ਸਿੱਖ ਕੌਮ ਵੰਦੇ ਮਾਤਰਮ, ਜਨ-ਗਨ-ਮਨ ਅਤੇ ਤਿਰੰਗੇ ਨੂੰ ਕਤਈ ਪ੍ਰਵਾਨ ਨਹੀ ਕਰੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 11 ਅਗਸਤ ( ) “ਜਦੋਂ ਸੁਰੱਖਿਆ ਮੁੱਦੇ ਨੂੰ ਲੈਕੇ ਇੰਡੀਅਨ ਹੁਕਮਰਾਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰ ਦਿੱਤਾ ਹੈ ਫਿਰ ਅਮਰਨਾਥ ਯਾਤਰਾ ਦੇ ਵੀ ਉਸੇ ਤਰ੍ਹਾਂ ਬਦਤਰ ਹਾਲਾਤ ਬਣੇ ਹੋਏ ਹਨ । ਉਥੇ ਰੋਜ ਹੀ ਕੋਈ ਨਾ ਕੋਈ ਮੌਤ ਹੁੰਦੀ ਹੈ, ਕਾਨੂੰਨੀ ਵਿਵਸਥਾਂ ਡਾਵਾਡੋਲ ਹੋਈ ਪਈ ਹੈ, ਸੜਕਾਂ ਟੁੱਟੀਆ ਪਈਆ ਹਨ । ਫਿਰ ਜੰਮੂ-ਕਸਮੀਰ ਵਿਚ ਸੁਰੱਖਿਆ ਨੂੰ ਨਜਰਅੰਦਾਜ ਕਰਕੇ ਅਮਰਨਾਥ ਯਾਤਰਾ ਕਿਵੇ ਚੱਲ ਰਹੀ ਹੈ? ਇਸ ਲਈ ਸੁਰੱਖਿਆ ਦੇ ਮੁੱਦੇ ਤੇ ਜੋ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਹੈ, ਉਸੇ ਆਧਾਰ ਤੇ ਅਮਰਨਾਥ ਯਾਤਰਾ ਵੀ ਬੰਦ ਹੋਣੀ ਚਾਹੀਦੀ ਹੈ । ਜਦੋ ਹਾਲਾਤ ਸੁਖਾਵੇ ਹੋਣ ਫਿਰ ਇਨ੍ਹਾਂ ਦੋਵਾਂ ਸਥਾਨਾਂ ਦੀ ਯਾਤਰਾ ਤੇ ਆਵਾਜਾਈ ਖੋਲ ਦਿੱਤੀ ਜਾਵੇ । ਕਹਿਣ ਤੋ ਭਾਵ ਹੈ ਜਦੋ ਵਿਧਾਨ ਦੀ ਧਾਰਾ 14 ਸਭਨਾਂ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ ਫਿਰ ਉਸ ਅਧੀਨ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਸਭ ਨਾਲ ਬਰਾਬਰਤਾ ਦਾ ਵਿਹਾਰ ਹੋਣਾ ਚਾਹੀਦਾ ਹੈ ਨਾ ਕਿ ਵਿਤਕਰੇ ਅਤੇ ਬੇਇਨਸਾਫ਼ੀਆ ਭਰਿਆ । ਜੋ ਸਾਡੇ ਉਤੇ ਜਬਰੀ ਵੰਦੇ ਮਾਤਰਮ, ਜਨ-ਗਨ-ਮਨ ਅਤੇ ਸਾਡੀ ਆਜਾਦ ਹੋਦ ਨੂੰ ਪ੍ਰਵਾਨ ਨਾ ਕਰਨ ਵਾਲੇ ‘ਤਿਰੰਗੇ ਝੰਡੇ’ ਨੂੰ ਥੋਪਿਆ ਜਾ ਰਿਹਾ ਹੈ । ਸਿੱਖ ਕੌਮ ਇਸ ਨੂੰ ਕਤਈ ਪ੍ਰਵਾਨ ਨਹੀ ਕਰੇਗੀ । ਕਿਉਂਕਿ ਸਾਡੇ ਜਨਮ ਤੋ ਹੀ ਸਾਡੀ ਵੱਖਰੀ ਅਣਖੀਲੀ ਪਹਿਚਾਣ ਕਾਇਮ ਹੈ । ਜਿਸ ਨੂੰ ਅਸੀ ਅਜਿਹੇ ਵੰਦੇ ਮਾਤਰਮ, ਜਨ-ਗਨ-ਮਨ ਅਤੇ ਤਿਰੰਗੇ ਝੰਡੇ ਵਰਗੇ ਹਿੰਦੂਤਵ ਪ੍ਰੋਗਰਾਮਾਂ ਰਾਹੀ ਕਤਈ ਨਾ ਤਾਂ ਖੋਰਾ ਲੱਗਣ ਦੇਵਾਂਗੇ ਅਤੇ ਨਾ ਹੀ ਇਨ੍ਹਾਂ ਜਬਰੀ ਥੋਪੇ ਜਾ ਰਹੇ ਪ੍ਰੋਗਰਾਮਾਂ ਨੂੰ ਪ੍ਰਵਾਨ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਅਮਰਨਾਥ ਯਾਤਰਾ ਉਤੇ ਵੱਖੋ ਵੱਖ ਸੋਚ ਤੇ ਅਮਲਾਂ ਅਨੁਸਾਰ ਅਪਣਾਈ ਨੀਤੀ ਨੂੰ ਗੈਰ ਵਿਧਾਨਿਕ, ਗੈਰ ਸਮਾਜਿਕ, ਵਿਤਕਰੇ ਭਰਿਆ ਕਰਾਰ ਦਿੰਦੇ ਹੋਏ ਅਤੇ ਅਜਿਹੀਆ ਸਿੱਖ ਵਿਰੌਧੀ ਨੀਤੀਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਚੀਨ ਨਾਲ ਸਿਪਕਲੀ (ਹਿਮਾਚਲ ਪ੍ਰਦੇਸ਼) ਰਾਹੀ ਕੌਮਾਂਤਰੀ ਵਪਾਰ ਖੁੱਲ੍ਹੇ ਤੌਰ ਤੇ ਚੱਲ ਰਿਹਾ ਹੈ ਫਿਰ ਵਾਹਗਾ, ਅਟਾਰੀ, ਸੁਲੇਮਨਾਕੀ ਅਤੇ ਹੂਸੈਨੀਵਾਲਾ ਸਰਹੱਦਾਂ ਸਾਡੇ ਵਪਾਰ ਲਈ ਕਿਉ ਨਹੀ ਖੋਲੀਆ ਜਾ ਰਹੀਆ ? ਉਨ੍ਹਾਂ ਕਿਹਾ ਕਿ ਜਦੋ ਸੁਰੱਖਿਆ ਦੀ ਬਦੌਲਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਨੂੰ ਬੰਦ ਕੀਤਾ ਹੋਇਆ ਹੈ ਅਤੇ ਇਹੀ ਵਜਹ ਅਮਰਨਾਥ ਯਾਤਰਾ ਵਿਚ ਹੈ । ਫਿਰ ਉਹ ਯਾਤਰਾ ਕਿਉ ਨਹੀ ਬੰਦ ਹੋਈ । ਜਦੋਕਿ ਕਾਰਨ ਤਾਂ ਦੋਵੇ ਥਾਂ ਸੁਰੱਖਿਆ ਹੀ ਹੈ । ਦੂਸਰਾ ਗੋਲੀ ਚੱਲ ਰਹੀ ਹੁੰਦੀ ਹੈ, ਤਾਂ ਗੋਲੀ ਇਹ ਥੋੜਾ ਦੇਖਦੀ ਹੈ ਕਿ ਇਹ ਹਿੰਦੂ ਹੈ, ਮੁਸਲਮਾਨ ਹੈ ਜਾਂ ਸਿੱਖ ਹੈ ਉਸਨੇ ਤਾਂ ਇਨਸਾਨੀਅਤ ਦਾ ਨੁਕਸਾਨ ਕਰਨਾ ਹੁੰਦਾ ਹੈ । ਫਿਰ ਸੁਰੱਖਿਆ ਮੁੱਦੇ ਤੇ ਸਿੱਖਾਂ ਤੇ ਹਿੰਦੂਆ ਨਾਲ ਵੱਖਰੇ ਵੱਖਰੇ ਢੰਗ ਤੇ ਨੀਤੀਆ ਕਿਉ ਅਪਣਾਈਆ ਜਾ ਰਹੀਆ ਹਨ ? ਉਨ੍ਹਾਂ ਕਿਹਾ ਕਿ ਸਾਡੇ ਉਤੇ ਥੋਪੇ ਜਾ ਰਹੇ ਕੱਟੜਵਾਦੀ ਫਿਰਕੂ ਪ੍ਰੋਗਰਾਮਾਂ ਉਪਰੋਕਤ ਜਨ-ਗਨ-ਮਨ ਅਤੇ ਵੰਦੇ ਮਾਤਰਮ ਦੇ ਗਾਇਨ ਸਾਡੀ ਵਿਲੱਖਣ ਤੇ ਆਜਾਦ ਹਸਤੀ ਨੂੰ ਨੁਕਸਾਨ ਪਹੁੰਚਾਉਣ ਹਿੱਤ ਕੀਤੇ ਜਾ ਰਹੇ ਹਨ । ਜਦੋਕਿ ਅਸੀ ਆਪਣੀ ਆਜਾਦ ਵਿਲੱਖਣ ਹਸਤੀ ਨੂੰ ਹਰ ਕੀਮਤ ਤੇ ਕਾਇਮ ਰੱਖਾਂਗੇ ਅਤੇ ਆਪਣੀ ਆਜਾਦ ਸਟੇਟ ਦੀ ਮੰਜਿਲ ਦੀ ਪ੍ਰਾਪਤੀ ਲਈ ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਇਸ ਸਭਨਾਂ ਦਾ ਸਾਂਝਾ ਸਟੇਟ ਕਾਇਮ ਕਰਨ ਲਈ, ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਲਈ ਸਾਨੂੰ ਸਹਿਯੋਗ ਕਰਨ ।