ਲੰਮੇ ਸਮੇ ਤੋਂ ਗੈਰ-ਕਾਨੂੰਨੀ ਢੰਗ ਨਾਲ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੂਨ ( ) “ਲੰਮੇ ਸਮੇ ਤੋਂ ਜੇਲ੍ਹਾਂ ਵਿਚ ਆਪਣੀਆ ਕਾਨੂੰਨੀ ਸਜਾਵਾਂ ਪੂਰੀਆ ਕਰ ਚੁੱਕੇ ਨੌਜਵਾਨਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਖ਼ਾਲਸਾ ਪੰਥ ਨਿਰੰਤਰ ਆਵਾਜ ਉਠਾਉਦਾ ਆ ਰਿਹਾ ਹੈ । ਲੇਕਿਨ ਮੁਲਕ ਦੇ ਹੁਕਮਰਾਨਾਂ ਅਤੇ ਸਰਕਾਰਾਂ ਵੱਲੋ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਜ਼ਬਰੀ ਬੰਦੀ ਬਣਾਕੇ ਸਿੱਖ ਕੌਮ ਦੇ ਮਨ ਵਿਚ ਉੱਠੇ ਰੋਹ ਨੂੰ ਹੋਰ ਪ੍ਰਬਲ ਕਰਨ ਦੇ ਅਮਲ ਕਦਾਚਿਤ ਲਾਹੇਵੰਦ ਨਤੀਜੇ ਨਹੀ ਕੱਢ ਸਕਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਢੰਗਾਂ ਰਾਹੀ ਮੁਲਕ ਦੇ ਹੁਕਮਰਾਨਾਂ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਆਪਣੀਆ ਕਾਨੂੰਨੀ ਸਜਾਵਾਂ ਪੂਰੀਆ ਕਰ ਲਈਆ ਹਨ ਅਤੇ ਜਿਨ੍ਹਾਂ ਨੂੰ ਕਾਨੂੰਨ ਤੇ ਅਦਾਲਤਾਂ ਵੱਲੋ ਰਿਹਾਅ ਕਰਨਾ ਬਣਦਾ ਹੈ, ਉਨ੍ਹਾਂ ਨੂੰ ਰਿਹਾਅ ਕਰਕੇ ਸਿੱਖ ਕੌਮ ਦੇ ਮਨਾਂ ਨੂੰ ਸ਼ਾਂਤ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇ ਸਮੇ ਤੋ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਏ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ਗਏ । ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਇਨ੍ਹਾਂ ਨੌਜਵਾਨਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਊਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਆਨੰਦ ਸਿੰਘ, ਸੁਬੇਗ ਸਿੰਘ, ਬਲਵੀਰ ਸਿੰਘ ਬੀਰਾ, ਦਿਲਬਾਗ ਸਿੰਘ, ਗੁਰਦੀਪ ਸਿੰਘ ਖੇੜਾ, ਗੁਰਜੰਟ ਸਿੰਘ, ਗੁਰਮੀਤ ਸਿੰਘ, ਗੁਰਮੁੱਖ ਸਿੰਘ, ਹਰਜੀਤ ਸਿੰਘ ਕਾਲਾ, ਲਖਵਿੰਦਰ ਸਿੰਘ, ਲਾਲ ਸਿੰਘ, ਮੱਖਣ ਸਿੰਘ, ਪਾਲ ਸਿੰਘ, ਸ਼ਮਸੇਰ ਸਿੰਘ, ਸਵਰਨ ਸਿੰਘ, ਵਰਿਆਮ ਸਿੰਘ, ਮਾਨ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਸਰੂਪ ਸਿੰਘ, ਅਵਤਾਰ ਸਿੰਘ, ਸੇਵਾ ਸਿੰਘ ਆਦਿ ਨੌਜ਼ਵਾਨ, ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਜੀ ਦੇ ਸਪੁੱਤਰ ਸ. ਗੁਰਮੁੱਖ ਸਿੰਘ ਬੀਤੇ 5 ਸਾਲਾਂ ਤੋਂ ਬਿਨ੍ਹਾਂ ਕਿਸੇ ਕਾਰਨ ਤੋ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ।