ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿਖੇ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਦੀ ਸਾਂਝ ਸਿੱਖ ਕੌਮ ਨੂੰ ਕਤਈ ਪ੍ਰਵਾਨ ਨਹੀਂ : ਮਾਨ
ਐਸ.ਜੀ.ਪੀ.ਸੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਆਰ.ਐਸ.ਐਸ. ਆਗੂਆਂ ਸਮੇ ਸਟੇਜ ਉਤੇ ਬਿਰਾਜਮਾਨ ਹੋਣਾ ਅਫਸੋਸਨਾਕ
ਫ਼ਤਹਿਗੜ੍ਹ ਸਾਹਿਬ, 08 ਜੂਨ ( ) “ਜੋ 06 ਜੂਨ ਦੇ ਸਿੱਖ ਕੌਮ ਦੇ ਤੀਸਰੇ ਸ਼ਹੀਦੀ ਘੱਲੂਘਾਰੇ ਦਿਹਾੜੇ ਦੀ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਮੀਰੀ-ਪੀਰੀ ਦੇ ਮਹਾਨ ਸਤਿਕਾਰਯੋਗ ਅਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੁੱਚੀ ਕੌਮ ਅਤੇ ਲੀਡਰਸਿਪ ਵੱਲੋ ਸਾਂਝੇ ਤੌਰ ਤੇ ਕੀਤੀ ਜਾਂਦੀ ਹੈ ਅਤੇ ਇਸੇ ਦਿਨ ਨੂੰ ਯਾਦ ਕਰਦੇ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਮਿਥੇ ਕੌਮੀ ਨਿਸ਼ਾਨੇ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਦੀ ਪ੍ਰਾਪਤੀ ਲਈ ਪ੍ਰਣ ਵੀ ਕੀਤਾ ਜਾਂਦਾ ਹੈ । ਉਸ ਦਿਨ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ ਚੌਕ ਮਹਿਤਾ ਵਿਖੇ ਵੀ ਦਮਦਮੀ ਟਕਸਾਲ ਵੱਲੋ ਇੱਕਠ ਰੱਖਿਆ ਗਿਆ ਸੀ । ਸਾਨੂੰ ਬਹੁਤ ਦੁੱਖ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੀ ਹੈ ਕਿ ਚੌਕ ਮਹਿਤੇ ਦੇ ਇਕੱਠ ਵਿਚ ਆਰ.ਐਸ.ਐਸ. ਦੇ ਕੱਟੜਵਾਦੀ ਮਹਾਰਾਸਟਰ ਦੇ ਵਜੀਰ ਸ੍ਰੀ ਗਰੀਸ ਮਹਾਜਨ ਨੂੰ ਵੀ ਸੱਦਿਆ ਗਿਆ ਸੀ । ਜਿਨ੍ਹਾਂ ਨੇ ਉਥੇ ਸੁਬੋਧਿਤ ਵੀ ਕੀਤਾ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋ ਸਥਾਪਿਤ ਕੀਤੀ ਗਈ ਮਹਾਨ ਦਮਦਮੀ ਟਕਸਾਲ ਜਿਸਦਾ ਇਤਿਹਾਸ ਮਨੁੱਖਤਾ ਪੱਖੀ ਸ਼ਹਾਦਤਾਂ ਤੇ ਕੁਰਬਾਨੀ ਭਰਿਆ ਰਿਹਾ ਹੈ । ਜਿਸਦੀ ਅਗਵਾਈ ਕਰਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਆਪਣੀਆ ਪੁਰਾਤਨ ਕੌਮੀ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਇੰਡੀਆ ਦੇ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਭੇਜੀ ਹਮਲਾਵਾਰ ਫ਼ੌਜ ਨੂੰ 3 ਦਿਨ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਦਿੱਤੀਆ । ਇਸ ਹਮਲੇ ਵਿਚ ਮਰਹੂਮ ਇੰਦਰਾ ਗਾਂਧੀ ਨੂੰ ਬੀਜੇਪੀ-ਆਰ.ਐਸ.ਐਸ ਦੇ ਆਗੂਆ ਦੀ ਪੂਰੀ ਸਹਿ ਤੇ ਪ੍ਰਵਾਨਗੀ ਸੀ । ਜਿਨ੍ਹਾਂ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਇੰਦਰਾ ਗਾਂਧੀ ਨੂੰ ਇਸ ਹਮਲੇ ਵੱਜੋ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਸੀ । ਅਜਿਹੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਆਰ.ਐਸ.ਐਸ ਤੇ ਬੀਜੇਪੀ ਦੇ ਆਗੂਆ ਦਾ ਦਮਦਮੀ ਟਕਸਾਲ ਨਾਲ ਸਾਂਝ ਸਿੱਖ ਕੌਮ ਦੀ ਕੇਵਲ ਸਮਝ ਤੋ ਬਾਹਰ ਹੀ ਨਹੀ ਬਲਕਿ ਇਹ ਅਮਲ ਬੀਤੇ ਦਮਦਮੀ ਟਕਸਾਲ ਦੇ ਇਤਿਹਾਸ ਦੇ ਫਖਰਨੂਮਾ ਅਮਲਾਂ ਦੀ ਹੇਠੀ ਕਰਨ ਵਾਲੀਆ ਪੰਜਾਬ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਵੀ ਹਨ । ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੀ ਅਤੇ ਨਾ ਹੀ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਅਜਿਹੇ ਬੀਜੇਪੀ.ਆਰ.ਐਸ.ਐਸ. ਦੀ ਦਾਗੀ ਕੌਮ ਵਿਰੋਧੀ ਲੀਡਰਸਿਪ ਨਾਲ ਸਾਂਝ ਰੱਖਕੇ ਸਿੱਖ ਕੌਮ ਵਿਚ ਆਪਣੀ ਮਾਨਤਾ ਨੂੰ ਚੱਲਦਾ ਰੱਖ ਸਕਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 06 ਜੂਨ ਨੂੰ ਘੱਲੂਘਾਰੇ ਦਿਹਾੜੇ ਉਤੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤਾ ਵਿਖੇ ਆਰ.ਐਸ.ਐਸ ਦੇ ਲੀਡਰ ਗਰੀਸ ਮਹਾਜਨ ਵੱਲੋ ਪਹੁੰਚਕੇ ਸੁਬੋਧਿਤ ਹੋਣ ਨੂੰ ਟਕਸਾਲ ਦੇ ਸਿਧਾਤਾਂ, ਸੋਚ ਅਤੇ ਨਿਯਮਾਂ ਦਾ ਘੋਰ ਉਲੰਘਣ ਕਰਨ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਜੋ ਸਿੱਖ ਕੌਮ ਦੀ ਪਾਰਲੀਮੈਟ ਵੱਜੋ ਸਾਡੀ ਇਤਿਹਾਸਿਕ ਐਸ.ਜੀ.ਪੀ.ਸੀ ਸੰਸਥਾਂ ਕੰਮ ਕਰਦੀ ਆ ਰਹੀ ਹੈ, ਜਿਸਦੇ ਮੁੱਖੀ ਵੱਲੋ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸੰਸਥਾਂ ਉਤੇ ਹਾਜਰ ਰਹਿਕੇ ਉਸ ਦਿਨ ਦੇ ਕੌਮੀ ਪ੍ਰੋਗਰਾਮ ਵਿਚ ਹਰ ਪੱਖੋ ਸਹਿਯੋਗ ਕਰਨ ਦੀ ਜਿੰਮੇਵਾਰੀ ਸੀ, ਉਨ੍ਹਾਂ ਦਾ ਆਰ.ਐਸ.ਐਸ ਦੀ ਲੀਡਰਸਿਪ ਦੀ ਹਾਜਰੀ ਸਮੇ ਚੌਕ ਮਹਿਤੇ ਪਹੁੰਚਕੇ ਸਾਮਿਲ ਹੋਣ ਨੂੰ ਵੀ ਅਤਿ ਦੁੱਖਦਾਇਕ ਅਤੇ ਪੰਥ ਵਿਰੋਧੀ ਸ਼ਕਤੀਆ ਨੂੰ ਮਜਬੂਤ ਕਰਨ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਗਿਆ ਕਿ ਮੌਜੂਦਾ ਐਸ.ਜੀ.ਪੀ.ਸੀ ਦੇ ਮੁੱਖੀ ਅਤੇ ਹੋਰ ਪ੍ਰਬੰਧਕ ਵੀ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਦ੍ਰਿੜਤਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਇ ਮੌਜੂਦਾ ਬੀਜੇਪੀ-ਆਰ.ਐਸ.ਐਸ ਲੀਡਰਸਿਪ ਨੂੰ ਖੁਸ ਕਰਨ ਤੇ ਲੱਗੇ ਹੋਏ ਹਨ ਇਹ ਹੋਰ ਵੀ ਦੁੱਖਦਾਇਕ ਅਤੇ ਸਮੁੱਚੀ ਸਿੱਖ ਕੌਮ ਲਈ ਜਿਥੇ ਚਰਚਾਂ ਤੇ ਚਿੰਤਾ ਦਾ ਵਿਸਾ ਹੈ, ਉਥੇ ਸਮੁੱਚੀ ਸਿੱਖ ਕੌਮ ਨੂੰ ਅਜਿਹੀ ਦੋਗਲੀ ਸੋਚ ਉਤੇ ਅਮਲ ਕਰਨ ਵਾਲੀ ਲੀਡਰਸਿਪ ਨੂੰ ਜਨਤਕ ਤੌਰ ਤੇ ਪ੍ਰਸਨ ਪੁੱਛਣਾ ਬਣਦਾ ਹੈ ਕਿ ਉਹ ਸਿੱਖ ਕੌਮ ਦੀ ਅਗਵਾਈ ਕਰ ਰਹੇ ਹਨ ਜਾਂ ਫਿਰ ਸਿੱਖ ਕੌਮ ਵਿਰੋਧੀ ਜਮਾਤਾਂ ਤੇ ਸੰਗਠਨਾਂ ਦੀ । ਉਨ੍ਹਾਂ ਕਿਹਾ ਕਿ ਜੋ ਬੀਜੇਪੀ-ਆਰ.ਐਸ.ਐਸ ਬੀਤੇ ਲੰਮੇ ਸਮੇ ਤੋ ਸਮੁੱਚੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਮਲ ਕਰਦੀ ਆ ਰਹੀ ਹੈ, ਜਿਸ ਵੱਲੋ ਬੀਤੇ 15 ਸਾਲਾਂ ਤੋ ਸਾਡੀ ਐਸ.ਜੀ.ਪੀ.ਸੀ ਦੀ ਜਰਨਲ ਚੋਣ ਨਾ ਕਰਵਾਕੇ ਜਮਹੂਰੀਅਤ ਦਾ ਘਾਣ ਕੀਤਾ ਜਾਂਦਾ ਆ ਰਿਹਾ ਹੈ । ਉਸ ਮਹਾਨ ਸੰਸਥਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਸ. ਧਾਮੀ ਆਰ.ਐਸ.ਐਸ ਦੀ ਲੀਡਰਸਿਪ ਦੀ ਜੀ ਹਜੂਰੀ ਕਰਕੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਠੇਸ ਕਿਉਂ ਪਹੁੰਚਾ ਰਹੇ ਹਨ ?
ਸ. ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਤਿਕਾਰ ਸਹਿਤ ਸੁਬੋਧਿਤ ਹੁੰਦੇ ਹੋਏ ਅਪੀਲ ਕੀਤੀ ਕਿ ਜਦੋ ਐਸ.ਜੀ.ਪੀ.ਸੀ ਦੇ ਮੁੱਖੀ ਦਾ ਇਸ ਮਹਾਨ ਦਿਹਾੜੇ ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਰਹਿਣਾ ਜਰੂਰੀ ਸੀ ਤਾਂ ਉਹ ਇਸ ਜਿੰਮੇਵਾਰੀ ਨੂੰ ਪੂਰੀ ਕਰਨ ਦੀ ਬਜਾਇ ਆਰ.ਐਸ.ਐਸ ਦੇ ਲੀਡਰਾਂ ਨੂੰ ਜੀ ਆਇਆ ਕਹਿਣ ਲਈ ਚੌਕ ਮਹਿਤੇ ਪਹੁੰਚੇ ਅਤੇ ਐਸ.ਜੀ.ਪੀ.ਸੀ ਦੀ ਮਹਾਨ ਸੰਸਥਾਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਵਿਚ ਕੋਈ ਕਸਰ ਨਹੀ ਛੱਡੀ ਇਸ ਸੰਬੰਧੀ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਮਦਮੀ ਟਕਸਾਲ ਵਿਖੇ ਆਰ.ਐਸ.ਐਸ ਦੇ ਲੀਡਰਾਂ ਦੇ ਪਹੁੰਚਣ ਅਤੇ ਐਸ.ਜੀ.ਪੀ.ਸੀ ਮੁੱਖੀ ਵੱਲੋ ਉਥੇ ਜਾਣ ਵਿਰੁੱਧ ਆਪਣੀਆ ਕੌਮੀ ਮਰਿਯਾਦਾਵਾ, ਸਿਧਾਤਾਂ ਅਨੁਸਾਰ ਕਾਰਵਾਈ ਕਰਨੀ ਚਾਹੀਦਾ ਹੈ ਤਾਂ ਕਿ ਕੋਈ ਵੀ ਧਾਰਮਿਕ ਜਾਂ ਸਿਆਸੀ ਆਗੂ ਸਿੱਖ ਕੌਮ ਤੇ ਜ਼ਬਰ ਜੁਲਮ ਕਰਨ ਵਾਲੀਆ ਬੀਜੇਪੀ-ਆਰ.ਐਸ.ਐਸ, ਕਾਂਗਰਸ ਵਰਗੀਆ ਜਮਾਤਾਂ ਦੇ ਲੀਡਰਾਂ ਨੂੰ ਖੁਸ ਕਰਨ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕੌਮ ਦੀ ਹੇਠੀ ਕਰਨ ਤੇ ਸਿਧਾਤਾਂ ਦਾ ਉਲੰਘਣ ਕਰਨ ਦੇ ਅਮਲ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਜੇਕਰ ਇਸ ਔਖੀ ਤੇ ਫੈਸਲਾਕੁੰਨ ਘੜੀ ਵਿਚ ਜਥੇਦਾਰ ਸਾਹਿਬ ਆਪਣੀ ਇਸ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਕਿਸੇ ਤਰ੍ਹਾਂ ਢਿੱਲ ਕਰ ਗਏ ਤਾਂ ਉਨ੍ਹਾਂ ਦੀ ਆਪਣੀ ਬਤੌਰ ਜਥੇਦਾਰੀ ਦੀ ਸ਼ਖਸੀਅਤ ਉਤੇ ਵੀ ਪ੍ਰਸਨਚਿੰਨ ਲੱਗ ਜਾਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬ ਆਪਣੇ ਅਹਿਮ ਅਹੁਦੇ ਦੀਆਂ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਇਸ ਚੱਲ ਰਹੀ ਕੌਮੀ ਵਿਚਾਰ ਚਰਚਾਂ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਜਿੰਮੇਵਾਰੀ ਨਿਭਾਉਣਗੇ ।