ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਗੱਲ ਕਰਨ ਵਾਲੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਪੱਖੋ ਸਹਿਯੋਗ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਜੋ ਹਮੇਸ਼ਾਂ ਸਿਆਸੀ ਮੌਕਾਪ੍ਰਸਤੀ ਦੀ ਸੋਚ ਅਧੀਨ ਹੀ ਅਮਲ ਕਰਦੇ ਆ ਰਹੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਹਰ ਖੇਤਰ ਵਿਚ ਵਿਤਕਰੇ ਤੇ ਜ਼ਬਰ ਜੁਲਮ ਸਹਿਣ ਕਰਨਾ ਪੈ ਰਿਹਾ ਹੈ, ਉਹ ਇਕ ਵਾਰੀ ਫਿਰ ਆਪਣੀ ਸਿਆਸੀ ਖੇਡ ਨੂੰ ਅੱਗੇ ਵਧਾਉਣ ਲਈ ਅਮਲ ਕਰਨ ਜਾ ਰਹੇ ਹਨ, ਉਹ ਕਦੀ ਵੀ ਸਿੱਖਾਂ ਉਤੇ ਹੋ ਰਹੇ ਜਬਰ ਖਿਲਾਫ ਨਹੀ ਬੋਲੇ ਅਤੇ ਨਾ ਹੀ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆ ਤੇ ਕਦੇ ਆਵਾਜ ਉਠਾਈ ਹੈ । ਬਰਗਾੜੀ ਵਰਗੇ ਦੁਖਾਂਤ ਵੀ ਇਨ੍ਹਾਂ ਦੀ ਬਦੌਲਤ ਹੀ ਹੋਏ ਹਨ । ਸਿਰਸੇਵਾਲੇ ਸਾਧ ਨੂੰ ਗੈਰ ਧਾਰਮਿਕ ਢੰਗ ਨਾਲ ਮੁਆਫ ਕਰਨਾ, ਕਿਸਾਨ ਅੰਦੋਲਨ ਵੇਲੇ ਮੋਦੀ ਹਕੂਮਤ ਦਾ ਸਾਥ ਦਿੰਦੇ ਹੋਏ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨਾ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆ ਸਮੇ ਕੌਮੀ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਨਾ ਨਿਭਾਉਣਾ, ਬੀਤੇ 14 ਸਾਲਾਂ ਤੋਂ ਸਾਡੀ ਐਸ.ਜੀ.ਪੀ.ਸੀ ਦੀ ਜਰਨਲ ਚੋਣ ਨਾ ਕਰਵਾਕੇ ਸਾਡੀ ਜਮਹੂਰੀਅਤ ਦਾ ਘਾਣ ਕਰਨਾ । 30-30 ਸਾਲਾਂ ਤੋ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਉਦਮ ਨਾ ਕਰਨਾ । ਉਸ ਬੀਤੇ ਸਮੇ ਵਿਚ ਜਥੇਦਾਰ ਗੁਰਦੇਵ ਸਿੰਘ ਕਾਊਕੇ, ਸ. ਜਸਵੰਤ ਸਿੰਘ ਖਾਲੜਾ ਵਰਗੀਆ ਸਖਸ਼ੀਅਤਾਂ ਦੇ ਕਤਲ ਹੋਏ, ਵੱਡੀ ਗਿਣਤੀ ਵਿਚ ਝੂਠੇ ਮੁਕਾਬਲਿਆ ਵਿਚ ਨੌਜਵਾਨਾਂ ਨੂੰ ਸਹੀਦ ਕੀਤਾ ਗਿਆ, ਉਨ੍ਹਾਂ ਦੀਆਂ ਜਮੀਨਾਂ, ਘਰਬਾਰ ਲੁੱਟਕੇ ਬੇਜਮੀਨੇ ਤੇ ਬੇਘਰ ਕੀਤੇ ਗਏ । ਇਨ੍ਹਾਂ ਪਰਿਵਾਰਾਂ ਤੇ ਪੀੜ੍ਹਤਾਂ ਲਈ ਬਾਦਲ ਪਰਿਵਾਰ ਨੇ ਕਦੀ ਵੀ ਹਾਂ ਦਾ ਨਾਅਰਾ ਨਹੀ ਮਾਰਿਆ । ਬਲਕਿ ਪੁਲਿਸ ਤੇ ਸਰਕਾਰ ਨੂੰ ਗੁਪਤ ਸੁਨੇਹੇ ਦੇ ਕੇ ਨੌਜਵਾਨਾਂ ਦਾ ਘਾਣ ਕਰਨ ਵਿਚ ਸਹਿਯੋਗ ਕਰਦੇ ਰਹੇ । ਪੰਜਾਬ ਦੇ ਕੀਮਤੀ ਪਾਣੀਆ, ਪੰਜਾਬੀ ਬੋਲਦੇ ਇਲਾਕਿਆ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਦੇ ਮੁੱਦਿਆ ਤੇ ਦਾਅਵਿਆ ਨੂੰ ਕੰਮਜੋਰ ਕਰਨ ਵਿਚ ਇਹ ਮੋਹਰੀ ਰਹੇ । ਲੇਕਿਨ ਉਪਰੋਕਤ ਸਭ ਸਮਿਆ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆ ਪੰਜਾਬ ਸੂਬੇ ਤੇ ਕੌਮ ਪ੍ਰਤੀ ਜਿੰਮੇਵਾਰੀਆ ਨੂੰ ਨਿਡਰਤਾ ਤੇ ਦ੍ਰਿੜਤਾ ਨਾਲ ਪੂਰਨ ਕਰਦਾ ਆ ਰਿਹਾ ਹੈ । ਇਸ ਲਈ ਹੁਣ ਜਦੋ ਪੰਜਾਬੀਆਂ ਤੇ ਸਿੱਖਾਂ ਉਤੇ ਹੋ ਰਹੇ ਹਕੂਮਤੀ ਜ਼ਬਰ ਅਤੇ ਬੇਇਨਸਾਫ਼ੀਆਂ ਹੋਰ ਵੱਧਣ ਲੱਗ ਪਈਆ ਹਨ ਤਾਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਹ ਇਖਲਾਕੀ ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਸੰਜੀਦਗੀ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਪੰਜਾਬ ਤੇ ਸਿੱਖ ਕੌਮ ਪ੍ਰਤੀ ਨੀਤੀਆ ਲਈ ਸਹਿਯੋਗ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਤ ਤੇਜੀ ਨਾਲ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਮੁੱਦਿਆ ਉਤੇ ਬਦਲ ਦੀਆ ਪ੍ਰਸਥਿਤੀਆ ਉਤੇ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਦੀ ਸੋਚ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਬੋਰਡ ਫਲੈਕਸ ਲਗਾਏ ਜਾ ਰਹੇ ਹਨ, ਉਨ੍ਹਾਂ ਉਤੇ ਕੇਵਲ ਸੁਖਬੀਰ ਹੀ ਲਿਖਿਆ ਜਾਂਦਾ ਹੈ ਜੋ ਇਨ੍ਹਾਂ ਦੀ ਹਿੰਦੂਤਵ ਹੁਕਮਰਾਨਾਂ ਅੱਗੇ ਗੋਡੇ ਟੇਕਣ ਅਤੇ ਉਨ੍ਹਾਂ ਦੇ ਗੁਲਾਮ ਬਣਨ ਦੀ ਪ੍ਰਤੱਖ ਨਿਸ਼ਾਨੀ ਹੈ । ਜਦੋ ਜਰਮਨ ਨਾਜੀਆ ਨੇ ਜੰਗ ਵਿਚ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਤਾਂ ਉਸ ਸਮੇ ਜਿਹੜੇ ਯਹੂਦੀ ਜਰਮਨਾਂ ਨਾਲ ਚਲੇ ਗਏ ਸਨ, ਉਨ੍ਹਾਂ ਨੂੰ ਉਸ ਸਮੇ “ਜੂਡਨਰੈਟਸ” ਕਿਹਾ ਜਾਂਦਾ ਸੀ । ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਏ ਬੀਜੇਪੀ ਦੇ ਉਸੇ ਤਰ੍ਹਾਂ ਜੂਡਨਰੈਟਸ ਬਣ ਗਏ ਹਨ । ਇਸ ਸਮੇ ਜੇਕਰ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਲਈ ਦ੍ਰਿੜਤਾ ਨਾਲ ਸੰਘਰਸ ਕਰ ਰਿਹਾ ਹੈ ਤਾਂ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਹੈ । ਇਸ ਲਈ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਸੰਤ ਮਹਾਪੁਰਖਾਂ, ਨੌਜਵਾਨ ਜਥੇਬੰਦੀਆ, ਵਿਦਿਆਰਥੀਆ, ਮਜਦੂਰਾਂ, ਮੁਜਾਲਮਾਂ ਅਤੇ ਸਭ ਵਰਗਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸੂਬੇ ਅਤੇ ਪੰਜਾਬੀਆ ਦੀ ਹਰ ਪੱਖੋ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮਜਬੂਤ ਕਰਨ ਤੇ ਸਹਿਯੋਗ ਕਰਨ ਦੀਆਂ ਜਿੰਮੇਵਾਰੀਆ ਪੂਰਨ ਕਰਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਉਸ ਨਾਲ ਸੰਬੰਧਤ ਸਿਆਸੀ, ਧਾਰਮਿਕ, ਸਮਾਜਿਕ ਅਤੇ ਭੂਗੋਲਿਕ ਮਸਲਿਆ ਨੂੰ ਹੱਲ ਕਰਕੇ ਆਜਾਦ ਸਿੱਖ ਸਟੇਟ ਕਾਇਮ ਕੀਤੀ ਜਾ ਸਕੇ । ਜਿਸ ਵਿਚ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ ਗਰੀਬ ਆਦਿ ਦੇ ਭੇਦਭਾਵ ਤੋ ਰਹਿਤ ਰਹਿਕੇ ਬਰਾਬਰਤਾ ਦੀ ਸੋਚ ਤੇ ਅਧਾਰਿਤ ਸਭਨਾਂ ਲਈ ਸਾਫ ਸੁਥਰਾਂ ਰਿਸਵਤ ਤੋ ਰਹਿਤ ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ । ਜਿਸ ਵਿਚ ਸਭ ਵਰਗ ਆਪਣੀ ਅਣਖ, ਇੱਜਤ ਨੂੰ ਕਾਇਮ ਰੱਖਦੇ ਹੋਏ ਆਜਾਦੀ ਨਾਲ ਜਿੰਦਗੀ ਜੀ ਸਕਣ ਅਤੇ ਆਪੋ ਆਪਣੇ ਧਰਮਾਂ ਵਿਚ ਵਿਸਵਾਸ ਰੱਖਦੇ ਹੋਏ ਵੱਧ ਫੁੱਲ ਸਕਣ ।
ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ 15 ਅਗਸਤ 2026 ਨੂੰ ਇਨਸਾਫ਼ ਮੋਰਚੇ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਇਕ ਵੱਡਾ ਇੱਕਠ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ । ਜੋ ਕਿ ਹੁਕਮਰਾਨਾਂ ਨੇ ਸਾਡੇ 3 ਦਰਜਨ ਤੋ ਵੱਧ ਸਿੱਖ ਬੰਦੀਆ ਨੂੰ ਜਬਰੀ ਕੈਦੀ ਬਣਾਇਆ ਹੋਇਆ ਹੈ । ਅਸੀ ਕੌਮ ਦੇ ਬਿਨ੍ਹਾਂ ਤੇ ਇਹ ਉਮੀਦ ਕਰਦੇ ਹਾਂ ਕਿ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਵੀ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਇਸ ਹੋਣ ਵਾਲੇ ਰੋਸ ਵਿਖਾਵੇ ਦੀ ਤਰ੍ਹਾਂ ਆਪੋ ਆਪਣੀਆ ਅੰਬੈਸੀਆ ਅੱਗੇ ਅਜਿਹੇ ਰੋਸ ਦਿਖਾਵੇ ਕਰਨਗੇ ਅਤੇ ਉਥੋ ਦੇ ਹਾਈਕਮਿਸਨਰਾਂ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਕੀਤੀਆ ਜਾ ਰਹੀਆ ਜਿਆਦਤੀਆ ਤੋ ਆਪਣੇ ਵਿਦੇਸੀ ਡੈਸਕਾਂ ਰਾਹੀ ਆਵਾਜ ਉਠਾਕੇ ਇਨਸਾਫ ਦੀ ਮੰਗ ਕਰਨਗੇ ।