ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਉਤੇ ਸਮੁੱਚੀ ਮਨੁੱਖਤਾ ਅਤੇ ਖਾਲਸਾ ਪੰਥ ਨੂੰ ਹਾਰਦਿਕ ਮੁਬਾਰਕਬਾਦ : ਮਾਨ
ਫ਼ਤਹਿਗੜ੍ਹ ਸਾਹਿਬ, 11 ਸਤੰਬਰ ( ) “10 ਗੁਰੂ ਸਾਹਿਬਾਨ ਜੀ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 622ਵੇਂ ਪ੍ਰਕਾਸ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਜਿਥੇ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਭੇਜਦੀ ਹੈ, ਉਥੇ ਜਦੋ ਅਜੋਕੇ ਸਮੇ ਵਿਚ ਮਨੁੱਖਤਾ, ਦੁਨਿਆਵੀ, ਪਦਾਰਥਵਾਦੀ, ਮਾਲੀ, ਨਿੱਜੀ ਮੁਫਾਦਾਂ ਵਿਚ ਵੱਡੀ ਗਿਣਤੀ ਵਿਚ ਗ੍ਰਸਤ ਹੋਣ ਤੇ ਸਮਾਜ ਵਿਚ ਹਰ ਤਰਫ ਬੇਚੈਨੀ, ਨਮੋਸੀ, ਜ਼ਬਰ-ਜੁਲਮ, ਵਿਤਕਰੇ, ਧੋਖੇ-ਫਰੇਬ ਆਦਿ ਦੀਆਂ ਕਾਰਵਾਈਆ ਵਿਚ ਵਾਧਾ ਹੋਣ ਦਾ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ । ਇਹ ਅਮਲ ਇਕ ਉੱਚੇ-ਸੁੱਚੇ ਸਮਾਜਿਕ, ਗੁਣਾਤਮਿਕ ਭਰਪੂਰ ਅੱਛੇ ਸਮਾਜ ਦੀ ਸਿਰਜਣਾ ਹੋਣ ਵਿਚ ਵੱਡੀ ਰੁਕਾਵਟ ਬਣਦੇ ਨਜਰ ਆ ਰਹੇ ਹਨ । ਤਾਂ 6 ਗੁਰੂ ਸਾਹਿਬਾਨ, ਭੱਟਾਂ ਤੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ । ਉਸਦਾ ਓਟ ਆਸਰਾ ਲੈਦੇ ਹੋਏ ਅਤੇ ਗੁਰ ਸ਼ਬਦ ਨੂੰ ਸਮਝਦੇ ਹੋਏ ਅੰਮ੍ਰਿਤ ਬਾਣੀ ਨਾਲ ਆਤਮਿਕ ਤੌਰ ਤੇ ਜੂੜਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਈ ਮਨੁੱਖੀ ਜਾਮੇ ਦੀ ਜੀਵਨ ਜਾਂਚ ਤੇ ਚੱਲਣ ਨਾਲ ਹੀ ਇਸ ਸਮੇ ਤਪਦੇ ਸੰਸਾਰ ਨੂੰ ਠੰਡਾ ਕਰਨ ਵਿਚ ਸਹਾਈ ਹੋ ਸਕਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਲੈਕੇ ਹੀ ਇਨਸਾਨੀ ਤੇ ਜਮਹੂਰੀ ਕਦਰਾਂ ਕੀਮਤਾਂ ਕਾਇਮ ਰੱਖੀਆ ਜਾ ਸਕਦੀਆ ਹਨ । ਇਸ ਲਈ ਅੱਜ ਦਾ ਇਹ ਮਹਾਨ ਦਿਹਾੜਾ ਸਾਨੂੰ ਆਪਣੇ ਈਸਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਤਮਿਕ ਧੂਰੇ ਨਾਲ ਜੁੜਨ ਅਤੇ ਅੱਛੀ ਸਮਾਜ ਪੱਖੀ ਜਿੰਦਗੀ ਜਿਊਣ ਦੇ ਢੰਗ ਉਤੇ ਅਮਲ ਕਰਨ ਦਾ ਮਹੱਤਵਪੂਰਨ ਸੰਦੇਸ ਦਿੰਦਾ ਹੈ । ਜਿਸ ਉਤੇ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ ਪਹਿਰਾ ਦਿੰਦੇ ਹੋਏ ਕੇਵਲ ਇੰਡੀਆ, ਪੰਜਾਬ ਵਿਚ ਹੀ ਨਹੀ ਸਮੁੱਚੇ ਸੰਸਾਰ ਵਿਚ ਅੱਛੇ ਸਮਾਜ ਦੀ ਸਿਰਜਣਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 622ਵੇ ਪ੍ਰਕਾਸ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਸਮੁੱਚੀ ਮਨੁੱਖਤਾ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਅਮਲੀ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦੀ ਰੂਪੀ ਸੰਦੇਸ ਨੂੰ ਸਮਝਣ ਅਤੇ ਉਸ ਉਤੇ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜਦੋ ਸਮੁੱਚਾ ਸੰਸਾਰ ਜੰਗਾਂ-ਯੁੱਧਾਂ, ਪ੍ਰਮਾਣੂ ਬੰਬਾਂ ਦੇ ਜਖੀਰਿਆ ਦੀ ਗ੍ਰਸਤ ਵਿਚ ਹੈ ਅਤੇ ਦੁਨਿਆਵੀ ਲਾਲਸਾਵਾ ਦੀ ਬਦੌਲਤ ਕੇਵਲ ਵੱਖ-ਵੱਖ ਮੁਲਕਾਂ ਦੇ ਹੁਕਮਰਾਨ ਹੀ ਨਹੀ ਬਲਕਿ ਉਨ੍ਹਾਂ ਮੁਲਕਾਂ ਦੇ ਨਿਵਾਸੀ ਵੀ ਉਸ ਕਾਰਗਰ ਤੇ ਖੜ੍ਹੇ ਹਨ, ਜਿਥੋ ਇਨਸਾਨੀ ਕਦਰਾਂ ਕੀਮਤਾਂ ਦੇ ਮਜਬੂਤ ਹੋਣ ਦੀ ਗੱਲ ਥਿੜਕਦੀ ਜਾ ਰਹੀ ਹੈ, ਉਸ ਸਮੇ ਸਮੁੱਚੀ ਦੁਨੀਆ ਦੀ ਸਹੀ ਦਿਸ਼ਾ ਵੱਲ ਅਗਵਾਈ ਤੇ ਰਹਿਨੁਮਾਈ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜੋ ਸਾਨੂੰ ਇਨ੍ਹਾਂ ਕਸਟਾਂ ਦੁੱਖਾਂ ਤੇ ਦੁਨਿਆਵੀ ਖਤਰਿਆ ਤੋ ਦੂਰ ਕਰਨ ਦੀ ਸਮਰੱਥਾ ਸਕਤੀ ਰੱਖਦੇ ਹਨ । ਦੂਸਰਾ ਜਦੋ ਅੱਜ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨਾਲ ਇੰਡੀਆ ਦੇ ਜਾਬਰ ਤੇ ਜਾਲਮ ਹੁਕਮਰਾਨ ਲੰਮੇ ਸਮੇ ਤੋ ਸਿੱਖ ਕੌਮ, ਘੱਟ ਗਿਣਤੀ ਕੌਮਾਂ ਅਤੇ ਪੰਜਾਬੀਆਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਵਿਤਕਰੇ ਅਤੇ ਜਬਰ ਕਰਦੇ ਆ ਰਹੇ ਹਨ ਤਾਂ ਇਸ ਸਮੇ ਸਿੱਖ ਕੌਮ ਅਤੇ ਪੰਜਾਬੀਆ ਦੀ ਇਹ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਮੁੱਚੀ ਮਨੁੱਖਤਾ ਨੂੰ ਇਸ ਭਵਸਾਗਰ ਤੋ ਪਾਰ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਮੁੱਚੀ ਮਨੁੱਖਤਾ ਨੂੰ ਜੋੜਨ ਤੇ ਖੁਦ ਉਨ੍ਹਾਂ ਤੋ ਆਤਮਿਕ ਸਕਤੀ ਪ੍ਰਾਪਤ ਕਰਦੇ ਹੋਏ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੋ ਰਹੇ ਜਬਰ ਤੇ ਬੇਇਨਸਾਫੀਆ ਨੂੰ ਦੂਰ ਕਰਵਾਉਣ ਲਈ ਜੂਝਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਧਾਰਮਿਕ ਤੇ ਸਿਆਸੀ ਮਿਸਨ ਦੀ ਪ੍ਰਾਪਤੀ ਕਰਨ ਲਈ ਯੋਗਦਾਨ ਪਾਉਣ ਤਾਂ ਕਿ ਅਸੀ ਮਨੁੱਖੀ ਜਾਮੇ ਦੀਆਂ ਜਿੰਮੇਵਾਰੀਆ ਪੂਰੀਆ ਕਰਨ ਦੇ ਨਾਲ-ਨਾਲ ਸਮਾਜ ਪ੍ਰਤੀ ਫਰਜਾਂ ਦੀ ਪੂਰਤੀ ਕਰਦੇ ਹੋਏ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਸਹੀ ਭੁਗਤ ਸਕੀਏ ਅਤੇ ਅੱਛੇ ਸਮਾਜ ਦੀ ਸਿਰਜਣਾ ਕਰਦੇ ਹੋਏ ਸਮਾਜ, ਕੌਮ ਤੇ ਧਰਮ ਨੂੰ ਸਹੀ ਦਿਸ਼ਾ ਦੇ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਅਤੇ ਉਨ੍ਹਾਂ ਦੁਆਰਾ ਸੇਧਿਤ ਕੀਤੀ ਗਈ, ਇਨਸਾਨੀ ਜਿੰਦਗੀ ਜਾਂਚ ਤੇ ਅਮਲ ਕਰਦੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਦਿਸ਼ਾ ਵੱਲ ਪ੍ਰਚਾਰ ਕਰਦੇ ਹੋਏ ਆਪਣੀਆ ਇਨਸਾਨੀ, ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨਗੇ ਅਤੇ ਕੌਮੀ ਆਜਾਦੀ ਦੇ ਮਿਸਨ ਵਿਚ ਹਰ ਤਰ੍ਹਾਂ ਸਹਿਯੋਗ ਕਰਨਗੇ ।