ਹਰ ਫਰੰਟ ਤੇ ਮੂਹਰੇ ਹੋ ਕੇ ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਉਤੇ ਫਿਰਕੂ ਹਮਲੇ ਹੋਣੇ ਅਤਿ ਸ਼ਰਮਨਾਕ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਅਗਸਤ ( ) “ਜਿਸ ਸਿੱਖ ਕੌਮ ਨੇ ਹਰ ਤਰ੍ਹਾਂ ਦੀ ਜੰਗ, ਕੁਦਰਤੀ ਆਫਤਾਂ, ਔਖੇ ਸਮੇ ਵਿਚ ਮੁਲਕ ਦੀ ਰੱਖਿਆ ਕਰਨ ਲਈ ਆਪਣਾ ਖੂਨ ਵਹਾਇਆ ਹੋਵੇ ਅਤੇ ਆਪਣੀਆ ਇਨਸਾਨੀ ਜਿੰਮੇਵਾਰੀਆ ਪੂਰੀ ਕਰਦੀ ਆਈ ਹੋਵੇ, ਮੁਲਕ ਦੇ ਕਿਸੇ ਵੀ ਹਿੱਸੇ ਵਿਚ ਕੁਦਰਤੀ ਆਫਤਾ ਦੀ ਬਦੌਲਤ ਪੀੜ੍ਹਤਾਂ ਨੂੰ ਲੰਗਰ, ਦਵਾਈਆ, ਕੱਪੜੇ ਆਦਿ ਤੋ ਇਲਾਵਾ ਮੌਤ ਦੇ ਮੂੰਹ ਵਿਚ ਜਾ ਕੇ ਇਨਸਾਨੀ ਜਿੰਦਗਾਨੀਆ ਨੂੰ ਬਚਾਉਣ ਦੇ ਹਮੇਸ਼ਾਂ ਫਰਜ ਅਦਾ ਕਰਦੀ ਆਈ ਹੋਵੇ, ਉਸ ਸਿੱਖ ਕੌਮ ਨਾਲ ਸੰਬੰਧਤ ਦੂਸਰੇ ਸੂਬਿਆ ਵਿਚ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਸਮੇ ਜਾਂ ਕਾਰੋਬਾਰਾਂ ਲਈ ਆਉਣ-ਜਾਣ ਸਮੇ ਕੁਝ ਮੁਤੱਸਵੀ ਕੱਟੜਵਾਦੀ ਲੋਕਾਂ ਵੱਲੋ ਸਰਬੱਤ ਦਾ ਭਲਾ ਲੋੜਨ ਵਾਲੇ ਸਿੱਖਾਂ ਉਤੇ ਜਾਨਲੇਵਾ ਹਮਲੇ ਕਰਨ ਦੀ ਕਾਰਵਾਈ ਅਤਿ ਸ਼ਰਮਨਾਕ ਅਤੇ ਦੁੱਖਦਾਇਕ ਹੈ । ਬੇਸੱਕ ਬੀਜੇਪੀ-ਆਰ.ਐਸ.ਐਸ ਜਾਂ ਹੋਰ ਮੁਤੱਸਵੀ ਸੰਗਠਨ ਵੱਖ-ਵੱਖ ਸੂਬਿਆਂ ਵਿਚ ਸਿੱਖਾਂ ਵਿਰੁੱਧ ਨਫਰਤ ਭਰਿਆ ਪ੍ਰਚਾਰ ਕਰਕੇ ਮਾਹੌਲ ਨੂੰ ਗੰਧਲਾ ਕਰਨ ਅਤੇ ਅਣਸੁਖਾਵਾ ਬਣਾਉਣ ਦੇ ਅਮਲ ਕਰਦੇ ਆ ਰਹੇ ਹਨ । ਪਰ ਹਿੰਦੂ ਬਹੁਗਿਣਤੀ ਵੱਸੋ ਨੂੰ ਚਾਹੀਦਾ ਹੈ ਕਿ ਹੁਕਮਰਾਨਾਂ ਤੇ ਫਿਰਕੂ ਸੰਗਠਨਾਂ ਦੇ ਅਜਿਹੇ ਨਫਰਤ ਭਰੇ ਪ੍ਰਚਾਰ ਤੋ ਨਿਰਲੇਪ ਰਹਿਕੇ ਦੂਸਰੇ ਸੂਬਿਆ ਵਿਚ ਵਿਚਰਣ ਵਾਲੇ ਸਿੱਖਾਂ ਨਾਲ ਸਹਿਜ ਤਰੀਕੇ ਵਰਤਾਓ ਕਰਨ ਅਤੇ ਜੋ ਫਿਰਕੂ ਅਨਸਰ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਕਰਕੇ ਸਿੱਖ-ਹਿੰਦੂਆਂ ਵਿਚ ਨਫਰਤ ਪੈਦਾ ਕਰਨ ਦੀ ਕੋਸਿਸ ਕਰ ਰਿਹਾ ਹੈ, ਉਸ ਵਿਰੁੱਧ ਇਨਸਾਨੀਅਤ, ਅਮਨ ਚੈਨ ਦੇ ਬਿਨ੍ਹਾਂ ਤੇ ਸਖਤ ਨੋਟਿਸ ਲੈਣ ਅਤੇ ਸੁਚੇਤ ਰਹਿਣ । ਤਾਂ ਕਿ ਹਕੂਮਤ ਜਮਾਤਾਂ ਆਪਣੇ ਸੌੜੇ ਸਿਆਸੀ, ਮਾਲੀ ਸਵਾਰਥਾਂ ਦੀ ਪੂਰਤੀ ਲਈ ਸਿੱਖ-ਹਿੰਦੂਆਂ, ਹਿੰਦੂ-ਮੁਸਲਮਾਨਾਂ, ਹਿੰਦੂ-ਦਲਿਤਾਂ ਨੂੰ ਆਪਸ ਵਿਚ ਲੜਾਉਣ ਦੇ ਮੰਦਭਾਵਨਾ ਭਰੇ ਖਤਰਨਾਕ ਮਕਸਦਾਂ ਵਿਚ ਕਾਮਯਾਬ ਨਾ ਹੋ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋ ਹਰਿਆਣਾ, ਹਿਮਾਚਲ, ਯੂਪੀ, ਰਾਜਸਥਾਂਨ ਆਦਿ ਸੂਬਿਆ ਵਿਚ ਨਫਰਤ ਭਰੀ ਸੋਚ ਤੇ ਸਾਜਿਸ ਅਧੀਨ ਧਾਰਮਿਕ ਯਾਤਰਾ ਕਰਨ ਵਾਲੇ ਅਤੇ ਕਾਰੋਬਾਰੀ ਸਿੱਖਾਂ ਉਤੇ ਹੋਣ ਵਾਲੇ ਹਮਲਿਆ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਤਾਂ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਭੇਦਭਾਵ ਤੋ ਨਿਰਲੇਪ ਰਹਿਕੇ ਹਮੇਸ਼ਾਂ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦੀ ਆਈ ਹੈ । ‘ਨਾ ਕੋ ਵੈਰੀ ਨਹੀ ਬੈਗਾਨਾ ਸਗਲ ਸੰਗ ਹਮਕੋ ਬਨ ਆਈ’ ਦੇ ਮਹਾਵਾਕ ਅਨੁਸਾਰ ਦੀਨ ਦੁੱਖੀ, ਮਜਲੂਮਾਂ, ਲੋੜਵੰਦਾਂ, ਦਬਲੇ ਕੁੱਚਲੇ ਲੋਕਾਂ ਦੀ ਆਪਣੀ ਨੇਕ ਕਮਾਈ ਵਿਚੋ ਦਸਵੰਧ ਕੱਢਕੇ ਮਦਦ ਕਰਕੇ ਬਰਾਬਰਤਾ ਦੀ ਸੋਚ ਅਨੁਸਾਰ ਹਰ ਫਿਰਕੇ ਤੇ ਕੌਮ ਦੇ ਅਜਿਹੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਦੀ ਡੂੰਘੀ ਇੱਛਾ ਰੱਖਣ ਦੇ ਨਾਲ-ਨਾਲ ਅਮਲ ਕਰਦੀ ਆ ਰਹੀ ਹੈ । ਫਿਰ ਗੁਰੂ ਸਾਹਿਬ ਜੀ ਦੀਆਂ ਜੰਗਾਂ ਵਿਚ ਫੱਟੜਾਂ ਨੂੰ ਪਾਣੀ ਪਿਲਾਉਦੇ ਹੋਏ ਜਦੋ ਭਾਈ ਘਨੱਈਆ ਜੀ ਦੁਸਮਣਾਂ ਨੂੰ ਪਾਣੀ ਪਿਲਾਉਦੇ ਰਹੇ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਕੋਲ ਸਿਕਾਇਤ ਕੀਤੀ ਕਿ ਭਾਈ ਘਨੱਈਆ ਜੀ ਦੁਸਮਣਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ । ਤਾਂ ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਸੱਦਿਆ ਤੇ ਇਸ ਬਾਰੇ ਜਦੋ ਪੁੱਛਿਆ ਤਾਂ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਨੂੰ ਤਾਂ ਜੰਗ ਵਿਚ ਅਤੇ ਜਖਮੀ ਹੋਏ ਜੋ ਦਿਖਾਈ ਦਿੰਦੇ ਹਨ, ਉਨ੍ਹਾਂ ਵਿਚ ਤੁਹਾਡੇ ਹੀ ਦਰਸ਼ਨ ਹੋ ਰਹੇ ਹਨ, ਮੈਨੂੰ ਕੋਈ ਦੁਸਮਣ ਨਜਰ ਨਹੀ ਆ ਰਿਹਾ । ਤਾਂ ਗੁਰੂ ਸਾਹਿਬ ਨੇ ਇਸ ਇਨਸਾਨੀਅਤ ਪੱਖੀ ਸੋਚ ਤੇ ਅਮਲ ਤੋ ਖੁਸ਼ ਹੋ ਕੇ ਭਾਈ ਘਨੱਈਆ ਜੀ ਨੂੰ ਮੱਲ੍ਹਮ ਦੀ ਡੱਬੀ ਅਤੇ ਪੱਟੀਆ ਦਿੱਤੀਆ ਅਤੇ ਹੁਕਮ ਕੀਤਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜਖਮਾਂ ਤੇ ਮੱਲ੍ਹਮ ਤੇ ਪੱਟੀ ਵੀ ਕਰਨੀ ਹੈ । ਫਿਰ ਅਜਿਹੀ ਮਨੁੱਖਤਾ ਪੱਖੀ ਭਾਵਨਾ ਦੀ ਮਾਲਕ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਜੇਕਰ ਦੂਜੇ ਸੂਬਿਆ ਵਿਚ ਕੁਝ ਮੁਤੱਸਵੀ ਲੋਕਾਂ ਵੱਲੋ ਹਮਲੇ ਕਰਕੇ ਜਖਮੀ ਕੀਤਾ ਜਾ ਰਿਹਾ ਹੈ ਜਾਂ ਮਾਰਿਆ ਜਾ ਰਿਹਾ ਹੈ, ਇਹ ਤਾਂ ਗੈਰ ਇਨਸਾਨੀਅਤ ਵਾਲੇ ਮਨੁੱਖਤਾ ਵਿਰੋਧੀ ਅਮਲ ਹਨ । ਅਜਿਹੇ ਅਮਲ ਕਰਨਾ ਤਾਂ ਇਨਸਾਨੀਅਤ ਲਈ, ਮੁਲਕ ਦੀ ਰੱਖਿਆ ਲਈ, ਸ਼ਹਾਦਤਾਂ ਦੇਣ ਵਾਲੀ ਅਤੇ ਬਿਪਤਾ ਪੈਣ ਤੇ ਲੋੜਵੰਦਾਂ, ਮਜਲੂਮਾਂ, ਬੇਸਹਾਰਿਆ ਦੀ ਮਦਦ ਕਰਨ ਵਾਲੀ ਸਿੱਖ ਕੌਮ ਨਾਲ ਇਕ ਕੇਵਲ ਵੱਡਾ ਜੁਰਮ ਹੀ ਨਹੀ, ਗੁਰਬਾਣੀ ਅਨੁਸਾਰ ਇਹ ਤਾਂ ਵੱਡੀ ‘ਅਕ੍ਰਿਤਘਣਤਾ’ ਵੀ ਹੈ । ਇਸ ਲਈ ਮੁਲਕ ਵਿਚ ਵੱਸਣ ਵਾਲੀ ਬਹੁਗਿਣਤੀ ਕੌਮ ਨੂੰ ਅਜਿਹੇ ਅਨਸਰਾਂ ਨੂੰ ਸਬਕ ਸਿਖਾਉਣ ਲਈ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਰੱਖਣ ਲਈ ਆਪਣੀਆ ਇਨਸਾਨੀ ਜਿੰਮੇਵਾਰੀਆ ਦ੍ਰਿੜਤਾ ਨਾਲ ਨਿਭਾਉਣੀਆ ਪੈਣਗੀਆ ਅਤੇ ਜੋ ਹੁਕਮਰਾਨ ਅਤੇ ਸਮਾਜ ਵਿਚ ਵਿਚਰਣ ਵਾਲਾ ਫਿਰਕੂ ਅਨਸਰ ਇਹ ਨਫਰਤ ਪੈਦਾ ਕਰ ਰਿਹਾ ਹੈ ਉਸ ਤੋ ਸੁਚੇਤ ਰਹਿਕੇ ਅਮਲ ਵੀ ਕਰਨੇ ਪੈਣਗੇ ।