ਇਰਾਨ-ਅਮਰੀਕਾ ਦੇ ਹੋਏ ਸਮਝੌਤੇ ਲਈ ਜਿਥੇ ਅਸੀਂ ਮਿਸਟਰ ਟਰੰਪ ਨੂੰ ਵਧਾਈ ਦਿੰਦੇ ਹਾਂ, ਉਥੇ ਜਨਾਬ ਨਵਾਜ ਸਰੀਫ ਅਤੇ ਮਿਸਟਰ ਮੂਨੀਰ ਨੂੰ ਵੀ ਕੌਮਾਂਤਰੀ ਸਨਮਾਨ ਮਿਲਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਜੋ ਬੀਤੇ ਦਿਨੀਂ ਇਰਾਨ ਅਤੇ ਅਮਰੀਕਾ ਦੀ 4 ਮਹੀਨਿਆ ਤੋ ਚੱਲਦੀ ਆ ਰਹੀ ਸਮੁੱਚੇ ਸੰਸਾਰ ਨਿਵਾਸੀਆ ਨੂੰ ਪ੍ਰਭਾਵਿਤ ਕਰਨ ਵਾਲੀ ਜੰਗ ਦਾ ਖਾਤਮਾ ਕਰਕੇ ਮਿਸਟਰ ਟਰੰਪ ਨੇ ਇਹ ਸਮਝੌਤਾ ਕੀਤਾ ਹੈ ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਮਿਸਟਰ ਟਰੰਪ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹੈ, ਉਥੇ ਹੀ ਇਹ ਵੀ ਮਹਿਸੂਸ ਕਰਦੀ ਹੈ ਕਿ ਇਸ ਉਦਮ ਨੂੰ ਸਿਰੇ ਚੜਾਉਣ ਲਈ ਪਾਕਿਸਤਾਨ ਦੇ ਵਜੀਰ ਏ ਆਜਮ ਸ੍ਰੀ ਨਵਾਜ ਸਰੀਫ ਅਤੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਤੇ ਸੀਡੀਐਸ ਜਨਾਬ ਆਸਿਮ ਮੂਨੀਰ ਨੇ ਜੋ ਸੁਹਿਰਦਤਾ ਤੇ ਦ੍ਰਿੜਤਾ ਭਰੇ ਉਦਮ ਕੀਤੇ ਹਨ, ਉਨ੍ਹਾਂ ਲਈ ਉਨ੍ਹਾਂ ਨੂੰ ਇਵਜਾਨਾ ਮਿਲਣ ਦੇ ਨਾਲ-ਨਾਲ ਕੌਮਾਂਤਰੀ ਪੱਧਰ ਦਾ ਸਨਮਾਨ ਵੀ ਮਿਲਣਾ ਚਾਹੀਦਾ ਹੈ । ਕਿਉਂਕਿ ਉਨ੍ਹਾਂ ਨੇ ਇਸ ਵਿਚ ਕੌਮਾਂਤਰੀ ਪੱਧਰ ਦੇ ਅਮਨ ਚੈਨ ਨੂੰ ਕਾਇਮ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਨ-ਅਮਰੀਕਾ ਦੀ ਖਾੜੀ ਜੰਗ ਨੂੰ ਸੁਹਿਰਦਤਾ ਨਾਲ ਖਤਮ ਕਰਨ ਲਈ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਵੱਲੋ ਕੀਤੇ ਗਏ ਫੈਸਲੇ ਲਈ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਪਾਕਿਸਤਾਨ ਦੇ ਵਜੀਰ ਏ ਆਜਮ ਸ੍ਰੀ ਨਵਾਜ ਸਰੀਫ਼ ਅਤੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਤੇ ਸੀਡੀਐਸ ਜਨਾਬ ਆਸਿਮ ਮੂਨੀਰ ਵੱਲੋ ਇਸ ਅਹਿਮ ਮੁੱਦੇ ਉਤੇ ਨਿਭਾਈ ਗਈ ਭੂਮਿਕਾ ਲਈ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਮਾਣ-ਸਨਮਾਨ ਅਤੇ ਇਵਜਾਨਾ ਮਿਲਣ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੈਟਰ ਦੀ ਮੋਦੀ ਹਕੂਮਤ ਤੋ ਮੰਗ ਕੀਤੀ ਕਿ ਉਹ ਇਥੋ ਦੇ ਜਿੰਮੀਦਾਰਾਂ ਅਤੇ ਲਾਲੇ-ਬਾਣੀਆ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਮਾਲੀ ਹਾਲਤ ਨੂੰ ਸਹੀ ਕਰਨ ਹਿੱਤ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਤੁਰੰਤ ਖੋਲਣ ਦਾ ਐਲਾਨ ਕਰਨ । ਜਿਸ ਨਾਲ ਜਿੰਮੀਦਾਰਾਂ ਨੂੰ ਆਪਣੀਆ ਫਸਲਾਂ ਅਤੇ ਲਾਲਿਆ-ਵਪਾਰੀਆ ਨੂੰ ਆਪਣੇ ਉਤਪਾਦਾਂ ਦੀ ਸਹੀ ਕੀਮਤ ਪ੍ਰਾਪਤ ਹੋਵੇਗੀ । ਇਸ ਨਾਲ ਬੇਰੁਜਗਾਰੀ ਵੀ ਖਤਮ ਹੋਵੇਗੀ ਅਤੇ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਅਤੇ ਮਾਲੀ ਹਾਲਤ ਚੰਗੇਰੀ ਬਣ ਜਾਵੇਗੀ ।