ਜੇਕਰ ਮਿਸਟਰ ਬੋਰਿਸ ਜੋਹਨਸਨ ਸਾਡੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦੀ ਗੱਲ ਨੂੰ ਆਪਣੇ ਦੌਰੇ ਦੌਰਾਨ ਸਪੱਸਟ ਕਰਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਮਿਸਟਰ ਬੋਰਿਸ ਜੋਹਨਸਨ ਵਜ਼ੀਰ-ਏ-ਆਜ਼ਮ ਬਰਤਾਨੀਆ ਜੋ ਹੁਣੇ ਹੀ ਇੰਡੀਆਂ ਦੌਰੇ ਤੇ ਆਏ ਹਨ, ਜੇਕਰ ਉਹ ਬੀਤੇ ਸਮੇਂ 1984 ਵਿਚ ਇੰਡੀਆਂ, ਬਰਤਾਨੀਆ ਅਤੇ ਰੂਸ ਵੱਲੋਂ ਸਾਡੀ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਗਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਬਾਰੇ ਸਿੱਖ ਕੌਮ ਨੂੰ ਆਪਣੀ ਸਥਿਤੀ ਸਪੱਸਟ ਕਰਨ ਤਾਂ ਅਸੀਂ ਉਨ੍ਹਾਂ ਦੇ ਇੰਡੀਆ ਆਉਣ ਦੇ ਦੌਰੇ ਉਤੇ ਸਵਾਗਤ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਬੋਰਿਸ ਜੋਹਨਸਨ ਦੇ ਇੰਡੀਆ ਪਹੁੰਚਣ ਉਤੇ 1984 ਵਿਚ ਸਟੇਟਲੈਸ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਉਤੇ 3 ਮੁਲਕਾਂ ਬਰਤਾਨੀਆ, ਰੂਸ ਅਤੇ ਇੰਡੀਆ ਵੱਲੋਂ ਬਲਿਊ ਸਟਾਰ ਦੇ ਕੀਤੇ ਗਏ ਫ਼ੌਜੀ ਹਮਲੇ ਸੰਬੰਧੀ ਆਪਣੀ ਸਥਿਤੀ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ 25 ਹਜਾਰ ਦੇ ਕਰੀਬ ਨਿਰਦੋਸ਼ ਅਤੇ ਨਿਹੱਥੇ ਸਰਧਾਲੂ ਸ਼ਹੀਦ ਕਰ ਦਿੱਤੇ ਗਏ ਅਤੇ ਸਾਡੀ ਨੌਜ਼ਵਾਨੀ ਲੀਡਰਸਿ਼ਪ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅਤੇ ਸਾਡੇ ਇਤਿਹਾਸਿਕ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਬੇਸਕੀਮਤੀ ਇਤਿਹਾਸਿਕ ਵਸਤਾਂ, ਦਸਤਾਵੇਜ, ਟ੍ਰਾਫੀਜ ਜੋ ਫ਼ੌਜ ਲੁੱਟਕੇ ਲੈ ਗਈ ਸੀ ਉਹ ਸਾਨੂੰ ਅੱਜ ਤੱਕ ਵਾਪਸ ਨਹੀ ਕੀਤੇ ਗਏ । ਬਰਤਾਨੀਆ ਦੀ ਅਮਨ ਚੈਨ ਨੂੰ ਪਿਆਰ ਕਰਨ ਵਾਲੇ ਇਸ ਸਭ ਵਰਤਾਰੇ ਤੋਂ ਅਣਭਿੱਜ ਕਿਉਂ ਹਨ ? ਸਿੱਖ ਕੌਮ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਬਰਤਾਨੀਆ, ਰੂਸ ਅਤੇ ਇੰਡੀਆ ਦੀਆਂ ਤਿੰਨੇ ਫੌਜਾਂ ਨੇ 1984 ਵਿਚ ਸਟੇਟਲੈਸ ਸਿੱਖ ਕੌਮ ਨਾਲ ਇਹ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਜਬਰ ਜੁਲਮ ਕਿਉ ਕੀਤਾ ਅਤੇ ਸਾਡੇ ਸਰਬਉੱਚ ਅਸਥਾਨਾਂ ਨੂੰ ਢਹਿ-ਢੇਰੀ ਕਿਉਂ ਕੀਤਾ ? ਉਨ੍ਹਾਂ ਕਿਹਾ ਕਿ ਜਦੋ ਸਿੱਖ ਕੌਮ ਵਰਗੀ ਬਹਾਦਰ ਕੌਮ ਨੇ ਪਹਿਲੀ ਸੰਸਾਰ ਜੰਗ ਅਤੇ ਦੂਸਰੀ ਸੰਸਾਰ ਜੰਗ ਵਿਚ ਮੋਹਰਲੀਆ ਕਤਾਰਾ ਵਿਚ ਖੜ੍ਹਕੇ ਵੱਡੀਆ ਕੁਰਬਾਨੀਆ ਕਰਕੇ ਕਾਮਨਵੈਲਥ ਮੁਲਕਾਂ ਦੇ ਪੱਖ ਵਿਚ ਸ਼ਹਾਦਤਾਂ ਦਿੱਤੀਆ, ਫਿਰ ਇਖਲਾਕੀ ਤੌਰ ਤੇ ਮਿਸਟਰ ਜੋਹਨਸਨ ਸਾਨੂੰ ਦੱਸਣ ਕਿ ਬਰਤਾਨੀਆ ਨੇ ਸਿੱਖ ਕੌਮ ਵਿਰੁੱਧ ਇੰਡੀਆ ਦੇ ਫ਼ੌਜੀ ਹਮਲੇ ਵਿਚ ਸਾਥ ਕਿਉਂ ਦਿੱਤਾ ? 

ਜਿਨ੍ਹਾਂ ਬੀਜੇਪੀ-ਆਰ.ਐਸ.ਐਸ. ਵਰਗੇ ਫਿਰਕੂ ਸੰਗਠਨਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਮਰਹੂਮ ਇੰਦਰਾ ਗਾਂਧੀ ਦੀ ਇਸ ਸਿੱਖ ਵਿਰੋਧੀ ਮੰਦਭਾਵਨਾ ਤੇ ਸਾਜਿਸ ਵਿਚ ਸਹਿਯੋਗ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਕਰ ਰਹੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਕਾਂਗਰਸ ਪਾਰਟੀ ਵੀ ਸਾਨੂੰ ਸਪੱਸਟ ਕਰੇ ਕਿ ਸਿੱਖ ਕੌਮ ਨਾਲ ਅਜਿਹੀ ਬੇਇਨਸਾਫ਼ੀ ਤੇ ਜ਼ਬਰ ਜੁਲਮ ਵਾਲੀਆ ਕਾਰਵਾਈਆ ਵਿਚ ਉਨ੍ਹਾਂ ਨੇ ਭਾਗ ਕਿਉਂ ਲਿਆ ? 1984 ਵਿਚ ਬਰਤਾਨੀਆ, ਰੂਸ ਅਤੇ ਹਿੰਦੂ ਇੰਡੀਆ ਨੇ ਜ਼ਬਰ-ਜੁਲਮ, ਯਾਦਗਰਾਂ ਨੂੰ ਤਬਾਹ ਕਰਨ, ਬਰਬਾਦੀ ਅਤੇ ਨਸਲਕੁਸੀ ਕੀਤੀ, ਉਨ੍ਹਾਂ ਵਿਰੁੱਧ ਕੌਮਾਂਤਰੀ ਨੈਸ਼ਨਲ ਕਰੀਮੀਨਲ ਕੋਰਟ ਹੇਗ ਵਿਚ ‘ਜੰਗੀ ਅਪਰਾਧ’ ਦੇ ਕਾਨੂੰਨ ਹੇਠ ਮੁਕੱਦਮੇ ਦਰਜ ਹੋ ਕੇ ਅਗਲੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮਨੁੱਖਤਾ ਪੱਖੀ ਮਿਸ਼ਨ ਲਈ ਸਭ ਅਮਨ ਪਸ਼ੰਦ ਤੇ ਇਨਸਾਫ਼ ਪਸ਼ੰਦ ਮੁਲਕਾਂ ਨੂੰ ਧਾਰਮਿਕ ਅਤੇ ਮਨੁੱਖੀ ਹੱਕਾਂ ਦੀ ਆਜਾਦੀ ਦੀ ਸੋਚ ਅਧੀਨ ਇਸਦੀ ਅਗਲੇਰੀ ਕਾਰਵਾਈ ਲਈ ਆਪਣੀ ਪ੍ਰਵਾਨਗੀ ਦੇਣੀ ਬਣਦੀ ਹੈ ।

Leave a Reply

Your email address will not be published. Required fields are marked *