ਨੀਟ ਪੇਪਰਾਂ ਦਾ ਲੀਕ ਹੋਣ ਤੇ ਉੱਠੇ ਵਿਦਿਆਰਥੀ ਵਿਦਰੋਹ ਦੇ ਹਾਲਾਤਾਂ ਨੂੰ ਸਹੀ ਕਰਨ ਲਈ ਹੁਣ ਤਿੰਨੇ ਫ਼ੌਜਾਂ ਦੇ ਜਰਨੈਲ ਆਪਣੀ ਜਿੰਮੇਵਾਰੀ ਕਿਵੇ ਨਿਭਾਉਣਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਮੁਲਕ ਦੇ ਪੜ੍ਹੇ-ਲਿਖੇ ਸਿੱਖਿਅਤ ਵਿਦਿਆਰਥੀਆਂ ਦੇ ਹੋਣ ਵਾਲੇ ਨੀਟ ਪੇਪਰਾਂ ਦੇ ਲੀਕ ਹੋਣ ਦੇ ਅਮਲ ਪਹਿਲਾ ਵੀ ਕਈ ਵਾਰ ਹੋ ਚੁੱਕੇ ਹਨ । ਜਿਸ ਨਾਲ ਵਿਦਿਆਰਥੀ ਵਰਗ ਵਿਚ ਬਹੁਤ ਵੱਡੀ ਬੇਚੈਨੀ ਪੈਦਾ ਹੋਣ ਦੀ ਬਦੌਲਤ ਇਹ ਬੀਜੇਪੀ-ਆਰ.ਐਸ.ਐਸ ਹਕੂਮਤ ਵਿਰੁੱਧ ਵਿਦਰੋਹ ਖੜ੍ਹਾ ਹੋ ਗਿਆ ਹੈ । ਜਿਸ ਨੂੰ ਸਾਇਦ ਹੁਣ ਸਰਕਾਰ ਹੋਰ ਜ਼ਬਰ ਕਰਕੇ ਇਸ ਅੰਦੋਲਨ ਨੂੰ ਦਬਾਅ ਨਹੀ ਸਕੇਗੀ । ਇਸ ਸਥਿਤੀ ਤੋਂ ਪੈਦਾ ਹੋਣ ਵਾਲੇ ਬਦਤਰ ਹਾਲਾਤਾਂ ਨੂੰ ਸਹੀ ਕਰਨ ਲਈ ਹੁਣ ਤਿੰਨੇ ਆਰਮੀ, ਨੇਵੀ ਅਤੇ ਏਅਰਫੋਰਸ ਦੇ ਮੁੱਖ ਜਰਨੈਲਾਂ, ਜਰਨਲ ਧੀਰਜ ਸੇਠ, ਐਡਮਿਰਲ ਕ੍ਰਿਸ਼ਨਾਂ ਸੁਆਮੀਨਾਥਨ ਅਤੇ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਉਤੇ ਬਹੁਤ ਵੱਡੀ ਜਿੰਮੇਵਾਰੀ ਆ ਪਈ ਹੈ । ਕਿਉਂਕਿ ਜਦੋਂ ਵੱਡੀਆ ਲਹਿਰਾਂ ਹੁਕਮਰਾਨਾਂ ਅਤੇ ਜਨਤਕ ਫੋਰਸਾਂ ਦੇ ਜ਼ਬਰ-ਜੁਲਮ ਕਾਰਨ ਅੱਗੇ ਨਿਕਲ ਜਾਣ ਤਾਂ ਅਜਿਹੇ ਵਿਦਰੋਹਾਂ ਤੇ ਲਹਿਰਾਂ ਲਈ ਫ਼ੌਜ ਨੂੰ ਦਖਲ ਦੇਣਾ ਪੈਦਾ ਹੈ ਤੇ ਜਿੰਮੇਵਾਰੀ ਨਿਭਾਉਣੀ ਪੈਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਹੁਣੇ ਹੀ ਆਰਮੀ ਚੀਫ ਜਰਨਲ ਧੀਰਜ ਸੇਠ ਚੀਨ ਦੇ ਲਦਾਖ ਸਰਹੱਦ ਉਤੇ ਦੌਰਾ ਕਰਕੇ ਆਏ ਹਨ, ਪਰ ਜੋ 1962 ਵਿਚ 39,000 ਸਕੇਅਰ ਵਰਗ ਕਿਲੋਮੀਟਰ ਅਤੇ 2020 ਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਸਾਡੇ ਲਦਾਖ ਦੀ ਜਮੀਨ ਚੀਨ ਦੇ ਹਵਾਲੇ ਕਰ ਦਿੱਤੀ ਸੀ, ਉਸਨੂੰ ਵਾਪਸ ਲੈਣ ਸੰਬੰਧੀ ਇਨ੍ਹਾਂ ਜਰਨੈਲਾਂ ਵੱਲੋ ਕੋਈ ਰਣਨੀਤੀ ਜਾਂ ਉਦਮ ਨਹੀ ਕੀਤਾ ਜਾ ਰਿਹਾ ਅਤੇ ਨਾ ਹੀ ਗੱਲਬਾਤ ਕੀਤੀ ਜਾ ਰਹੀ ਹੈ । ਜਦੋਕਿ ਜਰਨੈਲ ਦਾ ਫਰਜ ਹੁੰਦਾ ਹੈ ਕਿ ਉਹ ਆਪਣੇ ਖੋਹੇ ਹੋਏ ਇਲਾਕੇ ਵਾਪਸ ਲੈਣ ਅਤੇ ਜਿਥੇ ਕਿਤੇ ਵੀ ਕੋਈ ਜ਼ਬਰ-ਜੁਲਮ ਹੋਇਆ ਹੈ ਉਸਦੀ ਅਸਲੀਅਤ ਨੂੰ ਸਾਹਮਣੇ ਰੱਖਕੇ ਉਸ ਸਥਿਤੀ ਨੂੰ ਕੰਟਰੋਲ ਕਰਨ । ਹੁਣ ਉਪਰੋਕਤ ਪੈਦਾ ਹੋਈ ਗੁੰਝਲਦਾਰ ਸਥਿਤੀ ਨੂੰ ਤਿੰਨੇ ਫ਼ੌਜਾਂ ਦੇ ਜਰਨੈਲ ਕਿਵੇ ਸਹੀ ਕਰਨਗੇ ਇਸ ਬਾਰੇ ਸੋਚਣ ਦੀ ਸਖਤ ਅਤੇ ਗੰਭੀਰ ਲੋੜ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਦਿਆਰਥੀਆਂ ਦੇ ਮੁਲਕੀ ਪੱਧਰ ਤੇ ਵੱਡੇ ਰੂਪ ਵਿਚ ਸੁਰੂ ਹੋਏ ਸੰਘਰਸ ਉਪਰੰਤ ਅਤੇ ਹੁਕਮਰਾਨਾਂ ਤੇ ਫੋਰਸਾਂ ਵੱਲੋ ਵਿਦਿਆਰਥੀਆਂ ਨਾਲ ਕਿੱਲਾ ਲੱਗੇ ਡੰਡੇ, ਸੋਟਿਆ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾ ਆਦਿ ਨਾਲ ਵਿਦਿਆਰਥੀਆ ਨੂੰ ਵੱਡੇ ਰੂਪ ਵਿਚ ਜਖਮੀ ਕਰਨ ਅਤੇ ਇਸ ਦੌਰਾਨ ਇਕ ਬੀਬੀ ਦੀ ਮੌਤ ਹੋ ਜਾਣ, ਇਕ ਦੀ ਅੱਖ ਨਿਕਲ ਜਾਣ ਕਾਰਨ ਉਤਪੰਨ ਹੋਈ ਸਥਿਤੀ ਉਤੇ ਤਿੰਨੇ ਫ਼ੌਜਾਂ ਦੇ ਜਰਨੈਲਾਂ ਨੂੰ ਇਸ ਸਥਿਤੀ ਨੂੰ ਕਾਬੂ ਕਰਨ ਲਈ ਅਗਲੀ ਰਣਨੀਤੀ ਬਣਾਉਣ ਅਤੇ ਸੋਚਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅੰਦਰੂਨੀ ਸਥਿਤੀ ਉਪਰੋਕਤ ਲਹਿਰ ਕਾਰਨ ਬਦਤਰ ਬਣਦੀ ਜਾ ਰਹੀ ਹੈ ਤਾਂ ਗੁਆਂਢੀ ਦੁਸਮਣ ਮੁਲਕ ਜਿਸ ਤਾਕ ਵਿਚ ਬੈਠੇ ਹਨ, ਉਸ ਸਥਿਤੀ ਨੂੰ ਕਿਵੇ ਕੰਟਰੋਲ ਕਰਨਾ ਹੈ, ਇਸ ਉਤੇ ਸੰਜ਼ੀਦਾ ਤੇ ਡੂੰਘੇ ਵਿਚਾਰ ਕਰਨ ਦੀ ਅੱਜ ਫ਼ੌਜ ਦੇ ਜਰਨੈਲਾਂ ਦੀ ਸਖਤ ਲੌੜ ਬਣ ਗਈ ਹੈ । ਕਿਉਂਕਿ ਦੁਸਮਣ ਮੁਲਕਾਂ ਕੋਲ ਅਸਲਾ ਤੇ ਸਟੈਲਥ ਜਹਾਜਾਂ ਦੀਆਂ ਵੱਡੀਆ ਖੇਪਾਂ ਤੇ ਆਧੁਨਿਕ ਹਥਿਆਰ ਹਨ । ਅਗਨੀਵੀਰ ਦੀ ਦਿਸ਼ਾਹੀਣ ਫ਼ੌਜੀ ਨੀਤੀ ਅਧੀਨ ਜੋ 4 ਸਾਲ ਲਈ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਹ ਤਾਂ ਮੋਦੀ ਸਰਕਾਰ ਦਾ ਫ਼ੌਜੀ ਅਸੂਲਾਂ, ਨਿਯਮਾਂ ਨਾਲ ਇਕ ਵੱਡਾ ਮਖੌਲ ਹੈ ਜਦੋਕਿ 4 ਸਾਲਾਂ ਵਿਚ ਤਾਂ ਇਕ ਫ਼ੌਜੀ ਨੂੰ ਅਸਲੇ ਦੀ ਸਾਂਭ-ਸੰਭਾਲ, ਟ੍ਰੇਨਿੰਗ ਦੀ ਵੀ ਸਮਝ ਨਹੀ ਆਉਦੀ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ੍ਰੀ ਮੋਦੀ ਨੇ ਸੂਝਵਾਨਤਾ ਤੋ ਕੰਮ ਨਾ ਲੈਦੇ ਹੋਏ ਵਿਦਿਆਰਥੀਆ ਨਾਲ ਜ਼ਬਰ ਸੁਰੂ ਕੀਤਾ ਹੈ, ਜਿਸ ਨਾਲ ਮੋਦੀ ਹਕੂਮਤ ਦੇ ਭਵਿੱਖ ਦੀ ਸਥਿਤੀ ਡਾਵਾਡੋਲ ਹੋ ਚੁੱਕੀ ਹੈ। ਇਸਦਾ ਵੀ ਪਤਾ ਤੇ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਸ੍ਰੀ ਮੋਦੀ ਹੁਣ ਲੰਮਾਂ ਸਮਾਂ ਰਹਿ ਸਕਦੇ ਹਨ ਜਾਂ ਨਹੀ ਅਤੇ ਨਵਾਂ ਚੇਹਿਰਾ ਕਿਹੋ ਜਿਹਾ ਹੋਵੇ ਜਿਸ ਉਤੇ ਲੋਕ ਵਿਸਵਾਸ ਕਰ ਸਕਣ । ਕਿਉਂਕਿ ਇਹ ਸਥਿਤੀ ਪੈਦਾ ਹੋਣ ਲਈ ਸਿੱਧੇ ਤੌਰ ਤੇ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਜਿੰਮੇਵਾਰ ਹੈ ਜਿਨ੍ਹਾਂ ਨੇ ਅੱਜ ਤੱਕ ਇਥੇ ਲੱਖਾਂ ਦੀ ਗਿਣਤੀ ਵਿਚ ਵੱਧਦੀ ਬੇਰੁਜਗਾਰੀ, ਗਰੀਬੀ ਦੀ ਰੇਖਾ ਤੋ ਹੇਠਾ ਰਹਿ ਰਹੇ ਕਰੋੜਾ ਨਿਵਾਸੀਆ, ਇਥੋ ਦੇ ਨਿਵਾਸੀਆ ਦੀਆਂ ਮੁੱਢਲੀਆ ਰੋਟੀ-ਕੱਪੜਾ-ਮਕਾਨ ਦੇ ਮਸਲੇ ਹੱਲ ਨਾ ਕਰਨ, ਆਪਣੀਆ ਸਵਾਰਥੀ ਨੀਤੀਆ ਰਾਹੀ ਬਹੁਗਿਣਤੀ ਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਨ । ਫਿਰ ਸਮੁੱਚੇ ਮੁਲਕ ਵਿਚ ਥਾਂ-ਥਾਂ ਤੇ ਗੰਦ ਦੇ ਢੇਰਾਂ ਨੂੰ ਸਾਫ ਨਾ ਕਰਵਾਉਣ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਾ ਹੋਣ, ਵੱਡੀਆ ਬਿਮਾਰੀਆ ਫੈਲਣ ਦੇ ਕਾਰਨ ਮੁਲਕ ਨਿਵਾਸੀ ਇਸ ਪ੍ਰਬੰਧ ਤੋ ਵੱਡੇ ਖਫਾ ਹੋ ਚੁੱਕੇ ਹਨ ।
ਜਿਥੋ ਤੱਕ ਪੰਜਾਬ ਸੂਬੇ ਦੀ ਸਥਿਤੀ ਹੈ ਉਹ ਹੋਰ ਵੀ ਪੇਚੀਦਾ ਹੈ । ਇਥੇ ਵੀ ਸਭ ਪਾਸੇ ਗਲੀਆ, ਨਾਲੀਆ, ਸੜਕਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ । ਕਿਸਾਨ-ਮਜਦੂਰ, ਵਿਦਿਆਰਥੀ, ਮੁਲਾਜਮ, ਸਫਾਈ ਕਰਮਚਾਰੀ ਆਪਣੀਆ ਜਾਇਜ ਮੰਗਾਂ ਲਈ ਨਿੱਤ ਦਿਹਾੜੇ ਸੜਕਾਂ ਤੇ ਧਰਨੇ-ਰੈਲੀਆ ਕਰਨ ਲਈ ਮਜਬੂਰ ਹਨ । ਕਾਨੂੰਨੀ ਵਿਵਸਥਾਂ ਡਾਵਾਡੋਲ ਹੋ ਚੁੱਕੀ ਹੈ । ਜਮਹੂਰੀ ਕਦਰਾਂ ਕੀਮਤਾਂ ਦਾ ਜਨਾਜ਼ਾਂ ਨਿਕਲਿਆ ਪਿਆ ਹੈ । ਬਰਸਾਤਾਂ ਸੁਰੂ ਹੋਣ ਵਾਲੀਆ ਹਨ ਅਤੇ ਦਰਿਆ, ਨਹਿਰਾਂ, ਕੱਸੀਆ, ਸੂਏ, ਚੋਏ ਆਦਿ ਦੀ ਨਾ ਤਾਂ ਸਫਾਈ ਕਰਵਾਈ ਗਈ ਹੈ ਅਤੇ ਨਾ ਹੀ ਇਨ੍ਹਾਂ ਦੇ ਕੰਡਿਆ ਦੀ ਮਜਬੂਤੀ ਕੀਤੀ ਗਈ ਹੈ । ਇਸ ਸੰਬੰਧ ਵਿਚ ਜਿਲ੍ਹਿਆ ਦੇ ਡਿਪਟੀ ਕਮਿਸਨਰਾਂ ਨੂੰ ਅਜੇ ਤੱਕ ਜੁਆਬਦੇਹ ਨਹੀ ਬਣਾਇਆ ਗਿਆ । ਜਦੋਕਿ ਮਾਲ ਵਿਭਾਗ ਦੇ ਮੈਨੂਅਲ ਵਿਚ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਉਪਰੋਕਤ ਸਭ ਨਹਿਰਾਂ, ਦਰਿਆਵਾ ਦੀ ਸਫਾਈ ਅਤੇ ਕੰਡੇ ਪੱਕੇ ਕਰਨ ਦੀ ਜਿੰਮੇਵਾਰੀ ਸੰਬੰਧਤ ਜਿਲ੍ਹਿਆ ਦੇ ਡਿਪਟੀ ਕਮਿਸਨਰ ਅਤੇ ਸਬ-ਡਿਵੀਜਨਾਂ ਦੇ ਐਸ.ਡੀ.ਐਮ ਦੀ ਹੁੰਦੀ ਹੈ । ਸਾਡੇ ਕੋਲ ਕੋਈ ਜਾਣਕਾਰੀ ਤੇ ਰਿਪੋਰਟ ਨਹੀ ਕਿ ਉਪਰੋਕਤ ਅਫਸਰਸਾਹੀ ਆਪਣੀਆ ਇਸ ਜਿੰਮੇਵਾਰੀਆ ਨੂੰ ਪੂਰਨ ਕਰ ਰਹੀ ਹੈ ਜਾ ਨਹੀ ।
ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਮੁਲਕ ਵਿਚ ਵਿਦਿਆਰਥੀਆ ਦਾ ਅੰਦੋਲਨ ਗੰਭੀਰ ਸਥਿਤੀ ਵੱਲ ਵੱਧ ਰਿਹਾ ਹੈ, ਲੇਕਿਨ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਸੂਰੀਆ ਕਾਤ ਬਹੁਤ ਗੈਰ ਜਿੰਮੇਵਰਾਨਾ ਢੰਗ ਨਾਲ ਪਹਿਲੇ ਤਾਂ ਵਿਦਿਆਰਥੀਆ ਨੂੰ ‘ਕਾਕਰੋਚ’ ਕਹਿਕੇ ਭੜਕਾਅ ਦਿੱਤਾ ਹੈ ਅਤੇ ਹੁਣ ਪੁਲਿਸ ਦੇ ਜ਼ਬਰ ਖਿਲਾਫ ਵਿਦਿਆਰਥੀਆ ਤੇ ਅੰਦੋਲਨਕਾਰੀਆ ਵੱਲੋ ਪਾਈ ਪਟੀਸਨ ਦੀ ਸੁਣਵਾਈ ਕਰਨ ਤੋ ਇਨਕਾਰ ਕਰਕੇ ਆਪਣੇ ਉੱਚ ਅਹੁਦੇ ਦੇ ਮਾਣ-ਸਤਿਕਾਰ ਨੂੰ ਖੁਦ ਹੀ ਠੇਸ ਨਹੀ ਪਹੁੰਚਾ ਰਹੇ ਬਲਕਿ ਆਪਣੀਆ ਮੁਲਕ ਅਤੇ ਮੁਲਕ ਨਿਵਾਸੀਆ ਦੀ ਹਰ ਖੇਤਰ ਵਿਚ ਹਿਫਾਜਤ ਕਰਨ ਸੰਬੰਧੀ ਜਿੰਮੇਵਾਰੀਆ ਤੋ ਵੀ ਭੱਜ ਰਹੇ ਹਨ । ਇਹ ਹੁਕਮਰਾਨ ਅਤੇ ਮੌਜੂਦਾ ਨਿਆਕਾਰ ਉਸੇ ਤਰ੍ਹਾਂ ਦੇ ਦੁੱਖਦਾਇਕ ਤੇ ਸਮਾਜ ਵਿਰੋਧੀ ਅਮਲ ਕਰ ਰਹੇ ਹਨ ਜਿਵੇ ‘ਇਕ ਸੱਪਣੀ ਆਪਣੇ ਬੱਚੇ ਪੈਦਾ ਕਰਕੇ ਖੁਦ ਹੀ ਖਾ ਜਾਂਦੀ ਹੈ’। ਹੁਕਮਰਾਨ ਤੇ ਨਿਆਪਾਲਿਕਾਂ ਆਪਣੇ ਹੀ ਨਿਵਾਸੀਆ ਨੂੰ ਡੰਡਿਆ ਆਦਿ ਨਾਲ ਜ਼ਬਰ ਕਰਕੇ ਉਨ੍ਹਾਂ ਨੂੰ ਮਾਰ ਖਪਾਉਣ ਦੀ ਬਜਰ ਗੁਸਤਾਖੀ ਕਰਦੇ ਨਜਰ ਆ ਰਹੇ ਹਨ ।