ਹੁਸਿਆਰਪੁਰ ਜਿ਼ਲ੍ਹੇ ਦੇ ਬਾੜੀਆ ਪਿੰਡ ਵਿਖੇ ਡਾ. ਅੰਬੇਦਕਰ ਦੇ ਬੁੱਤ ਨੂੰ ਤੋੜਕੇ ਅਪਮਾਨ ਕਰਨ ਵਾਲੇ ਪੰਜਾਬ ਦੇ ਅਮਨ ਦੇ ਦੁਸ਼ਮਣ : ਮਾਨ
ਫ਼ਤਹਿਗੜ੍ਹ ਸਾਹਿਬ, 16 ਸਤੰਬਰ ( ) “ਡਾ. ਬੀ.ਆਰ. ਅੰਬੇਦਕਰ ਨੇ ਆਪਣੇ ਜੀਵਨ ਕਾਲ ਦੌਰਾਨ ਸਮਾਜ ਦੇ ਲਤਾੜੇ ਵਰਗਾਂ, ਮਜਲੂਮਾਂ ਅਤੇ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ ਹੱਕ ਹਕੂਕਾ ਦੀ ਰੱਖਿਆ ਲਈ ਕੇਵਲ ਦ੍ਰਿੜਤਾ ਪੂਰਵਕ ਸੰਘਰਸ ਹੀ ਨਹੀ ਕੀਤਾ, ਬਲਕਿ ਇਨ੍ਹਾਂ ਵਰਗਾਂ ਦੇ ਹਰ ਖੇਤਰ ਵਿਚ ਸੁਰੱਖਿਆ ਤੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਇੰਡੀਅਨ ਵਿਧਾਨ ਬਣਾਉਦੇ ਹੋਏ ਕਾਨੂੰਨੀ ਤੌਰ ਤੇ ਵੀ ਮਹਿਫੂਜ ਕੀਤਾ । ਉਹ ਬਹੁਗਿਣਤੀ ਮੁਕਾਰਤਾ ਨਾਲ ਭਰੇ ਬ੍ਰਾਹਮਣਵਾਦ ਦੇ ਸਖਤ ਵਿਰੁੱਧ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਮੁਤੱਸਵੀ ਸੋਚ ਵਾਲਿਆ ਦੇ ਕੱਟੜਵਾਦੀ ਪ੍ਰੋਗਰਾਮਾਂ ਤੇ ਸੋਚ ਨੂੰ ਕਦੀ ਵੀ ਪ੍ਰਵਾਨ ਨਹੀ ਕੀਤਾ । ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਉਤੇ ਪਹਿਰਾ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਜਾਤ-ਪਾਤ, ਊਚ-ਨੀਚ ਦੇ ਸਮਾਜਿਕ ਵਿਤਕਰੇ ਵਿਰੁੱਧ ਵੀ ਹਮੇਸ਼ਾਂ ਸਟੈਂਡ ਲੈਦੇ ਰਹੇ ਅਤੇ ਘੱਟ ਗਿਣਤੀ ਕੌਮਾਂ ਤੇ ਵਰਗਾਂ ਦੀ ਰੱਖਿਆ ਕਰਨ ਦੇ ਫਰਜ ਪੂਰੇ ਕਰਦੇ ਰਹੇ । ਫਿਰ ਅਜਿਹੇ ਇਨਸਾਨ ਦੇ ਪੰਜਾਬ ਵਿਚ ਲੱਗੇ ਹੋਏ ਬੁੱਤਾਂ ਨੂੰ ਤੋੜਕੇ ਅਪਮਾਨ ਕਰਦੇ ਹੋਏ ਦਲਿਤ ਵਰਗਾਂ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਪੰਜਾਬ ਸੂਬੇ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਜਿਥੇ ਅਸੀ ਅਜਿਹੀਆ ਕਾਰਵਾਈਆ ਦੀ ਘੋਰ ਨਿੰਦਾ ਕਰਦੇ ਹਾਂ । ਉਥੇ ਅਜਿਹੀ ਘਿਣੋਨੀ ਕਾਰਵਾਈ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਕਰਨ ਦੀ ਵੀ ਮੰਗ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਸਿਆਰਪੁਰ ਜਿ਼ਲ੍ਹੇ ਦੇ ਸਬ-ਡਿਵੀਜਨ ਮਹਿਲਪੁਰ ਦੇ ਲਾਗੇ ਪਿੰਡ ਬਾੜੀਆ ਵਿਖੇ ਡਾ. ਅੰਬੇਦਕਰ ਦੇ ਬੁੱਤ ਨੂੰ ਤੋੜਨ ਦੇ ਅਪਮਾਨਜਨਕ ਅਮਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਦੋਸ਼ੀਆਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸਖਸੀਅਤ ਨੇ ਇਨਸਾਨੀਅਤ, ਮਨੁੱਖਤਾ ਅਤੇ ਅੱਛੇ ਸਮਾਜ ਦੀ ਚਾਹਨਾ ਕਰਦੇ ਹੋਏ ਆਪਣੇ ਜੀਵਨਕਾਲ ਦੌਰਾਨ ਉਦਮ ਕੀਤੇ ਹੋਣ ਅਤੇ ਜਿਸ ਨੇ ਸੰਵਿਧਾਨ ਵਿਚ ਵੀ ਅਜਿਹੇ ਵਰਗਾਂ ਦੇ ਹੱਕ ਹਕੂਕਾ ਦੀ ਸੁਰੱਖਿਆ ਲਈ ਕਾਨੂੰਨੀ ਹਿਫਾਜਤ ਕੀਤੀ ਹੈ, ਅਜਿਹੀ ਸਖਸ਼ੀਅਤ ਦੇ ਬੁੱਤ ਤੋੜਨੇ ਜਾਂ ਅਪਮਾਨ ਕਰਨਾ ਕਿਸੇ ਨੂੰ ਵੀ ਸੋਭਾ ਨਹੀ ਦਿੰਦਾ । ਫਿਰ ਸਾਡੇ ਨਾਲ ਤਾਂ ਸਾਡੀ ਕੌਮੀ ਸੋਚ ਅਨੁਸਾਰ ਉਨ੍ਹਾਂ ਦੇ ਵਿਚਾਰ ਤੇ ਅਮਲ ਹਰ ਤਰ੍ਹਾਂ ਮੇਲ ਖਾਂਦੇ ਹਨ । ਪੰਜਾਬੀਆਂ ਤੇ ਸਿੱਖਾਂ ਵਿਚ ਅਜਿਹੇ ਇਨਸਾਨ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਵਿਰੋਧੀ ਭਾਸਾ ਵਾਲੀ ਗੱਲ ਨਹੀ ਹੋਣੀ ਚਾਹੀਦੀ ।