ਸ. ਤਨਮਨਜੀਤ ਸਿੰਘ ਢੇਸੀ ਦੀਆਂ ਪੰਜਾਬ ਪੱਖੀ ਗੱਲਾਂ ਦਾ ਵਿਰੋਧ ਕਰਨ ਵਾਲੇ ਲੋਕ, ਅਸਲੀਅਤ ਵਿਚ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਦੁਸ਼ਮਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਬਰਤਾਨੀਆ ਦੇ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਜੋ ਪੰਜਾਬ ਦੀ ਆਪਣੀ ਜਨਮ ਭੂਮੀ ਧਰਤੀ ਉਤੇ ਆਏ ਹੋਏ ਹਨ, ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਲ ਸਿੱਖਾਂ, ਜਿ਼ੰਮੀਦਾਰਾਂ, ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀਆਂ ਦੀਆਂ ਜ਼ਮੀਨਾਂ ਦੇ ਹੋ ਰਹੇ ਕਬਜਿਆ ਨੂੰ ਲੈਕੇ ਅਤੇ ਪੰਜਾਬ ਵਿਚ ਬਰਤਾਨੀਆ-ਇੰਡੀਆਂ ਦੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਹੋਏ ਵਿਚਾਰ-ਵਟਾਂਦਰੇ ਨੂੰ ਜੋ ਫਿਰਕੂ ਲੋਕ ਬਿਨ੍ਹਾਂ ਕਿਸੇ ਦਲੀਲ ਦੇ ਸ. ਢੇਸੀ ਅਤੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਦੇ ਨਾਮ ਦੇ ਕੇ ਬਦਨਾਮ ਕਰਨ ਦੇ ਮਨਸੂਬਿਆ ਤੇ ਅਮਲ ਕਰ ਰਹੇ ਹਨ, ਅਸਲੀਅਤ ਵਿਚ ਅਜਿਹੇ ਲੋਕ ਹੀ ਅੱਤਵਾਦੀ ਹਨ ਜੋ ਪੰਜਾਬ ਦੇ ਅਮਨ-ਚੈਨ ਤੇ ਮਾਹੌਲ ਨੂੰ ਗੰਧਲਾ ਕਰਕੇ ਆਪਣੇ ਸਿਆਸੀ, ਮਾਲੀ, ਪਰਿਵਾਰਿਕ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਲੱਗੇ ਹੋਏ ਹਨ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇ ਸਮੇ ਤੋ ਬਰਤਾਨੀਆ ਦੀ ਧਰਤੀ ਉਤੇ ਉੱਚੇ ਸਿਆਸੀ ਅਹੁਦਿਆ ਉਤੇ ਕੰਮ ਕਰਦੇ ਆ ਰਹੇ ਅਤੇ ਬਾਹਰਲੇ ਮੁਲਕ ਵਿਚ ਵਿਚਰਦੇ ਹੋਏ ਵੀ ਆਪਣੀ ਜਨਮ ਭੂਮੀ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹਰ ਤਰ੍ਹਾਂ ਦੇ ਮਸਲਿਆ ਨੂੰ ਸਹੀ ਪਹੁੰਚ ਅਪਣਾਕੇ ਹੱਲ ਕਰਨ ਦੀ ਡੂੰਘੀ ਇੱਛਾ ਰੱਖਣ ਵਾਲੇ ਸ. ਤਨਮਨਜੀਤ ਸਿੰਘ ਢੇਸੀ ਦੀ ਪੰਜਾਬ ਫੇਰੀ ਦੌਰਾਨ ਫਿਰਕੂਆਂ ਵੱਲੋਂ ਬਿਨ੍ਹਾਂ ਕਿਸੇ ਦਲੀਲ, ਤੱਥ ਦੇ ਉਨ੍ਹਾਂ ਨੂੰ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਤਨਮਨਜੀਤ ਸਿੰਘ ਢੇਸੀ ਬਰਤਾਨੀਆ ਦੇ ਅੱਛੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆ ਦੇ ਉੱਚ ਵਿਦਿਆ ਹਾਸਿਲ ਪੰਜਾਬੀ ਸਿੱਖ ਹਨ । ਜਿਨ੍ਹਾਂ ਨੇ ਬਰਤਾਨੀਆ ਦੀ ਧਰਤੀ ਤੇ ਜਾ ਕੇ ਮਨੁੱਖਤਾ, ਅਮਨ-ਚੈਨ, ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੌਮਾਂਤਰੀ ਪੱਧਰ ਤੇ ਵੱਡੇ ਉਦਮ ਕੀਤੇ ਹਨ । ਜੋ ਅਕਸਰ ਹੀ ਆਪਣੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਉਸਾਰੂ ਸੋਚ ਰੱਖਦੇ ਹੋਏ ਅਮਲ ਕਰਦੇ ਆ ਰਹੇ ਹਨ । ਜੋ ਫਿਰਕੂ ਲੋਕ ਸ. ਢੇਸੀ ਦੀ ਸਖਸ਼ੀਅਤ ਨੂੰ ਨਿਸ਼ਾਨਾਂ ਬਣਾ ਰਹੇ ਹਨ, ਉਹ ਅਜਿਹੇ ਮੰਦਭਾਵਨਾ ਭਰੇ ਅਮਲ ਕਰਕੇ ਸ. ਢੇਸੀ ਵਰਗੀਆ ਸਖਸ਼ੀਅਤਾਂ ਦੇ ਹੌਸਲੇ ਨੂੰ ਢਹਿ-ਢੇਰੀ ਕਰਨਾ ਲੋੜਦੇ ਹਨ । ਜਦੋਕਿ ਉਹ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ, ਇਥੋ ਦੀ ਆਬੋਹਵਾ ਨੂੰ ਖੁਸਗਵਾਰ ਬਣਾਉਣ ਲਈ ਅਮਲੀ ਰੂਪ ਵਿਚ ਕੰਮ ਕਰ ਰਹੇ ਹਨ । ਸ. ਢੇਸੀ ਨੂੰ ਨਿਸ਼ਾਨਾਂ ਬਣਾਉਣ ਤੋ ਪਹਿਲੇ ਅਜਿਹੇ ਲੋਕਾਂ ਨੂੰ ਆਪਣੀਆ ਆਤਮਾਵਾ ਅੰਦਰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ, ਜੋ ਸਮਾਜ ਵਿਚ ਨਫਰਤ ਫੈਲਾਕੇ ਮਨੁੱਖਤਾ ਲਈ ਕੰਮ ਕਰਨ ਵਾਲੀਆ ਸਖਸ਼ੀਅਤਾਂ ਲਈ ਵਿਰੋਧਤਾ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ. ਤਨਮਨਜੀਤ ਸਿੰਘ ਢੇਸੀ ਨੇ ਪੰਜਾਬ, ਹਰਿਆਣਾ ਤੇ ਮੁਲਕ ਦੇ ਕਿਸਾਨਾਂ ਨਾਲ ਹੋ ਰਹੀਆ ਹਕੂਮਤੀ ਜਿਆਦਤੀਆ ਵਿਰੁੱਧ ਜੇਕਰ ਬਾਦਲੀਲ ਢੰਗ ਨਾਲ ਬਰਤਾਨੀਆ ਦੀ ਸੰਸਦ ਦੀ ਪਾਰਲੀਮੈਂਟ ਦੇ ਪਲੇਟਫਾਰਮ ਉਤੇ ਕੌਮਾਂਤਰੀ ਪੱਧਰ ਤੇ ਆਵਾਜ ਉਠਾਉਦੇ ਰਹੇ ਹਨ, ਤਾਂ ਉਨ੍ਹਾਂ ਨੇ ਕਿਹੜੇ ਕਾਨੂੰਨ ਜਾਂ ਸਮਾਜਿਕ ਕਦਰਾਂ-ਕੀਮਤਾਂ ਦਾ ਉਲੰਘਣ ਕੀਤਾ ਹੈ ਜਿਸ ਲਈ ਹਿੰਦੂਤਵ ਸੋਚ ਦੇ ਫਿਰਕੂ ਲੋਕ ਅਤੇ ਇੰਡੀਆ ਦੇ ਸਿਆਸਤਦਾਨ ਸ. ਤਨਮਨਜੀਤ ਸਿੰਘ ਢੇਸੀ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਗੈਰ-ਦਲੀਲ ਗੱਲ ਕਰ ਰਹੇ ਹਨ ? ਕੀ ਉਨ੍ਹਾਂ ਨੂੰ ਗੁਰੂ ਦੇ ਪੱਕੇ ਸਿੱਖ ਹੋਣ ਦੀ ਬਦੌਲਤ ਇਨ੍ਹਾਂ ਤਾਕਤਾਂ ਵੱਲੋ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ? ਸ. ਟਿਵਾਣਾ ਨੇ ਸ. ਤਨਮਨਜੀਤ ਸਿੰਘ ਢੇਸੀ ਵੱਲੋ ਬਾਹਰਲੇ ਮੁਲਕਾਂ ਦੀ ਧਰਤੀ ਉਤੇ ਵਿਚਰਦੇ ਹੋਏ ਵੀ ਆਪਣੀ ਜਨਮ ਭੂਮੀ ਪੰਜਾਬ ਅਤੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਡੂੰਘੀ ਸੋਚ ਉਤੇ ਫਖਰ ਕਰਦੇ ਹੋਏ ਕਿਹਾ ਕਿ ਜਿਸ ਇਨਸਾਨ ਨੇ ਆਪਣੀ ਮਿਹਨਤ, ਲਿਆਕਤ ਅਤੇ ਦੂਰਅੰਦੇਸ਼ੀ ਦੀ ਸਹੀ ਵਰਤੋ ਕਰਦੇ ਹੋਏ ਵੱਡੀਆ ਪੰਲਾਘਾ ਪੁੱਟਦੇ ਹੋਏ ਮੰਜਿਲ ਉਤੇ ਪਹੁੰਚਣ ਤੇ ਵੀ ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਪੂਰਨ ਪਹਿਰਾ ਦਿੰਦੇ ਹੋਏ ਅਮਲੀ ਜੀਵਨ ਵਿਚ ਹੋਣ ਅਜਿਹੇ ਇਨਸਾਨ ਦੀ ਮੰਦਭਾਵਨਾ ਅਧੀਨ ਵਿਰੋਧਤਾ ਕਰਨ ਦੀ ਬਜਾਇ ਹੌਸਲਾ ਅਫਜਾਈ ਕਰਨਾ ਬਣਦਾ ਹੈ । ਨਾ ਕਿ ਅਜਿਹੀ ਸਖਸ਼ੀਅਤ ਨੂੰ ਘਸੀਆ-ਪਿੱਟੀਆ ਦਲੀਲਾਂ ਰਾਹੀ ਬਦਨਾਮ ਕਰਨ ਦਾ ।