ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਕੇ ਸਾਡੇ ਗੁਰਧਾਮਾਂ ਦੇ ਦਰਸ਼ਨਾਂ ਦੀ ਆਜਾਦੀ ਪ੍ਰਦਾਨ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਗਸਤ ( ) “ਜਦੋਂ ਇੰਡੀਅਨ ਹੁਕਮਰਾਨਾਂ ਨੇ ਸੁਰੱਖਿਆ ਮੁੱਦੇ ਨੂੰ ਬਹਾਨਾ ਬਣਾਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰ ਦਿੱਤਾ ਹੈ, ਤਾਂ ਸੁਰੱਖਿਆ ਦਾ ਮੁੱਦਾ ਤਾਂ ਪੰਜਾਬ ਨਾਲੋ ਜੰਮੂ-ਕਸਮੀਰ ਵਿਚ ਕਿਤੇ ਵੱਡਾ ਹੈ । ਲੇਕਿਨ ਉਥੇ ਰੋਜਾਨਾ ਹੀ ਗੋਲੀ ਚੱਲਦੀ ਹੈ ਅਤੇ ਮੌਤਾਂ ਹੋ ਰਹੀਆ ਹਨ, ਹਾਲਾਤ ਬਦਤਰ ਬਣੇ ਹੋਏ ਹਨ । ਪਰ ਇਸਦੇ ਬਾਵਜੂਦ ਵੀ ਹਿੰਦੂ ਕੌਮ ਨਾਲ ਸੰਬੰਧਤ ਧਾਰਮਿਕ ਅਮਰਨਾਥ ਦੀ ਯਾਤਰਾ ਚੱਲ ਰਹੀ ਹੈ । ਜੇਕਰ ਸੁਰੱਖਿਆ ਦੀ ਗੱਲ ਹੈ ਫਿਰ ਤਾਂ ਇਹ ਯਾਤਰਾ ਉਥੇ ਵੀ ਬੰਦ ਹੋਣੀ ਚਾਹੀਦੀ ਹੈ । ਸਿੱਖ ਕੌਮ ਤੇ ਪੰਜਾਬੀ ਇਹ ਮਹਿਸੂਸ ਕਰਦੇ ਹਨ ਕਿ ਮੁਤੱਸਵੀ ਬੀਜੇਪੀ-ਆਰ.ਐਸ.ਐਸ ਹਕੂਮਤ ਗੈਰ ਦਲੀਲ ਬਹਾਨੇਬਾਜੀ ਕਰਕੇ ਸਿੱਖ ਕੌਮ ਨਾਲ ਸੰਬੰਧਤ ਭਾਵਨਾਵਾ ਦੇ ਮੁੱਦਿਆ ਉਤੇ ਜ਼ਬਰੀ ਸਿੱਖ ਕੌਮ ਉਤੇ ਫੈਸਲੇ ਠੋਸਕੇ ਨਫਰਤ ਨੂੰ ਵਧਾ ਰਹੇ ਹਨ । ਕਿਉਂਕਿ ਸੁਰੱਖਿਆ ਦਾ ਮੁੱਦਾ ਤਾਂ ਪੰਜਾਬ ਨਾਲੋ ਜੰਮੂ-ਕਸਮੀਰ ਵਿਚ ਕਿਤੇ ਵੱਡਾ ਹੈ । ਜੇਕਰ ਉਥੇ ਯਾਤਰਾ ਚੱਲ ਰਹੀ ਹੈ ਫਿਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਵਿਚ ਹੁਕਮਰਾਨਾਂ ਨੂੰ ਕਿਸ ਗੱਲ ਦੀ ਤਕਲੀਫ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਤ ਫਿਰਕੂ ਹੁਕਮਰਾਨਾਂ ਵੱਲੋ ਬਹੁਗਿਣਤੀ ਹਿੰਦੂ ਤੇ ਘੱਟ ਗਿਣਤੀ ਸਿੱਖ ਕੌਮ ਦੀਆਂ ਭਾਵਨਾਵਾ ਸੰਬੰਧੀ ਵੱਖੋ ਵੱਖਰੇ ਪੈਮਾਨੇ ਲਾਗੂ ਕਰਨ ਅਤੇ ਫੈਸਲੇ ਕਰਨ ਦੀ ਨਿਖੇਧੀ ਕਰਦੇ ਹੋਏ ਅਤੇ ਪੰਜਾਬ, ਸਿੱਖਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਹਿੱਤ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦੇ ਨਾਲ-ਨਾਲ ਅਟਾਰੀ, ਵਾਹਗਾ, ਸੁਲੇਮਾਨਕੀ ਅਤੇ ਹੂਸੈਨੀਵਾਲਾ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲ੍ਹਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੁਕਮਰਾਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾ ਅਤੇ ਹਿੰਦੂ ਕੌਮ ਦੀਆਂ ਧਾਰਮਿਕ ਭਾਵਨਾਵਾ ਦਾ ਬਰਾਬਰਤਾ ਦੀ ਸੋਚ ਤੇ ਸਤਿਕਾਰ ਅਤੇ ਸਨਮਾਨ ਕਰਦੇ ਹੋਏ ਇਕੋ ਸੋਚ ਨਾਲ ਵਿਵਹਾਰ ਕਰਨਗੇ ਨਾ ਕਿ ਵੱਖੋ ਵੱਖਰੀ ਅਮਲ ਕਰਕੇ ਸਿੱਖ ਕੌਮ ਦੇ ਮਨਾਂ ਵਿਚ ਵੱਡੇ ਰੋਹ ਨੂੰ ਉਤਪੰਨ ਕਰਨ ਦੀ ਗੁਸਤਾਖੀ ਕਰਨਗੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਜਦੋ ਸਿੱਖ ਕੌਮ ਦਾ ਵਿਸਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ, 10 ਗੁਰੂ ਸਾਹਿਬਾਨ ਤੇ ਇਕ ਅਕਾਲ ਪੁਰਖ ਵਿਚ ਹੈ ਫਿਰ ਉਨ੍ਹਾਂ ਉਤੇ ਹਿੰਦੂਤਵ ਸੋਚ ਵਾਲੇ ਜਨ-ਗਨ-ਮਨ, ਵੰਦੇ ਮਾਤਰਮ ਵਰਗੇ ਗਾਇਨ ਜਬਰੀ ਕਿਉ ਠੋਸੇ ਜਾ ਰਹੇ ਹਨ ? ਜਦੋਕਿ ਸਾਡੇ ਗਾਇਨ ਤਾਂ ਦੇਹ ਸਿਵਾ ਬਰ ਮੋਹਿ ਹੈ ਜਿਸ ਨੂੰ ਇੰਡੀਅਨ ਫ਼ੌਜਾਂ ਹਮਲੇ ਸਮੇ ਅਗਵਾਈ ਕਰਦੀਆ ਹੋਈਆ ਗਾਇਨ ਕਰਦੀਆ ਹਨ । ਦੂਸਰਾ ਜੋ ਇੰਡੀਅਨ ਤਿਰੰਗਾ ਝੰਡਾ ਹੈ, ਉਸ ਵਿਚ ਭਗਵਾ ਰੰਗ ਹਿੰਦੂਆ ਦਾ ਹੈ, ਚਿੱਟਾ ਰੰਗ ਜੈਨੀਆ ਦਾ ਹੈ, ਅਸੋਕ ਚੱਕਰ ਬੁੱਧ ਧਰਮ ਦਾ ਹੈ ਅਤੇ ਹਰਾ ਰੰਗ ਮੁਸਲਿਮ ਕੌਮ ਦਾ ਹੈ । ਜਦੋਕਿ 1947 ਦੀ ਵੰਡ ਸਮੇ 3 ਮੁੱਖ ਕੌਮਾਂ ਸਨ । ਮੁਸਲਿਮ ਕੌਮ ਨੂੰ ਆਜਾਦ ਪਾਕਿਸਤਾਨ ਮਿਲ ਗਿਆ, ਹਿੰਦੂ ਕੌਮ ਨੂੰ ਆਜਾਦ ਇੰਡੀਆ ਮਿਲ ਗਿਆ ਅਤੇ ਸਾਡੇ ਨਾਲ ਕੀਤੇ ਗਏ ਵਾਅਦੇ ਅਨੁਸਾਰ ਸਾਨੂੰ ਉੱਤਰੀ ਭਾਰਤ ਵਿਚ ਕੋਈ ਆਜਾਦ ਖਿੱਤਾ ਨਾ ਦੇ ਕੇ ਸਾਡੇ ਨਾਲ ਧੋਖਾ, ਬੇਈਮਾਨੀ ਕੀਤੀ ਗਈ । ਜਦੋਕਿ ਸਾਡਾ ਵੀ ਆਜਾਦ ਖਾਲਿਸਤਾਨ ਉਸੇ ਸਮੇ ਕਾਇਮ ਹੋਣਾ ਬਣਦਾ ਸੀ । ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ, ਯੂਨਵਰਸਿਟੀਆ, ਕਾਲਜਾਂ, ਸਕੂਲਾਂ ਦੇ ਸਿਲੇਬਸਾਂ ਵਿਚ ਸਿੱਖ ਕੌਮ ਨਾਲ ਸੰਬੰਧਤ ਫਖਰ ਵਾਲੇ ਇਤਿਹਾਸ ਨੂੰ ਇਕ ਸਾਜਿਸ ਅਧੀਨ ਮਨਫੀ ਕਰਕੇ ਹਿੰਦੂ ਧਰਮ ਦੇ ਮਿਥਿਹਾਸ ਦੇ ਸਿਲੇਬਸਾਂ ਨੂੰ ਜਬਰੀ ਠੋਸਿਆ ਜਾ ਰਿਹਾ ਹੈ ਅਤੇ ਸਾਡੇ ਇਨ੍ਹਾਂ ਮਿਲਟਰੀ ਸਕੂਲਾਂ ਵਿਚ ਸੰਸਕ੍ਰਿਤੀ ਨੂੰ ਲਾਜਮੀ ਕਰ ਦਿੱਤਾ ਗਿਆ ਹੈ ਅਤੇ ਪੰਜਾਬੀ ਚੋਣਵੇ ਵਿਸੇ ਵਿਚ ਰੱਖੀ ਗਈ ਹੈ । ਜਦੋਕਿ ਪੰਜਾਬੀ ਲਾਜਮੀ ਹੋਣੀ ਚਾਹੀਦੀ ਸੀ ਅਤੇ ਸੰਸਕ੍ਰਿਤ ਜਾਂ ਹਿੰਦੀ ਚੋਣਵੇ ਵਿਸੇ ਹੋਣੇ ਚਾਹੀਦੇ ਸਨ । ਅਜਿਹੇ ਵਿਤਕਰੇ ਤੇ ਬੇਇਨਸਾਫ਼ੀ ਵਾਲੀਆ ਕਾਰਵਾਈਆ ਸਿੱਖ ਕੌਮ ਦੇ ਮਨਾਂ ਵਿਚ ਉੱਠੇ ਰੋਹ ਨੂੰ ਪ੍ਰਚੰਡ ਕਰ ਰਹੀਆ ਹਨ । ਸਿੱਖਾਂ ਦੀਆਂ ਭਾਵਨਾਵਾ ਦੀ ਕਦਰ ਕਰਕੇ ਹੀ ਇਥੋ ਦੇ ਮਾਹੌਲ ਨੂੰ ਸਹੀ ਰੱਖਿਆ ਜਾ ਸਕਦਾ ਹੈ । ਨਾ ਕਿ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਕੇ ।