ਜਦੋਂ ਅਮਰੀਕਾ ਜਾਂ ਕੈਨੇਡਾ ਵਿਚ ਬਹੁਗਿਣਤੀ ਵਸੋਂ ਬਾਹਰੋ ਆ ਕੇ ਵੱਸੇ ਨੇ, ਫਿਰ ਇਕ ਦੂਸਰੇ ਨੂੰ ਨਫਰਤ ਦੀ ਨਜਰ ਨਾਲ ਕਿਉਂ ਦੇਖਿਆ ਜਾ ਰਿਹਾ ? : ਮਾਨ
ਫ਼ਤਹਿਗੜ੍ਹ ਸਾਹਿਬ, 12 ਸਤੰਬਰ ( ) “ਸਿੱਖ ਤਾਂ ਆਪਣੇ ਹੋਰ ਦੁਨਿਆਵੀ ਅਤੇ ਸਮਾਜਿਕ ਜਿੰਮੇਵਾਰੀਆ ਦੇ ਨਾਲ-ਨਾਲ ਡਰਾਇਵਰੀ ਦੀ ਮੁਹਾਰਤ ਵਿਚ ਵੀ ਪ੍ਰਮੁੱਖ ਮੰਨੇ ਜਾਂਦੇ ਹਨ । ਜਦੋ ਵੀ ਸਿੱਖ ਕਿਸੇ ਮੁਲਕ ਵਿਚ ਜਾ ਕੇ ਵੱਸਦੇ ਹਨ, ਤਾਂ ਉਹ ਆਪਣੇ ਵੱਲੋ ਮਿਹਨਤ ਕਰਕੇ ਕੀਤੀ ਗਈ ਕਮਾਈ ਦੇ ਪੈਸੇ ਜਮ੍ਹਾ ਨਹੀ ਕਰਦੇ । ਬਲਕਿ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਚੰਗੇ ਘਰ ਬਣਾਉਣ ਅਤੇ ਆਪਣੀ ਸਹੂਲਤ ਲਈ ਮਰਸਡੀਜ ਕਾਰਾਂ ਖਰੀਦਣ ਤੇ ਖਰਚ ਕਰਦੇ ਹਨ । ਜਿਥੇ ਵੀ ਜਾ ਕੇ ਵੱਸਦੇ ਹਨ, ਉਸ ਮੁਲਕ ਦੀ ਮਾਲੀ ਹਾਲਤ ਅਤੇ ਜੀਡੀਪੀ ਵਿਚ ਢੇਰ ਸਾਰਾ ਵਾਧਾ ਕਰਨ ਵਿਚ ਯੋਗਦਾਨ ਪਾਉਦੇ ਹਨ । ਸਿੱਖ ਡਰਾਇਵਰਾਂ ਪ੍ਰਤੀ ਅਮਰੀਕਾ ਦੇ ਪ੍ਰੈਜੀਡੈਟ ਟਰੰਪ ਵੱਲੋ ਅਜਿਹੀ ਹੀਣ ਭਾਵਨਾ ਵਾਲੀ ਗੱਲ ਕਰਨੀ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀ । ਕਿਉਂਕਿ ਸਿੱਖ ਡਰਾਇਵਰ ਤਾਂ ਪਹਾੜੀ, ਰੇਤਲੇ, ਜੰਗਲੀ, ਵਿੰਗੇ ਟੇਡੇ ਔਖੇ ਰਸਤਿਆ ਵਿਚ ਵੀ ਸਹੀ ਡਰਾਇਵਰੀ ਕਰਨ ਦੀ ਵੱਡੀ ਮੁਹਾਰਤ ਰੱਖਦੇ ਹਨ ਅਤੇ ਵੱਡੇ ਤੋ ਵੱਡਾ ਰਿਸਕ ਲੈਣ ਤੋ ਵੀ ਨਹੀ ਝਿਜਕਦੇ । ਫਿਰ ਸਿੱਖ ਡਰਾਇਵਰਾਂ ਪ੍ਰਤੀ ਅਜਿਹੀ ਮਾੜੀ ਸੋਚ ਰੱਖਣਾ ਤਾਂ ਉਨ੍ਹਾਂ ਦੀ ਮਿਹਨਤ ਵਾਲੀ ਜਿੰਦਗੀ ਨਾਲ ਬੇਇਨਸਾਫ਼ੀ ਕਰਨ ਵਾਲੇ ਦੁੱਖਦਾਇਕ ਅਮਲ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਉਪਰੋਕਤ ਅਮਰੀਕਾ ਜਾਂ ਕੈਨੇਡਾ ਵਿਚ ਕੁਲ ਵਸੋ ਦਾ ਵੱਡਾ ਹਿੱਸਾ ਤਾਂ ਬਾਹਰੋ ਆ ਕੇ ਵੱਸਿਆ ਹੋਇਆ ਹੈ । ਇਥੇ ਦੇ ਮੂਲ ਨਿਵਾਸੀ ਰੈਡ ਇੰਡੀਅਨਜ ਤੇ ਐਸਕੀਮੋ ਹੀ ਦੋ ਵਰਗ ਸਨ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ । ਫਿਰ ਅਮਰੀਕਨ ਪ੍ਰੈਜੀਡੈਟ ਵੱਲੋ ਆਪਣੇ ਆਪ ਨੂੰ ਉੱਚਾ ਸਮਝਣਾ ਤਾਂ ਹਊਮੈ-ਹੰਕਾਰ ਵਾਲੀ ਕਾਰਵਾਈ ਹੈ । ਇਸ ਲਈ ਇਸ ਵਿਸੇ ਤੇ ਹੋਮਲੈਡ ਸਕਿਊਰਟੀ ਨੂੰ ਕਿਸੇ ਤਰ੍ਹਾਂ ਦਾ ਹੰਕਾਰ ਨਹੀ ਕਰਨਾ ਚਾਹੀਦਾ ਅਤੇ ਆਪਣੀ ਪੀੜ੍ਹੀ ਥੱਲ੍ਹੇ ਵੀ ਸੋਟਾ ਫੇਰਨਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਵੱਲੋ, ‘ਸਰਬੱਤ ਦਾ ਭਲਾ’ ਲੋੜਨ ਵਾਲੀ, ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਵੱਡੇ ਸੰਕਟ ਸਮੇ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਪੀੜ੍ਹਤਾਂ ਦੀ ਮਦਦ ਕਰਨ ਵਾਲੀ ਸਿੱਖ ਕੌਮ ਨਾਲ ਸੰਬੰਧਤ ਡਰਾਈਵਰਾਂ ਸੰਬੰਧੀ ਪ੍ਰਗਟਾਏ ਗਏ ਨਫਰਤ ਭਰੇ ਵਿਚਾਰਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਵੱਲੋ ਸਿੱਖ ਡਰਾਈਵਰਾਂ ਪ੍ਰਤੀ ਪ੍ਰਗਟਾਈ ਸਮਾਜ ਵਿਰੋਧੀ ਭਾਵਨਾ ਉਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਅਮਰੀਕਾ ਤੇ ਕੈਨੇਡਾ ਵਰਗੇ ਵੱਡੇ ਮੁਲਕਾਂ ਵਿਚ ਸਿੱਖਾਂ ਨੇ ਜਾ ਕੇ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਉਦੇ ਹੋਏ ਇਨ੍ਹਾਂ ਮੁਲਕਾਂ ਦੀ ਮਾਲੀ ਹਾਲਤ ਅਤੇ ਜੀਡੀਪੀ ਵਧਾਈ ਹੈ ਅਤੇ ਉਨ੍ਹਾਂ ਮੁਲਕਾਂ ਦੇ ਕਾਨੂੰਨਾਂ ਤੇ ਨਿਯਮਾਂ ਦਾ ਸਹੀ ਦਿਸ਼ਾ ਵਿਚ ਪਾਲਣ ਕਰਦੇ ਹੋਏ ਅੱਛੇ ਸਹਿਰੀ ਹੋਣ ਦੇ ਵੀ ਪ੍ਰਤੱਖ ਸਬੂਤ ਦਿੱਤੇ ਹਨ ਅਤੇ ਸਿੱਖਾਂ ਦੀ ਬਹਾਦਰੀ ਦੇ ਅਗਾਹਵਾਧੂ ਅਮਲਾਂ ਦਾ ਜਦੋ ਸਮੁੱਚੀ ਦੁਨੀਆ ਵਿਚ ਡੰਕਾ ਵੱਜ ਰਿਹਾ ਹੈ, ਅਜਿਹੇ ਸਮੇ ਵੀ ਅਮਰੀਕਨ ਪ੍ਰੈਜੀਡੈਟ ਵੱਲੋ ਸਿੱਖ ਕੌਮ ਪ੍ਰਤੀ ਨਾਂਹਵਾਚਕ ਵਿਚਾਰ ਪ੍ਰਗਟ ਕਰਨ ਦੇ ਅਮਲਾਂ ਨੂੰ ਕਦਾਚਿਤ ਵਾਜਿਬ ਨਹੀ ਕਿਹਾ ਜਾ ਸਕਦਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਟਰੰਪ ਜਾਂ ਹੋਰ ਕਿਸੇ ਮੁਲਕ ਦੇ ਹੁਕਮਰਾਨ ਸਿੱਖਾਂ ਪ੍ਰਤੀ ਕਤਈ ਵੀ ਅਜਿਹੀ ਭਾਵਨਾ ਨਹੀ ਰੱਖਣਗੇ । ਬਲਕਿ ਜਿਨ੍ਹਾਂ ਨੇ ਹਰ ਔਖੀ ਤੋ ਔਖੀ ਘੜੀ ਵਿਚ ਆਪਣੇ ਮੁਲਕ ਵਿਚ ਵੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਇਨਸਾਨੀ, ਸਮਾਜਿਕ ਅਤੇ ਮਨੁੱਖਤਾ ਪੱਖੀ ਜਿੰਮੇਵਾਰੀਆ ਨੂੰ ਪੂਰਨ ਕਰਨ ਦੇ ਫਰਜ ਨਿਭਾਏ ਹਨ, ਉਨ੍ਹਾਂ ਸੰਬੰਧੀ ਇਹ ਹੁਕਮਰਾਨ ਆਪਣਾ ਬਣਾਇਆ ਮੰਦਭਾਵਨਾ ਭਰਿਆ ਨਜਰੀਆ ਜਲਦੀ ਹੀ ਤਬਦੀਲ ਵੀ ਕਰਨਗੇ ਅਤੇ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਨੂੰ ਪਹਿਲੇ ਨਾਲੋ ਵੀ ਵੱਡਾ ਸਤਿਕਾਰ ਮਾਣ ਪ੍ਰਦਾਨ ਕਰਨਾ ਆਪਣਾ ਇਨਸਾਨੀ ਫਰਜ ਸਮਝਣਗੇ ।