ਬਰਨਾਲਾ ਵਿਖੇ ਸਫਾਈ ਕ੍ਰਮਚਾਰੀਆ ਉਤੇ ਕੀਤਾ ਗਿਆ ਜ਼ਬਰ ਅਤਿ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਜੋ ਸਮੁੱਚੇ ਪੰਜਾਬ ਵਿਚ ਸਫਾਈ ਕਰਮਚਾਰੀ ਆਪਣੀਆ ਜਾਇਜ ਮੰਗਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਧਰਨਿਆ ਤੇ ਬੈਠੇ ਹਨ, ਉਹ ਬਹੁਤ ਹੀ ਔਖੇ ਸਮੇ ਵਿਚ ਉਹ ਜਿੰਮੇਵਾਰੀ ਨਿਭਾਅ ਰਹੇ ਹਨ ਜਿਸ ਨਾਲ ਸਭ ਪੰਜਾਬ ਨਿਵਾਸੀਆ ਦੇ ਆਲੇ-ਦੁਆਲੇ ਨੂੰ ਹਰ ਪੱਖੋ ਸਾਫ-ਸੁਥਰਾ ਰੱਖਣ ਅਤੇ ਕੂੜੇ-ਕਰਕਟ ਨੂੰ ਦੂਰ ਲਿਜਾਕੇ ਉਸਨੂੰ ਜਲਾਉਣ ਦੀ ਜਿੰਮੇਵਾਰੀ ਨਿਭਾਅ ਰਹੇ ਹਨ । ਉਨ੍ਹਾਂ ਦੀਆਂ ਅਸਾਮੀਆ ਨੂੰ ਲੰਮੇ ਸਮੇ ਤੋਂ ਪੱਕੇ ਕਰਨ ਅਤੇ ਉਨ੍ਹਾਂ ਦੀਆਂ ਉਜਰਤਾ ਵਿਚ ਵਾਧਾ ਕਰਨ ਦੀਆ ਜੋ ਮੰਗਾਂ ਹਨ ਉਹ ਬਿਲਕੁਲ ਜਾਇਜ ਹਨ, ਜਿਨ੍ਹਾਂ ਦੀ ਪੂਰਤੀ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ । ਸਾਨੂੰ ਇਸ ਗੱਲ ਦਾ ਬਹੁਤ ਦੁੱਖ ਤੇ ਅਫਸੋਸ ਹੈ ਕਿ ਬਰਨਾਲਾ ਵਿਖੇ ਧਰਨੇ ਤੇ ਬੈਠੇ ਕ੍ਰਮਚਾਰੀ ਜੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਤੇ ਪੁਲਿਸ ਨੇ ਜ਼ਬਰ ਢਾਹਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜਖਮੀ ਕੀਤਾ ਅਤੇ ਉਨ੍ਹਾਂ ਤੇ ਤਸੱਦਦ ਕੀਤਾ । ਅਸੀ ਇਸਦੀ ਜਿਥੇ ਘੋਰ ਨਿੰਦਾ ਕਰਦੇ ਹਾਂ, ਉਥੇ ਸੰਬੰਧਤ ਪੁਲਿਸ ਅਧਿਕਾਰੀਆ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਵਿਚ ਲੈਦੇ ਹੋਏ ਇਨ੍ਹਾਂ ਸਫਾਈ ਕਰਮਚਾਰੀਆ ਤੇ ਜ਼ਬਰ ਕੀਤਾ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਹੋਣਾ ਚਾਹੀਦਾ ਹੈ । ਤਾਂ ਕਿ ਕਿਸੇ ਵੀ ਜਮਹੂਰੀਅਤ ਪਸੰਦ ਧਰਨਾਕਾਰੀਆ ਨਾਲ ਪੁਲਿਸ ਤੇ ਹੁਕਮਰਾਨ ਜ਼ਬਰ ਨਾ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਨਾਲਾ ਅਤੇ ਸਮੁੱਚੇ ਪੰਜਾਬ ਵਿਚ ਆਪਣੀਆ ਮੰਗਾਂ ਦੇ ਹੱਕ ਵਿਚ ਬੈਠੇ ਸਫਾਈ ਕਰਮਚਾਰੀਆ ਦੀਆਂ ਮੰਗਾਂ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਬਰਨਾਲਾ ਵਿਖੇ ਪੁਲਿਸ ਵੱਲੋ ਢਾਹੇ ਗਏ ਜ਼ਬਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿੰਨੀ ਸਰਮਨਾਕ ਗੱਲ ਹੈ ਕਿ ਡੀਐਸਪੀ ਪੱਧਰ ਦੇ ਅਧਿਕਾਰੀਆ ਵੱਲੋ ਸਾਡੀਆ ਬੀਬੀਆ ਉਤੇ ਵੀ ਬਹੁਤ ਹੀ ਭੱਦੇ ਢੰਗ ਨਾਲ ਲਾਠੀਚਾਰਜ ਕਰਦੇ ਹੋਏ ਜ਼ਬਰ ਢਾਹਿਆ ਗਿਆ ਜਿਸਦੀ ਕਿ ਨਾ ਤਾਂ ਕਾਨੂੰਨ ਇਜਾਜਤ ਦਿੰਦਾ ਹੈ ਅਤੇ ਨਾ ਹੀ ਇਖਲਾਕ ਇਜਾਜਤ ਦਿੰਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਸਫਾਈ ਕਰਮਚਾਰੀਆ ਦੀਆਂ ਜਾਇਜ ਮੰਗਾਂ ਦੀ ਤੁਰੰਤ ਪੂਰਤੀ ਕਰਕੇ ਪੰਜਾਬ ਵਿਚ ਬਣਦੇ ਜਾ ਰਹੇ ਅਤੇ ਗੰਦੇ ਹਾਲਾਤਾਂ ਨੂੰ ਸਹੀ ਸਮੇ ਤੇ ਸਹੀ ਕਰਨ ਵਿਚ ਭੂਮਿਕਾ ਨਿਭਾਉਣਗੇ ਅਤੇ ਜਿਨ੍ਹਾਂ ਅਧਿਕਾਰੀਆ ਨੇ ਇਨ੍ਹਾਂ ਤੇ ਜ਼ਬਰ ਢਾਹਿਆ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਕਰਦੇ ਹੋਏ ਇਨਸਾਫ਼ ਦੇਣਗੇ ।