ਪੰਜਾਬ ਯੂਨੀਵਰਸਿਟੀ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨੂੰ ਖਤਮ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਕੇ ਸਿੱਖ ਬੁੱਧੀਜੀਵੀ ਅਗਲੇਰਾ ਅਮਲ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਬਹੁਤ ਹੀ ਸੂਖਮ ਤੇ ਡੂੰਘੀ ਸਾਜਿਸ ਤਹਿਤ ਐਨ.ਸੀ.ਈ.ਆਰ.ਟੀ ਜਾਂ ਪੰਜਾਬ ਯੂਨੀਵਰਸਿਟੀ ਦੇ ਫਿਰਕੂ ਸੋਚ ਵਾਲੇ ਪ੍ਰਬੰਧਕ ਸਾਡੇ ਵਿਦਿਆਰਥੀਆ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਫਖਰ ਵਾਲੇ ਇਤਿਹਾਸ ਤੋ ਵਾਂਝੇ ਰੱਖਣ ਹਿੱਤ ਹੀ ਸੈਂਟਰ ਪੱਧਰ ਉਤੇ ਅਜਿਹੇ ਅਮਲ ਕਰ ਰਹੇ ਹਨ। ਜਦੋਕਿ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਆਦਿ ਵਿਦਿਆ-ਤਾਲੀਮ ਪ੍ਰਦਾਨ ਕਰਨ ਵਾਲੇ ਸੋਮਿਆ ਵਿਚ ਜੇਕਰ ਸਿੱਖ ਤੇ ਪੰਜਾਬ ਦੇ ਇਤਿਹਾਸ ਨੂੰ ਖਤਮ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ ਤਾਂ ਇਹ ਕੋਈ ਅਣਭੋਲ ਪਣੇ ਵਿਚ ਗਲਤੀ ਨਹੀ ਬਲਕਿ ਸੂਬੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੀ ਡੂੰਘੀ ਸਾਜਿਸ ਦੀ ਕੜੀ ਦਾ ਹਿੱਸਾ ਹਨ । ਤਾਂ ਕਿ ਆਉਣ ਵਾਲੇ ਸਮੇ ਵਿਚ ਉਪਰੋਕਤ ਯੂਨੀਵਰਸਿਟੀਆ ਤੇ ਇਨ੍ਹਾਂ ਨਾਲ ਸੰਬੰਧਤ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਤੇ ਵਿਦਿਆਰਥਣਾ ਆਪਣੀ ਜਨਮਭੂਮੀ ਪੰਜਾਬ ਤੇ ਸਿੱਖ ਕੌਮ ਦੇ ਇਤਿਹਾਸ ਤੋ ਦੂਰ ਕਰਕੇ ਇਥੇ ਕੱਟੜਵਾਦੀ ਹਿੰਦੂ ਸੋਚ ਨੂੰ ਮਜਬੂਤ ਕੀਤਾ ਜਾ ਸਕੇ । ਜਦੋ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਅਜਿਹੇ ਅਮਲ ਹੋ ਰਹੇ ਹਨ ਤਾਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੇ ਇਤਿਹਾਸ ਨਾਲ ਪਿਆਰ ਕਰਨ ਵਾਲੇ ਸਮੁੱਚੇ ਲਿਆਕਤਮੰਦ, ਬੁੱਧੀਜੀਵੀ, ਸਿੱਖ ਫਿਲਾਸਫਰ ਅਤੇ ਲੇਖਕ ਇਸ ਵਾਪਰ ਰਹੀ ਘਟਨਾ ਵਿਰੁੱਧ ਦ੍ਰਿੜਤਾ ਨਾਲ ਸਟੈਡ ਲੈਕੇ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਅਸਫਲ ਬਣਾਉਣ ਲਈ ਆਪਣੀਆ ਜਿੰਮੇਵਾਰੀਆ ਨਿਭਾਉਣ ਤਾਂ ਕਿ ਅਸੀ ਆਪਣੇ ਪੰਜਾਬੀ ਤੇ ਕੌਮੀ ਇਤਿਹਾਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਫਰਜ ਵੀ ਅਦਾ ਕਰਦੇ ਰਹੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਰਤਾ-ਧਰਤਿਆ ਵੱਲੋ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਦੇ ਗੁਪਤ ਦਿਸ਼ਾ ਨਿਰਦੇਸ਼ਾਂ ਉਤੇ ਇਸ ਵੱਡੇ ਵਿਦਿਅਕ ਅਦਾਰੇ ਵਿਚੋ ਸਿੱਖ ਅਤੇ ਪੰਜਾਬ ਦੇ ਇਤਿਹਾਸ ਨੂੰ ਇਕ ਡੂੰਘੀ ਸਾਜਿਸ ਤਹਿਤ ਮਨਫੀ ਕਰਨ ਦੀਆਂ ਦੁੱਖਦਾਇਕ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਅਤੇ ਸੰਬੰਧਤ ਅਧਿਕਾਰੀਆ ਤੇ ਜਿੰਮੇਵਾਰ ਸੱਜਣਾਂ ਨੂੰ ਇਕ ਕੀਤੇ ਜਾ ਰਹੇ ਸਿੱਖ ਕੌਮ ਵਿਰੋਧੀ ਅਮਲ ਲਈ ਖਬਰਦਾਰ ਕਰਦੇ ਹੋਏ ਅਤੇ ਬੁੱਧੀਜੀਵੀਆ ਨੂੰ ਇਸ ਉਤੇ ਸਮੂਹਿਕ ਤੌਰ ਤੇ ਸੰਘਰਸ ਕਰਨ ਦਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਤੇ ਪੰਜਾਬ ਦੀ ਸਰਕਾਰ ਵੀ ਇਨ੍ਹਾਂ ਅਮਲਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ । ਇਹ ਅਮਲ ਕੇਵਲ ਪੰਜਾਬ ਯੂਨੀਵਰਸਿਟੀ ਵਿਚ ਹੀ ਨਹੀ ਬਲਕਿ ਐਨ.ਸੀ.ਈ.ਆਰ.ਟੀ. ਜੋ ਸਮੁੱਚੇ ਮੁਲਕ ਦੇ ਵਿਦਿਅਕ ਅਦਾਰਿਆ ਦੇ ਸਿਲੇਬਸ ਤਹਿ ਕਰਦੀ ਹੈ, ਉਸ ਸੰਸਥਾਂ ਵੱਲੋ ਬੀਤੇ ਸਮੇ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਇਤਿਹਾਸ ਬਾਰੇ ਕਿਤਾਬਾਂ ਵਿਚ ਗੁੰਮਰਾਹਕੁੰਨ ਵਿਚਾਰ ਦਰਜ ਕਰਕੇ ਸਾਡੇ ਮਹਾਨ ਇਤਿਹਾਸ ਨੂੰ ਨੁਕਸਾਨ ਪਹੁੰਚਾਉਣ ਦੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਵੀ ਸਿੱਖਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਅਜਿਹੇ ਅਮਲ ਹੁਕਮਰਾਨਾਂ ਦੇ ਦਿਸ਼ਾ ਨਿਰਦੇਸ ਤੋ ਬਿਨ੍ਹਾਂ ਨਹੀ ਹੋ ਸਕਦੇ । ਉਨ੍ਹਾਂ ਕਿਹਾ ਕਿ ਸੈਟਰ ਵਿਚ ਸਰਕਾਰ ਕਿਸੇ ਦੀ ਵੀ ਹੋਵੇ ਇਨ੍ਹਾਂ ਦੀਆਂ ਖੂਫੀਆ ਏਜੰਸੀਆ ਅਕਸਰ ਹੀ ਪੰਜਾਬ ਤੇ ਸਿੱਖ ਕੌਮ ਦੇ ਵੱਡਮੁੱਲੇ ਸਿਧਾਂਤ, ਸੋਚ, ਮਰਿਯਾਦਾਵਾ ਨੂੰ ਸੱਟ ਮਾਰਨ ਲਈ ਸਮੇ-ਸਮੇ ਤੇ ਛੁੱਪਕੇ ਹੀ ਅਜਿਹੇ ਅਮਲ ਕਰਦੇ ਰਹਿੰਦੇ ਹਨ । ਤਾਂ ਕਿ ਇਤਿਹਾਸ ਬਾਰੇ ਬੱਚਿਆਂ ਨੂੰ ਭੁਲੇਖਾ ਪਾਇਆ ਜਾ ਸਕੇ ਅਤੇ ਸਾਡੇ ਫਖਰ ਵਾਲੇ ਇਤਿਹਾਸ ਨੂੰ ਖਤਮ ਕੀਤਾ ਜਾ ਸਕੇ । ਇਸ ਲਈ ਸਭ ਪ੍ਰੌਫੈਸਰ, ਡਾਕਟਰ, ਬੁੱਧੀਜੀਵੀ, ਚਿੰਤਕ ਸਿੱਖ ਸੱਜਣ ਹੀ ਇਸ ਗੰਭੀਰ ਵਿਸੇ ਉਤੇ ਨਜਰ ਨਾ ਰੱਖਣ, ਬਲਕਿ ਵਿਦਿਆਰਥੀ ਵਰਗ ਵੀ ਸੁਚੇਤ ਰਹੇ । ਸ. ਮਾਨ ਨੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋ ਇਸ ਵਿਸੇ ਉਤੇ ਖੁੱਲ੍ਹੀ ਜਾਣਕਾਰੀ ਦੇਣ ਦੀ ਨਿਭਾਈ ਜਿੰਮੇਵਾਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸੱਥ ਨੂੰ ਪੰਜਾਬ ਦੇ ਸਮੁੱਚੇ ਕਾਲਜਾਂ, ਯੂਨੀਵਰਸਿਟੀਆਂ ਵਿਚ ਆਪਣੇ ਯੂਨਿਟ ਕਾਇਮ ਕਰਦੇ ਹੋਏ ਜਿਥੇ ਤਾਲੀਮ ਹਾਸਿਲ ਕਰਨੀ ਹੈ, ਸੂਬੇ ਅਤੇ ਕੌਮ ਪ੍ਰਤੀ ਵੀ ਇਸੇ ਤਰ੍ਹਾਂ ਜਿੰਮੇਵਾਰੀਆ ਨਿਭਾਉਦੇ ਰਹਿਣ ।
ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਵਿਦਿਆਰਥੀਆ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਸਭ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਅਤੇ ਹੋਰ ਸੰਸਥਾਵਾਂ ਵਿਚ ਦਖਲ ਦੇ ਕੇ ਸਾਡੇ ਨਿਵੇਕਲੇ ਅਤੇ ਆਜਾਦ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਦੇ ਮਨਸੂਬੇ ਘੜ ਰਹੀਆ ਹਨ । ਇਸੇ ਸੋਚ ਤੇ ਬੀਤੇ 15 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਟ ਦੀ ਚੋਣ ਨਹੀ ਕਰਵਾਈ ਜਾ ਰਹੀ । ਅਸੀ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜਾ ਵਿਖੇ ਇਸ ਵਿਰੁੱਧ ਜਮਹੂਰੀਅਤ ਢੰਗ ਨਾਲ ਰੋਸ ਸੰਮੇਲਨ ਕਰ ਰਹੇ ਹਾਂ । ਜਿਸ ਵਿਚ ਸਭ ਵਰਗ ਆਪਣਾ ਇਖਲਾਕੀ ਫਰਜ ਸਮਝਕੇ ਸਮੂਲੀਅਤ ਕਰਨ ।