ਬਿਜਲੀ ਬੋਰਡ ਦੇ 2600 ਅਪ੍ਰੈਟਿਸਿਪ ਲਾਇਨਮੈਨਾਂ ਦੇ ਧਰਨੇ ਉਤੇ ਵੈਹਸੀਆਨਾ ਢੰਗ ਨਾਲ ਕੀਤੀ ਗਈ ਲਾਠੀਚਾਰਜ ਅਤਿ ਸ਼ਰਮਨਾਕ ਅਤੇ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 08 ਜੂਨ ( ) “ਪਟਿਆਲਾ ਵਿਖੇ ਜੋ 2600 ਦੇ ਕਰੀਬ ਅਪ੍ਰੈਟਿਸਿਪ ਲਾਇਨਮੈਨ ਆਪਣੀਆ ਜਾਇਜ ਮੰਗਾਂ ਦੀ ਪੂਰਤੀ ਕਰਵਾਉਣ ਦੇ ਹੱਕ ਵਿਚ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ ਧਰਨਾ ਦੇ ਰਹੇ ਸਨ, ਉਨ੍ਹਾਂ ਉਤੇ ਬਿਨ੍ਹਾਂ ਕਿਸੇ ਭੜਕਾਹਟ ਦੇ ਪਟਿਆਲਾ ਪੁਲਿਸ ਅਤੇ ਫੋਰਸਾਂ ਵੱਲੋ ਬਹੁਤ ਵੈਹਸੀਆਨਾ ਅਤੇ ਅਣਮਨੁੱਖੀ ਢੰਗ ਨਾਲ ਲਾਠੀਚਾਰਜ ਕਰਨ ਦੀ ਕਾਰਵਾਈ ਜਿਥੇ ਅਤਿ ਨਿੰਦਣਯੋਗ ਹੈ, ਉਥੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪ ਨੂੰ ਇਸਤਿਹਾਰਾਂ ਜਾਂ ਅਖਬਾਰਾਂ ਰਾਹੀ ਲੋਕ ਪੱਖੀ ਹੋਣ ਦੇ ਵੱਡੇ ਦਾਅਵੇ ਕਰਦੀ ਨਜਰ ਆ ਰਹੀ ਹੈ, ਉਸਦੀ ਸੋਚ ਅਤੇ ਅਮਲ ਵੀ ਪ੍ਰਤੱਖ ਹੋ ਗਈ ਕਿ ਪਹਿਲੀਆ ਜਾਬਰ ਸਰਕਾਰਾਂ ਤੇ ਮੌਜੂਦਾ ਸਰਕਾਰ ਦੇ ਮੁਲਾਜਮਾਂ, ਮਜਦੂਰਾਂ ਇਥੋ ਦੇ ਨਿਵਾਸੀਆ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਪ੍ਰਤੀ ਡੰਡੇ ਅਤੇ ਜੋਰ ਦੀ ਨੀਤੀ ਅਪਣਾਈ ਜਾ ਰਹੀ ਹੈ । ਜਦੋਕਿ ਆਪਣੀਆ ਮੰਗਾਂ ਦੇ ਹੱਕ ਵਿਚ ਅਮਨਮਈ ਢੰਗ ਨਾਲ ਰੋਸ ਧਰਨੇ ਕਰਨਾ ਸਭਨਾਂ ਦਾ ਅਤੇ ਸੰਗਠਨਾਂ ਦਾ ਵਿਧਾਨਿਕ ਹੱਕ ਹੈ । ਅਸੀ ਇਸ ਹੋਈ ਦੁਖਾਂਤ ਕਾਰਵਾਈ ਦੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਜਿਨ੍ਹਾਂ ਪੁਲਿਸ ਅਧਿਕਾਰੀਆ ਨੇ ਆਪਣੇ ਜਾਬਤੇ ਤੇ ਨਿਯਮਾਂ ਦਾ ਉਲੰਘਣ ਕਰਕੇ ਲਾਇਨਮੈਨਾਂ ਉਤੇ ਅੰਨ੍ਹੇਵਾਹ ਲਾਠੀਚਾਰਜ ਕੀਤੀ ਹੈ, ਉਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਅਜਿਹੇ ਨਿਰਦਈ ਤੇ ਜਾਲਮ ਅਧਿਕਾਰੀਆ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਬਦੌਲਤ ਸਖਤ ਤੋ ਸਖਤ ਸਜ਼ਾ ਦੇਣ ਦੀ ਮੰਗ ਵੀ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਵਿਖੇ ਅਮਨਮਈ ਢੰਗ ਨਾਲ ਰੋਸ ਕਰ ਰਹੇ ਅਪ੍ਰੈਟਿਸਿਪ ਲਾਇਨਮੈਨਾਂ ਉਤੇ ਕੀਤੀ ਗਈ ਅੰਨ੍ਹੇਵਾਹ ਲਾਠੀਚਾਰਜ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਪੁਲਿਸ ਅਧਿਕਾਰੀਆ ਦੇ ਕੀਤੇ ਗਏ ਜਬਰ ਦੀ ਫੌਰੀ ਜਾਂਚ ਕਰਵਾਕੇ ਅਜਿਹੇ ਅਧਿਕਾਰੀਆ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬਿਜਲੀ ਬੋਰਡ ਦੇ ਮੁਲਾਜਮ ਆਪਣੀਆ ਜਿੰਦਗਾਨੀਆ ਨੂੰ ਜੋਖਮ ਵਿਚ ਪਾ ਕੇ ਸਮਾਜ ਅਤੇ ਸੂਬੇ ਪ੍ਰਤੀ ਆਪਣੀਆ ਜਿੰਮੇਵਾਰੀਆ ਪੂਰਨ ਕਰਦੇ ਆ ਰਹੇ ਹਨ, ਉਨ੍ਹਾਂ ਦੀਆਂ ਜੋ ਜਾਇਜ ਮੰਗਾਂ ਹਨ, ਉਨ੍ਹਾਂ ਦੀ ਵੀ ਫੌਰੀ ਪੂਰਤੀ ਕਰਨ ਹਿੱਤ ਸਰਕਾਰ ਨੂੰ ਸੰਜੀਦਗੀ ਨਾਲ ਅਮਲ ਕਰਨਾ ਚਾਹੀਦਾ ਹੈ । ਨਾ ਕਿ ਉਨ੍ਹਾਂ ਉਤੇ ਤਸੱਦਦ ਜੁਲਮ ਢਾਹਕੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਹੋਰ ਦੁਬਿਧਾ ਵਿਚ ਪਾਉਣ ਦੇ ਅਮਲ ਹੋਣੇ ਚਾਹੀਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਮੁਲਾਜਮਾਂ ਦੀਆਂ ਮੰਗਾਂ ਦੀ ਜਿਥੇ ਪੂਰਨ ਹਮਾਇਤ ਕਰਦਾ ਹੈ, ਉਥੇ ਉਨ੍ਹਾਂ ਦੇ ਸੰਘਰਸ ਵਿਚ ਹਰ ਤਰ੍ਹਾਂ ਦਾ ਸਮਾਜਿਕ, ਇਖਲਾਕੀ ਯੋਗਦਾਨ ਪਾਉਣ ਦਾ ਵੀ ਬਚਨ ਕਰਦਾ ਹੈ ।