਕਾਊ ਅਮਲ ਹਨ । ਜਿਸਦੇ ਨਤੀਜੇ ਕਦਾਚਿਤ ਅੱਛੇ ਨਹੀ ਨਿਕਲਣਗੇ । ਬਲਕਿ ਅਜਿਹੀਆ ਕਾਰਵਾਈਆ ਤਾਂ ਸਿੱਖ ਕੌਮ ਤੇ ਹਿੰਦੂਤਵ ਹੁਕਮਰਾਨਾਂ ਵਿਚਕਾਰ ਨਫਰਤ ਨੂੰ ਪੀਕ ਤੇ ਲੈ ਜਾਣਗੀਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਸਰਕਾਰ ਤੇ ਸੈਟਰ ਦੇ ਹੁਕਮਰਾਨਾਂ ਵੱਲੋ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਬੰਦੀ ਤਿਹਾੜ ਜੇਲ੍ਹ ਦਿੱਤੀ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਨਾ ਕਰਨ ਦੀ ਕੀਤੀ ਗਈ ਗੱਲ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਅਜਿਹੇ ਅਮਲ ਨੂੰ ਸਿੱਖ ਕੌਮ ਤੇ ਹਿੰਦੂਤਵ ਹੁਕਮਰਾਨਾਂ ਵਿਚ ਨਫਰਤ ਨੂੰ ਟੀਸੀ ਤੇ ਪਹੁੰਚਾਉਣ ਦੀਆਂ ਕਾਰਵਾਈਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਰਾਜ ਭਾਗ, ਲੇਹ-ਲਦਾਖ, ਜੰਮੂ-ਕਸਮੀਰ, ਸ੍ਰੀਨਗਰ, ਅਫਗਾਨੀਸਤਾਨ ਤੱਕ ਰਾਜ ਭਾਗ ਰਿਹਾ ਹੈ । ਜਿਸਦੇ ਖੁਸਹਾਲ ਰਾਜ ਭਾਗ ਦੇ ਫ਼ੌਜ ਦੇ ਸਹੀ ਢੰਗ ਨਾਲ ਰੱਖ ਰਖਾਓ, ਵੱਡੇ ਤੋ ਵੱਡੇ ਦੁਸਮਣ ਨੂੰ ਮਾਤ ਦੇਣ, ਹਰ ਵਰਗ ਨੂੰ ਇਨਸਾਫ ਦੇਣ, ਦੀ ਬਦੌਲਤ ਦੁਨੀਆ ਵਿਚ ਅੱਜ ਵੀ ਸਾਡੀ ਸਿੱਖ ਬਾਦਸਾਹੀ ਵਾਲੇ ਰਾਜ ਪ੍ਰਬੰਧ ਨੂੰ ਸਤਿਕਾਰਿਤ ਨਜਰਾਂ ਨਾਲ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਜਦੋ ਇੰਡੀਆ ਕੋਲ ਅੱਜ ਤੱਕ ਆਪਣੇ ਪੁਰਾਣੇ ਹਥਿਆਰ ਤੇ ਫੌਜੀ ਉਪਕਰਨ ਹਨ, ਜਿਵੇ ਸਟੈਲਥ ਲੜਾਕੂ ਜਹਾਜ, ਟੈਕ, ਰਫਲਾਂ ਵਿਦੇਸ਼ਾਂ ਤੋ ਮੰਗਵਾ ਰਹੇ ਹਨ । ਅੱਜ ਤੱਕ ਇਹ ਹਥਿਆਰ ਆਪ ਨਹੀ ਬਣਾ ਸਕੇ । ਜਦੋ ਭਵਿੱਖ ਵਿਚ ਸਿੱਖ ਕੌਮ ਦੀ ਉਸਨੂੰ ਲੋੜ ਮਹਿਸੂਸ ਹੋਵੇਗੀ ਫਿਰ ਉਹ ਕੀ ਕਰਨਗੇ । ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਆਰਮੀ, ਨੇਵੀ ਵਿਚ ਸਿੱਖ ਜਰਨੈਲਾਂ ਤੇ ਅਫਸਰਾਂ ਨੂੰ ਤਾਇਨਾਤ ਨਾ ਕਰਨ ਦੇ ਅਮਲ ਵੀ ਨਫਰਤ ਭਰੇ ਹਨ । ਉਨ੍ਹਾਂ ਕਿਹਾ ਹਾਈਕੋਰਟਾਂ ਦੇ ਮੁੱਖ ਜੱਜ, ਬਾਹਰਲੇ ਮੁਲਕਾਂ ਦੇ ਸਫੀਰ, ਇਸ ਤੋ ਇਲਾਵਾ ਗ੍ਰਹਿ, ਵਿੱਤ, ਰੱਖਿਆ, ਵਿਦੇਸ਼ ਵਿਭਾਗਾਂ ਨੂੰ ਪੁਰਾਤਨ ਰਵਾਇਤ ਅਨੁਸਾਰ ਸਿੱਖਾਂ ਨੂੰ ਨਾ ਦੇਣਾ ਵੀ ਵੱਡੀ ਬੇਇਨਸਾਫੀ ਹੈ । ਵਿਦਿਅਕ ਅਤੇ ਤਕਨੀਕੀ ਸੰਸਥਾਵਾਂ ਵਿਚ ਵੀ ਕਿਸੇ ਸਿੱਖ ਨੂੰ ਮੁੱਖ ਅਹੁਦਾ ਨਹੀ ਦਿੱਤਾ ਜਾ ਰਿਹਾ । ਉਸ ਕੌਮ ਦੇ ਜਥੇਦਾਰ ਨੂੰ ਤਬਦੀਲ ਨਾ ਕਰਕੇ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਦੀ ਦੁੱਖਦਾਇਕ ਕਾਰਵਾਈ ਹੋ ਰਹੀ ਹੈ । ਜੇਕਰ ਸੈਟਰ ਅਤੇ ਦਿੱਲੀ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਇਸ ਗੰਭੀਰ ਵਿਸੇ ਉਤੇ ਨਜਰਅੰਦਾਜ ਕਰਨ ਦੀ ਕੋਸਿਸ ਕੀਤੀ ਤਾਂ ਸਿੱਖ ਕੌਮ ਵੱਲੋ ਆਪਣੇ ਆਜਾਦੀ ਦੇ ਸੰਘਰਸ ਨੂੰ ਨਵੀ ਲੀਹ ਦੇਣ ਤੋ ਇਲਾਵਾ ਕੋਈ ਰਾਹ ਨਹੀ ਰਹੇਗਾ । ਇਸ ਲਈ ਬਿਹਤਰ ਹੋਵੇਗਾ ਕਿ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਕੀਤੀਆ ਜਾ ਰਹੀਆ ਬੇਇਨਸਾਫ਼ੀਆ ਤੋ ਤੋਬਾ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜਥੇਦਾਰ ਨੂੰ ਫੌਰੀ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੇ ਹੁਕਮ ਦੇ ਨਾਲ-ਨਾਲ ਘੱਟੋ ਘੱਟ ਇਕ ਮਹੀਨੇ ਦੀ ਪੈਰੋਲ ਦਿੱਤੀ ਜਾਵੇ । ਤਾਂ ਜੋ ਉਹ ਆਪਣੇ ਬਜੁਰਗ ਅਤੇ ਬਿਮਾਰ ਮਾਤਾ ਦੇ ਦਰਸ਼ਨ ਕਰ ਸਕਣ ਅਤੇ ਉਨ੍ਹਾਂ ਕੋਲ ਕੁਝ ਸਮਾਂ ਬਿਤਾਕੇ ਆਪਣੇ ਆਪ ਤੇ ਆਪਣੀ ਮਾਤਾ ਨੂੰ ਸਕੂਨ ਦੇ ਸਕਣ ।