ਕੈਨੇਡਾ ਦੇ ਹੋਰ ਸੂਬਿਆਂ ਦੇ ਸਿੱਖਾਂ ਨੂੰ ਵੀ ਬੀ.ਸੀ ਸਟੇਟ ਦੀ ਤਰ੍ਹਾਂ ਕਾਰ ਰੈਲੀਆਂ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 01 ਅਗਸਤ ( ) “ਜੋ ਆਉਣ ਵਾਲੇ ਕੱਲ੍ਹ 02 ਅਗਸਤ ਨੂੰ ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਵਿਖੇ ਉਥੋ ਦੇ ਸਿਰਕੱਢ ਸਿੱਖਾਂ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੀ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਨੂੰ ਕਾਇਮ ਕਰਨ ਨੂੰ ਮੁੱਖ ਰੱਖਕੇ ‘ਕਾਰ ਰੈਲੀ’ ਕੀਤੀ ਜਾ ਰਹੀ ਹੈ, ਇਹ ਸਮੁੱਚੇ ਕੈਨੇਡੀਅਨ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟ ਦਾ ਸਮੂਹਿਕ ਪ੍ਰਸੰਸਾਯੋਗ ਉਦਮ ਹੈ । ਜਿਸ ਵਿਚ ਕੈਨੇਡਾ ਦੇ ਦੂਸਰੇ ਸੂਬਿਆ ਦੇ ਸਿੱਖਾਂ ਨੂੰ ਵੱਧ ਚੜ੍ਹਕੇ ਸਮੂਲੀਅਤ ਕਰਨੀ ਚਾਹੀਦੀ ਹੈ ਤਾਂ ਕਿ ਅਸੀ ਇੰਡੀਆ ਅਤੇ ਪੰਜਾਬ ਵਿਚ ਬੀਜੇਪੀ-ਆਰ.ਐਸ.ਐਸ ਦੀ ਕੱਟੜਵਾਦੀ ਹਕੂਮਤ ਵੱਲੋ ਸਿੱਖਾਂ ਤੇ ਹੋ ਰਹੇ ਜ਼ਬਰ ਅਤੇ ਬੇਇਨਸਾਫ਼ੀਆਂ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ, ਆਪਣੀ ਗੁਲਾਮੀਅਤ ਤੋ ਨਿਜਾਤ ਦਿਵਾਉਣ ਲਈ ਇਕ ਸਿੱਖ ਸਟੇਟ ਕਾਇਮ ਕਰਨ ਲਈ ਕੌਮਾਂਤਰੀ ਰਾਏ ਪੈਦਾ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬ੍ਰਿਟਿਸ ਕੋਲੰਬੀਆ ਵਿਖੇ ਕੀਤੀ ਜਾ ਰਹੀ ਕਾਰ ਰੈਲੀ ਦੇ ਸਿੱਖਾਂ ਦੇ ਸਮੂਹਿਕ ਉਦਮਾਂ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਅਤੇ ਸਮੁੱਚੇ ਕੈਨੇਡੀਅਨ ਸਿੱਖਾਂ ਨੂੰ ਇਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਵਿਚਰਣ ਵਾਲੇ ਸਿੱਖਾਂ ਨੂੰ ਇਹ ਜਾਣਕਾਰੀ ਹੈ ਕਿ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੀ ਚੰਡਾਲ ਚੌਕੜੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ । ਜਦੋ ਇਨ੍ਹਾਂ ਨੇ ਸਿੱਖਾਂ ਦੇ ਕਤਲ ਕਰਨੇ ਸੁਰੂ ਕਰ ਦਿੱਤੇ ਹਨ, ਤਾਂ ਸਾਡੀ ਇਹ ਕੌਮਾਂਤਰੀ ਪੱਧਰ ਤੇ ਇਹ ਮੰਗ ਹੈ ਕਿ ਜਿਹੜੇ ਦੋਸ਼ੀ ਫੜੇ ਗਏ ਹਨ ਜਾਂ ਅਜਿਹੀਆ ਸਾਜਿਸਾਂ ਵਿਚ ਸਾਮਿਲ ਹਨ, ਉਨ੍ਹਾਂ ਨੂੰ ਸਿੱਖਾਂ ਦੇ ਕਾਤਲਾਂ ਵਿਚ ਸਾਮਿਲ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਗਲੇਰਾ ਅਮਲ ਹੋਵੇ ਅਤੇ ਉਨ੍ਹਾਂ ਨੂੰ ਬਣਦੀਆ ਸਜਾਵਾਂ ਮਿਲਣ ।
ਉਨ੍ਹਾਂ ਕਿਹਾ ਕਿ ਜਦੋ ਦੀ ਕੈਨੇਡਾ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਯੂਨਿਟ ਸਥਾਪਿਤ ਹੋਈ ਹੈ, ਉਸ ਸਮੇ ਤੋ ਅੱਜ ਤੱਕ ਇਸ ਜਥੇਬੰਦੀ ਨੇ ਕੋਈ ਵੱਡਾ ਰੋਸ ਮੁਜਾਹਰਾ ਜਾਂ ਰੈਲੀ ਨਹੀ ਕੀਤੀ । ਇਸ ਲਈ ਜੋ ਕਾਰ ਰੈਲੀ ਰੱਖੀ ਗਈ ਹੈ ਉਸ ਨੂੰ ਸਭ ਰਲਕੇ ਕਾਮਯਾਬ ਕਰਨ ਤਾਂ ਕਿ ਪਾਰਟੀ ਦਾ ਮਨੋਬਲ ਉੱਚਾ ਹੋਵੇ । ਜਿਹੜੇ ਸਿੱਖ ਅਤੇ ਪਾਰਟੀ ਹਮਦਰਦ ਸਮਝਦੇ ਹਨ ਕਿ ਅਸੀ ਵੀ ਇਸ ਦਿਸ਼ਾ ਵੱਲ ਉਦਮ ਕਰੀਏ, ਉਨ੍ਹਾਂ ਨੂੰ ਪਾਰਟੀ ਵੱਲੋ ਇਹ ਗੁਜਾਰਿਸ ਤੇ ਅਪੀਲ ਹੈ ਕਿ 02 ਅਗਸਤ ਦੀ ਕਾਰ ਰੈਲੀ ਉਪਰੰਤ ਆਪੋ ਆਪਣੇ ਸਟੇਟਾਂ ਓਨਟਾਰੀਓ, ਕਿਊਬਕ, ਅਲਬਰਟਾ, ਮੈਨੀਟੋਬਾ, ਨੋਵਾ ਸਕੋਟੀਆ ਆਦਿ ਵਿਚ ਵੀ ਅਜਿਹੀਆ ਕਾਰ ਰੈਲੀਆ ਕਰਕੇ ਸਿੱਖ ਕੌਮ ਦੀ ਸੰਪੂਰਨ ਆਜਾਦੀ ਅਤੇ ਸਿੱਖਾਂ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਹੋ ਰਹੇ ਜ਼ਬਰ ਜੁਲਮਾਂ ਦੀ ਆਵਾਜ ਨੂੰ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਉਣ ।