ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਰਹਿਣ ਦੀ ਬਜਾਇ, ਸ. ਧਾਮੀ ਦਾ ਚੌਕ ਮਹਿਤੇ ਜਾਣਾ ਬੀਜੇਪੀ-ਆਰ.ਐਸ.ਐਸ. ਦੀ ਸਾਂਝ ਨੂੰ ਪ੍ਰਤੱਖ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 10 ਜੂਨ ( ) “ਸ. ਹਰਜਿੰਦਰ ਸਿੰਘ ਧਾਮੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਹਨ । ਜੋ ਪ੍ਰੋਗਰਾਮ ਸਮੁੱਚੀ ਸਿੱਖ ਕੌਮ ਵੱਲੋ ਸਾਂਝੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਹਨ, ਉਨ੍ਹਾਂ ਸਮਾਗਮਾਂ ਵਿਚ ਪੂਰਾ ਸਮਾਂ ਉਨ੍ਹਾਂ ਦੀ ਸਮੂਲੀਅਤ ਕਰਨ ਦੀ ਇਖਲਾਕੀ ਤੇ ਧਰਮੀ ਜਿੰਮੇਵਾਰੀ ਹੈ । ਪਰ 06 ਜੂਨ ਦੇ ਵੱਡੇ ਮਹਾਨ ਘੱਲੂਘਾਰੇ ਦਿਹਾੜੇ ਉਤੇ ਸ਼ਹੀਦਾਂ ਲਈ ਹੋਣ ਵਾਲੀ ਅਰਦਾਸ ਦਾ ਵੱਡਾ ਕੌਮੀ ਮਹੱਤਵ ਹੈ, ਉਨ੍ਹਾਂ ਵੱਲੋ ਉਥੋਂ ਗਾਇਬ ਹੋ ਕੇ ਉਚੇਚੇ ਤੌਰ ਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤੇ ਜਿਥੇ ਆਰ.ਐਸ.ਐਸ ਆਗੂ ਮਹਾਰਾਸਟਰ ਦੇ ਵਜੀਰ ਸ੍ਰੀ ਗਰੀਸ ਮਹਾਜਨ ਸੱਦੇ ਉਤੇ ਆਏ ਹੋਏ ਸਨ, ਉਨ੍ਹਾਂ ਨੂੰ ਜੀ-ਆਇਆ ਕਹਿਣ ਲਈ ਸ. ਧਾਮੀ ਵੱਲੋ ਪਹੁੰਚਣ ਦੀ ਕਾਰਵਾਈ ਮੌਜੂਦਾ ਐਸ.ਜੀ.ਪੀ.ਸੀ ਦੇ ਪ੍ਰਧਾਨ ਅਤੇ ਬਾਦਲ ਦਲੀਆ ਦੀ ਇਨ੍ਹਾਂ ਸਿੱਖ ਕੌਮ ਵਿਰੋਧੀ ਜਮਾਤਾਂ ਨਾਲ ਸਾਂਝ ਨੂੰ ਹੀ ਪ੍ਰਤੱਖ ਨਹੀ ਕਰਦੀ ਬਲਕਿ ਸਾਡੀਆ ਸਿੱਖੀ ਸੰਸਥਾਵਾਂ ਵਿਚ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ-ਆਰ.ਐਸ.ਐਸ ਦੀ ਵੱਧਦੀ ਦਖਲ ਅੰਦਾਜੀ ਅੱਜ ਸਮੁੱਚੀ ਕੌਮ ਲਈ ਗਹਿਰੀ ਚਿੰਤਾ ਦਾ ਵਿਸਾ ਬਣਿਆ ਹੋਇਆ ਹੈ । ਇਸ ਹੋਈ ਦੁੱਖਦਾਇਕ ਕਾਰਵਾਈ ਦਾ ਸ. ਧਾਮੀ ਨੂੰ ਹਰ ਕੀਮਤ ਤੇ ਸਿੱਖ ਕੌਮ ਨੂੰ ਜੁਆਬ ਦੇਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਜਿੰਦਰ ਸਿੰਘ ਧਾਮੀ ਨੂੰ ਬੀਤੇ ਦਿਨੀਂ ਇਕ ਲਿਖੇ ਗਏ ਰੋਸ ਪੱਤਰ ਵਿਚ ਵਰਣਨ ਕਰਦੇ ਹੋਏ ਅਤੇ ਉਨ੍ਹਾਂ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਖੱਤ ਵਿਚ ਕਿਹਾ ਕਿ ਜਦੋ ਬੀਤੇ 14 ਸਾਲਾਂ ਤੋ ਭਾਜਪਾ ਸੈਟਰ ਵਿਚ ਹਕੂਮਤ ਕਰਨ ਵਾਲੀ ਜਮਾਤ ਹੈ, ਜੋ ਵਿਧਾਨਿਕ ਤੌਰ ਤੇ ਆਪਣੇ ਆਪ ਨੂੰ ਜਮਹੂਰੀਅਤ ਪਸ਼ੰਦ ਅਖਵਾਉਣ ਦਾ ਪ੍ਰਚਾਰ-ਪ੍ਰਸਾਰ ਕਰਦੀ ਹੈ । ਫਿਰ ਸ. ਧਾਮੀ ਉਚੇਚੇ ਤੌਰ ਤੇ ਚੌਕ ਮਹਿਤੇ ਪਹੁੰਚਕੇ ਉਸ ਆਰ.ਐਸ.ਐਸ ਦੇ ਆਗੂ ਦਾ ਸਵਾਗਤ ਕਿਉ ਕਰ ਰਹੇ ਹਨ ? ਉਨ੍ਹਾਂ ਦੀ ਕੀ ਮਜਬੂਰੀ ਸੀ ਕਿ ਮੀਰੀ-ਪੀਰੀ ਦੇ ਮਹਾਨ ਸਥਾਂਨ ਤੇ ਸਿਧਾਂਤ ਨੂੰ ਪਿੱਠ ਦੇ ਕੇ ਉਹ ਚੌਕ ਮਹਿਤੇ ਪਹੁੰਚੇ । ਜੇਕਰ ਦਮਦਮੀ ਟਕਸਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਂਨ ਤੋ ਬਿਨ੍ਹਾਂ ਆਪਣੇ ਹੈੱਡਕੁਆਰਟਰ ਵਿਖੇ ਅਜਿਹਾ ਕੋਈ ਸਮਾਗਮ ਕਰਨਾ ਸੀ, ਤਾਂ ਉਹ 05 ਜੂਨ ਜਾਂ 07 ਜੂਨ ਨੂੰ ਵੀ ਹੋ ਸਕਦਾ ਸੀ । ਫਿਰ ਅਜਿਹੇ ਗੈਰ ਸਿਧਾਂਤਕ ਅਮਲ ਐਸ.ਜੀ.ਪੀ.ਸੀ ਪ੍ਰਧਾਨ ਵੱਲੋ ਕਿਉ ਕੀਤੇ ਜਾ ਰਹੇ ਹਨ ?
ਇਸ ਪੱਤਰ ਵਿਚ ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਜਦੋ ਸ੍ਰੀ ਗਰੀਸ ਮਹਾਜਨ ਚੌਕ ਮਹਿਤਾ ਵਿਖੇ ਸਟੇਜ ਉਤੇ ਬੋਲੇ ਸਨ ਤਾਂ ਉਨ੍ਹਾਂ ਨੇ ਇਥੇ ‘ਜੈ ਹਿੰਦ’ ਕਹਿਕੇ ਸਾਡੇ ਦੁਸ਼ਮਣਾਂ ਦੀ ਜਿੱਤ ਦੀ ਗੱਲ ਨੂੰ ਉਭਾਰਿਆ ਹੈ ਜਿਨ੍ਹਾਂ ਦੁਸਮਣਾਂ ਨੇ ਜੂਨ 1984 ਅਤੇ ਬਾਅਦ ਵਿਚ ਅਕਤੂਬਰ 1984 ਵਿਚ ਸਭ ਜਮਹੂਰੀਅਤ ਢੰਗ, ਕਾਨੂੰਨ ਨੂੰ ਪਿੱਠ ਦੇ ਕੇ ਸਿੱਖ ਕੌਮ ਦਾ ਕਤਲੇਆਮ ਕਰਵਾਇਆ ਅਤੇ ਕੀਤਾ । ਜਦੋਕਿ ਇਨ੍ਹਾਂ ਨੇ ਸਿੱਖ ਕੌਮ ਦੇ ਅੱਲ੍ਹੇ ਜਖਮਾਂ ਉਤੇ ਲੂਣ ਛਿੜਕਣ ਦੇ ਤੁੱਲ ਹੀ ਕਾਰਵਾਈ ਕੀਤੀ ਹੈ ਜੋ ਅਸਹਿ ਹੈ । ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਜਾਬਰਾਂ ਅਬਦਾਲੀ, ਮੱਸਾ ਰੰਘੜ, ਮਰਹੂਮ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਕੌਮੀ ਸੰਸਥਾਂ ਨਾਲ ਮੱਥਾਂ ਲਗਾਇਆ, ਉਨ੍ਹਾਂ ਦਾ ਹਸਰ ਸਭ ਦੇ ਸਾਹਮਣੇ ਹੈ । ਫਿਰ ਸ. ਧਾਮੀ ਨੇ ਇਹ ਗੁਸਤਾਖੀ ਕਿਉ ਕੀਤੀ ? ਅਜਿਹੇ ਅਮਲਾਂ ਨਾਲ ਜੋ ਐਸ.ਜੀ.ਪੀ.ਸੀ ਦੀ ਕੌਮੀ ਸੰਸਥਾਂ ਅਤੇ ਇਸਦੇ ਪ੍ਰਧਾਨ ਦੇ ਅਹੁਦੇ ਉਤੇ ਜੋ ਆਚ ਆਈ ਹੈ ਜਿਸ ਨਾਲ ਉਨ੍ਹਾਂ ਦੀ ਸਖਸੀਅਤ ਉਤੇ ਵੀ ਪ੍ਰਸਨਚਿੰਨ ਲੱਗਿਆ ਹੈ, ਕੌਮੀ ਸਿਧਾਤਾਂ ਦਾ ਉਲੰਘਣ ਹੋਇਆ ਹੈ, ਉਸਦੀ ਭਰਪਾਈ ਕਿਵੇ ਕਰਨੇ ਇਹ ਅੱਜ ਚਰਚਾ ਦਾ ਵਿਸਾ ਹੈ ।