ਬੇਸੱਕ ਭਗਵੰਤ ਸਿੰਘ ਮਾਨ ਨੇ ਬਜਰ ਕੁਰਹਿਤ ਕੀਤੀ ਹੈ, ਪਰ 1978 ਦੇ ਨਿਰੰਕਾਰੀ ਸਾਕੇ ਸਮੇ ਬਾਦਲ ਸੰਬੰਧੀ ਪ੍ਰਗਟਾਈ ਸੱਚਾਈ ਸਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਬੇਸੱਕ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀਆਂ ਫੋਟੋਆਂ ਉਤੇ ਪੇਸਾਬ ਕਰਕੇ ਜਾਂ ਸ਼ਰਾਬ ਦੇ ਛਿੱਟੇ ਮਾਰਕੇ ਨਾ ਬਖਸਣ ਯੋਗ ਬਜਰ ਗੁਸਤਾਖੀ ਕੀਤੀ ਹੈ, ਲੇਕਿਨ ਜੋ ਉਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਸੰਬੰਧੀ 1978 ਦੇ ਨਿਰੰਕਾਰੀ ਬਾਬੇ ਵੱਲੋ ਸਿੰਘਾਂ ਉਤੇ ਗੋਲੀਆ ਚਲਾਕੇ ਸ਼ਹੀਦ ਕਰਨ ਉਪਰੰਤ ਨਿਰੰਕਾਰੀ ਬਾਬੇ ਅਤੇ ਉਸਦੇ ਸਮਰੱਥਕਾਂ ਨੂੰ ਆਪਣੀਆ ਗੱਡੀਆਂ ਵਿਚ ਦਿੱਲੀ ਸੁਰੱਖਿਅਤ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ ਸੀ, ਉਸ ਸੰਬੰਧੀ ਉਸਨੇ ਸੱਚ ਦਾ ਹੀ ਪ੍ਰਗਟਾਵਾ ਕੀਤਾ ਹੈ । ਪਰ ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੇ ਗੰਭੀਰ ਮੁੱਦੇ ਨੂੰ ਲੈਕੇ ਮੋਰਚਾ ਚੱਲ ਰਿਹਾ ਸੀ ਤਾਂ ਉਸ ਸਮੇ ਵੀ ਸ. ਭਗਵੰਤ ਸਿੰਘ ਮਾਨ ਸਰਾਬ ਨਾਲ ਰੱਜੇ ਹੋਏ ਪੌੜੀਆ ਚੜ੍ਹਕੇ ਉਥੇ ਪਹੁੰਚ ਗਏ ਸਨ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਸੀ । ਪਰ ਸਾਡੇ ਬੰਦਿਆ ਨੇ ਇਨ੍ਹਾਂ ਨੂੰ ਫੜਕੇ ਗੱਡੀ ਵਿਚ ਬਿਠਾਇਆ ਸੀ । ਪਰ ਦੇਖਣ ਵਾਲੀ ਗੱਲ ਹੈ ਕਿ ਜੋ ਉਪਰੋਕਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਸੱਚ ਅੱਜ ਪ੍ਰਗਟਾਇਆ ਜਾ ਰਿਹਾ ਹੈ, ਸ. ਭਗਵੰਤ ਸਿੰਘ ਮਾਨ ਨੇ ਇਸ ਨੂੰ ਪਹਿਲੇ ਕਿਉ ਨਹੀ ਉਜਾਗਰ ਕੀਤਾ ? ਬਰਗਾੜੀ ਗੋਲੀ ਕਾਂਡ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਕਿਉ ਨਹੀ ਕੀਤਾ ਗਿਆ ਅਤੇ ਸਜਾਵਾ ਕਿਉ ਨਹੀ ਦਿੱਤੀਆ ਗਈਆ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਸ. ਬਾਦਲ ਸੰਬੰਧੀ ਪ੍ਰਗਟਾਏ ਵਿਚਾਰਾਂ ਦੀ ਗੱਲ ਕਰਦੇ ਹੋਏ ਅਤੇ ਉਨ੍ਹਾਂ ਵੱਲੋ ਸਮੇ-ਸਮੇ ਤੇ ਸ਼ਰਾਬ ਪੀ ਕੇ ਗੁਰੂ ਸਾਹਿਬਾਨ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀਆਂ ਫੋਟੋਗ੍ਰਾਂਫ ਦੇ ਕੀਤੇ ਗਏ ਅਪਮਾਨ ਨੂੰ ਨਾ ਬਖਸਣਯੋਗ ਬਜਰ ਗੁਸਤਾਖੀ ਕਰਾਰ ਦਿੰਦੇ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਉਨ੍ਹਾਂ ਸੰਬੰਧੀ ਹੋਏ ਹੁਕਮਾਂ ਨਾਲ ਸਹਿਮਤੀ ਪ੍ਰਗਟਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜੋ ਸ. ਭਗਵੰਤ ਸਿੰਘ ਮਾਨ ਗੈਰ ਦਲੀਲ ਢੰਗ ਨਾਲ ਆਪਣੀ ਸਫਾਈ ਦੇ ਰਹੇ ਹਨ ਕਿ ਇਹ ਉਨ੍ਹਾਂ ਦੀ ਫੋਟੋ ਨਹੀ ਹੈ, ਇਹ ਤਾਂ ਅਸੀ ਉਸ ਸਮੇ ਹੀ ਪ੍ਰਵਾਨ ਕਰਾਂਗੇ ਜਦੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਸੰਬੰਧੀ ਕੌਮ ਨੂੰ ਕੋਈ ਦਿਸ਼ਾ ਨਿਰਦੇਸ ਦੇਣਗੇ । ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਉਸ ਪਦਵੀ ਦੇ ਅਹਿਮ ਜਥੇਦਾਰ ਸਿੱਖ ਕੌਮ ਲਈ ਸਰਬਉੱਚ ਹਨ । ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਨੇ ਇਕ ਹੋਰ ਵੀ ਬਜਰ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਹੈ ਕਿ ਜੋ ਸਾਡੇ ਫਖਰਨੁਮਾ ਇਤਿਹਾਸ ਨਾਲ ਸੰਬੰਧਤ ਚੱਪੜਚਿੜੀ ਦਾ ਮੈਦਾਨ ਏ ਜੰਗ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਹਿ ਕੀਤਾ ਸੀ, ਉਸ ਮਹਾਨ ਸਖਸੀਅਤ ਨੂੰ ਨਜਰਅੰਦਾਜ ਕਰਕੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਇਨ੍ਹਾਂ ਨੇ ਉਸ ਭਗਤ ਸਿੰਘ ਦੇ ਨਾਮ ਉਤੇ ਰੱਖਵਾਇਆ ਹੈ ਜਿਸਨੇ ਇਕ ਨਿਰਦੋਸ ਅੰਗਰੇਜ ਅਫਸਰ ਸਾਡਰਸ ਅਤੇ ਅੰਮ੍ਰਿਤਧਾਰੀ ਹੌਲਦਾਰ ਸ. ਚੰਨਣ ਸਿੰਘ ਨੂੰ ਮਾਰਿਆ ਅਤੇ ਅਸੈਬਲੀ ਵਿਚ ਬੰਬ ਰੱਖਕੇ ਸਾਡੇ ਨੁਮਾਇੰਦਿਆ ਦੀ ਜਾਨ ਨਾਲ ਖਿਲਵਾੜ ਕਰਨ ਦੀ ਕੋਸਿਸ ਕੀਤੀ ਸੀ । ਅਜਿਹੇ ਬੰਦੇ ਦੇ ਨਾਮ ਉਤੇ ਹਵਾਈ ਅੱਡੇ ਦਾ ਨਾਮ ਰੱਖਕੇ ਵੀ ਬਜਰਗੁਸਤਾਖੀ ਕੀਤੀ ਹੈ ।