ਸਫਾਈ ਕ੍ਰਮਚਾਰੀਆ ਦੀਆਂ ਜਾਇਜ ਮੰਗਾਂ ਤੁਰੰਤ ਪ੍ਰਵਾਨ ਕਰਕੇ ਉਨ੍ਹਾਂ ਦੇ ਸੰਘਰਸ਼ ਖਤਮ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 30 ਜੁਲਾਈ ( ) “ਜੋ ਸਮੁੱਚੇ ਪੰਜਾਬ ਵਿਚ ਸਫਾਈ ਕਰਮਚਾਰੀ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਧਰਨਿਆ ਤੇ ਬੈਠੇ ਹਨ, ਉਹ ਬਹੁਤ ਹੀ ਔਖੇ ਸਮੇ ਵਿਚ ਉਹ ਜਿੰਮੇਵਾਰੀ ਨਿਭਾਅ ਰਹੇ ਹਨ ਜਿਸ ਨਾਲ ਸਭ ਪੰਜਾਬ ਨਿਵਾਸੀਆ ਦੇ ਆਲੇ-ਦੁਆਲੇ ਨੂੰ ਹਰ ਪੱਖੋ ਸਾਫ-ਸੁਥਰਾ ਰੱਖਣ ਅਤੇ ਕੂੜੇ-ਕਰਕਟ ਨੂੰ ਦੂਰ ਲਿਜਾਕੇ ਉਸਨੂੰ ਜਲਾਉਣ ਦੀ ਜਿੰਮੇਵਾਰੀ ਨਿਭਾਅ ਰਹੇ ਹਨ । ਉਨ੍ਹਾਂ ਦੀਆਂ ਅਸਾਮੀਆ ਨੂੰ ਲੰਮੇ ਸਮੇ ਤੋਂ ਪੱਕੇ ਕਰਨ ਅਤੇ ਉਨ੍ਹਾਂ ਦੀਆਂ ਉਜਰਤਾ ਵਿਚ ਵਾਧਾ ਕਰਨ ਦੀਆ ਜੋ ਮੰਗਾਂ ਹਨ ਉਹ ਬਿਲਕੁਲ ਜਾਇਜ ਹਨ, ਜਿਨ੍ਹਾਂ ਦੀ ਪੂਰਤੀ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ । ਸਾਨੂੰ ਇਸ ਗੱਲ ਦਾ ਬਹੁਤ ਦੁੱਖ ਤੇ ਅਫਸੋਸ ਹੈ ਕਿ ਸਮੁੱਚੇ ਪੰਜਾਬ ਵਿਚ ਧਰਨੇ ਤੇ ਬੈਠੇ ਕ੍ਰਮਚਾਰੀ ਜੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਦੀਆਂ ਮੰਗਾਂ ਪੂਰਨ ਨਾ ਕਰਕੇ ਇਕ ਤਾਂ ਸਮੁੱਚੇ ਪੰਜਾਬ ਨੂੰ ਗੰਦ ਅਤੇ ਬਦਬੂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਦੂਜਾ ਇਨ੍ਹਾਂ ਮਿਹਨਤਕਸ ਪਰਿਵਾਰਾਂ ਨੂੰ ਵੱਡੇ ਸੰਘਰਸ਼ ਲਈ ਮਜਬੂਰ ਕੀਤਾ ਜਾ ਰਿਹਾ ਹੈ । ਜਿਸ ਨਾਲ ਹਾਲਾਤ ਕਦਾਚਿਤ ਸਹੀ ਨਹੀ ਹੋ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਵਿਚ ਆਪਣੀਆ ਮੰਗਾਂ ਦੇ ਹੱਕ ਵਿਚ ਬੈਠੇ ਸਫਾਈ ਕਰਮਚਾਰੀਆ ਦੀਆਂ ਮੰਗਾਂ ਦੀ ਪੂਰਨ ਹਮਾਇਤ ਕਰਦੇ ਹੋਏ, ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿੰਨੀ ਸਰਮਨਾਕ ਗੱਲ ਹੈ ਕਿ ਡੀਐਸਪੀ ਪੱਧਰ ਦੇ ਅਧਿਕਾਰੀਆ ਵੱਲੋ ਸਾਡੀਆ ਬੀਬੀਆ ਉਤੇ ਵੀ ਬਹੁਤ ਹੀ ਭੱਦੇ ਢੰਗ ਨਾਲ ਲਾਠੀਚਾਰਜ ਕਰਦੇ ਹੋਏ ਜ਼ਬਰ ਢਾਹਿਆ ਗਿਆ ਜਿਸਦੀ ਕਿ ਨਾ ਤਾਂ ਕਾਨੂੰਨ ਇਜਾਜਤ ਦਿੰਦਾ ਹੈ ਅਤੇ ਨਾ ਹੀ ਇਖਲਾਕ ਇਜਾਜਤ ਦਿੰਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਸਫਾਈ ਕਰਮਚਾਰੀਆ ਦੀਆਂ ਜਾਇਜ ਮੰਗਾਂ ਦੀ ਤੁਰੰਤ ਪੂਰਤੀ ਕਰਕੇ ਪੰਜਾਬ ਵਿਚ ਬਣਦੇ ਜਾ ਰਹੇ ਅਤੇ ਗੰਦੇ ਹਾਲਾਤਾਂ ਨੂੰ ਸਹੀ ਸਮੇ ਤੇ ਸਹੀ ਕਰਨ ਵਿਚ ਭੂਮਿਕਾ ਨਿਭਾਉਣਗੇ ਅਤੇ ਜਿਨ੍ਹਾਂ ਅਧਿਕਾਰੀਆ ਨੇ ਇਨ੍ਹਾਂ ਤੇ ਜ਼ਬਰ ਢਾਹਿਆ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਕਰਦੇ ਹੋਏ ਇਨਸਾਫ਼ ਦੇਣਗੇ । ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕ੍ਰਮਚਾਰੀ ਹੀ ਸਮੁੱਚੇ ਪੰਜਾਬ ਦੇ ਸ਼ਹਿਰਾਂ, ਪਿੰਡਾਂ ਦੀ ਸਫ਼ਾਈ ਰੱਖਣ ਦੀ ਜਿੰਮੇਵਾਰੀ ਨਿਭਾਉਦੇ ਹਨ ਅਤੇ ਇਥੋ ਦੇ ਨਿਵਾਸੀਆ ਨੂੰ ਬਿਮਾਰੀਆ ਤੇ ਹੋਰ ਦੁੱਖ ਤਕਲੀਫ ਤੋ ਸਰੂਖਰ ਕਰਦੇ ਹਨ । ਪਰ ਫਿਰ ਵੀ ਇਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਪੂਰਨ ਨਾ ਕਰਕੇ ਇਨ੍ਹਾਂ ਤੇ ਹੋਰ ਜ਼ਬਰ ਢਾਹੁਣ ਦੇ ਅਮਲ ਕੀਤੇ ਜਾ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਇਨ੍ਹਾਂ ਨੂੰ ਇਨਸਾਫ਼ ਦੇ ਕੇ ਧਰਨਿਆ ਤੇ ਬੈਠੇ ਮਿਹਨਤਕਸਾਂ ਨੂੰ ਆਪਣੀ ਜਿੰਮੇਵਾਰੀ ਪੂਰਨ ਕਰਨ ਵੱਲ ਲਗਾਕੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣ ਵਿਚ ਭੂਮਿਕਾ ਨਿਭਾਈ ਜਾਵੇ ਨਾ ਕਿ ਥਾਂ-ਥਾਂ ਤੇ ਗਲੀਆ, ਸੜਕਾਂ ਤੇ ਲੱਗੇ ਗੰਦਗੀ ਦੇ ਢੇਰਾ ਦੀ ਬਦੌਲਤ ਇਥੋ ਦੇ ਨਿਵਾਸੀਆ ਨੂੰ ਦੀਰਘ ਬਿਮਾਰੀਆ ਵੱਲ ਧਕੇਲਣ ਦੀ ਗੁਸਤਾਖੀ ਕੀਤੀ ਜਾਵੇ ।