ਬਾਦਲ ਦਲੀਆਂ ਅਤੇ ਦਾਗੀ ਦਲੀਆਂ (ਪੂਨਰ ਸੁਰਜੀਤ) ਦੇ ਮੈਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੌਮੀ ਅਗਵਾਈ ਕਰਨ ਤੋ ਪਹਿਲੋ ਹੀ ਵਰਜਿਆ ਗਿਆ ਸੀ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਮਈ ( ) “2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਹੁਕਮਨਾਮਿਆ ਅਧੀਨ ਬਾਦਲ ਦਲੀਆਂ ਅਤੇ ਬਾਦਲ ਦਲ ਤੋ ਵੱਖ ਹੋਏ ਦਾਗੀ ਬਾਗੀਆਂ ਦੋਵਾਂ ਨੂੰ ਇਹ ਹੁਕਮ ਕੀਤਾ ਗਿਆ ਸੀ ਕਿ ਦੋਵੇ ਧੜਿਆਂ ਦੇ ਆਗੂ ਇਖਲਾਕੀ ਤੌਰ ਤੇ ਹੁਣ ਸਿੱਖ ਕੌਮ ਦੀ ਸਿਆਸੀ ਤੇ ਧਾਰਮਿਕ ਅਗਵਾਈ ਕਰਨ ਦੇ ਯੋਗ ਨਹੀ ਰਹੇ । ਕੇਵਲ ਆਮ ਮੈਬਰਾਂ ਦੀ ਤਰ੍ਹਾਂ ਵਿਚਰਕੇ ਕੌਮ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਉਣਗੇ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਸੁਖਬੀਰ ਬਾਦਲ ਦਾ ਧੜਾ ਹੈ, ਉਸਨੇ ਤਾਂ ਹੁਕਮਨਾਮੇ ਨੂੰ ਪ੍ਰਵਾਨ ਕਰਨ ਉਪਰੰਤ ਵੀ ਜਨਤਕ ਤੌਰ ਤੇ ਇਹ ਕਹਿਕੇ ਕਿ ਸਾਡੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋ ਸਾਜਿਸ ਹੋਈ ਹੈ, ਹੁਕਮਨਾਮੇ ਨੂੰ ਪੂਰਨ ਰੂਪ ਵਿਚ ਮੰਨਣ ਤੋ ਇਨਕਾਰ ਕਰ ਦਿੱਤਾ ਸੀ । ਪਰ ਦੂਸਰੇ ਬਾਗੀ ਤੇ ਦਾਗੀ ਧੜੇ ਨੇ ਚਲਾਕੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਸਿੱਖ ਕੌਮ ਵਿਚ ਖਤਮ ਹੋ ਚੁੱਕੀ ਆਪਣੀ ਸਾਖ ਨੂੰ ਫਿਰ ਤੋ ਜੀਵਤ ਕਰਨ ਲਈ ਪੂਨਰ ਸੁਰਜੀਤ ਅਕਾਲੀ ਦਲ ਨਾਮ ਨੂੰ ਜੀਵਤ ਕਰ ਲਿਆ ਸੀ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੋਈ ਹੈ ਕਿ ਜਿਸ ਹੁਕਮਨਾਮੇ ਨੂੰ ਜਾਰੀ ਕਰਨ ਵਿਚ ਗਿਆਨੀ ਹਰਪ੍ਰੀਤ ਸਿੰਘ ਉਸ ਸਮੇ ਬਤੌਰ ਜਥੇਦਾਰ ਸ੍ਰੀ ਦਮਦਮਾ ਸਾਹਿਬ ਸਨ, ਉਹ ਇਸ ਪੂਨਰ ਸੁਰਜੀਤ ਅਕਾਲੀ ਦਲ ਦੇ ਮੁੱਖੀ ਬਣਨ ਵਿਚ ਸਰਗਰਮ ਹੋ ਗਏ । ਕਹਿਣ ਤੋ ਭਾਵ ਹੈ ਕਿ ਸੁਖਬੀਰ ਧੜੇ ਤੇ ਦੂਸਰੇ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੀ ਆਪੋ ਆਪਣੀ ਸਾਖ ਨੂੰ ਜਿਊਦਾ ਰੱਖਣ ਦੀ ਦੁਰਵਰਤੋ ਹੀ ਕੀਤੀ ਹੈ ਅਤੇ ਹੁਕਮਨਾਮਿਆ ਨੂੰ ਅਮਲੀ ਰੂਪ ਵਿਚ ਪ੍ਰਵਾਨ ਨਾ ਕਰਕੇ ਆਪਣੇ ਸਿੱਖ ਹੋਣ ਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਹੈ । ਜਦੋਕਿ ਦੋਵੇ ਧੜਿਆਂ ਨੂੰ ਇਹ ਹੁਕਮ ਹੋਇਆ ਸੀ ਕਿ ਇਹ ਲੀਡਰਸਿਪ ਹੁਣ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਅਗਵਾਈ ਕਰਨ ਦੇ ਸਮਰੱਥ ਨਹੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਥਕ ਹਾਲਾਤਾਂ ਵਿਚ ਸਮੂਹਿਕ ਰੂਪ ਵਿਚ ਏਕਤਾ ਵੱਲ ਵੱਧਣ ਦੇ ਅਮਲਾਂ ਵਿਚ ਪਈ ਵੱਡੀ ਰੁਕਾਵਟ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਦੋਵੇ ਧੜਿਆਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾਂ ਦੀ ਨਿਰੰਤਰ ਦੁਰਵਰਤੋ ਹੋਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੂਨਰ ਸੁਰਜੀਤ ਅਕਾਲੀ ਦਲ ਵਿਚ ਸਾਮਿਲ ਲੀਡਰਸਿਪ ਭਾਵੇ ਉਹ ਸੁਰਜੀਤ ਸਿੰਘ ਰੱਖੜਾ ਹੋਣ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਕੋਈ ਵੀ ਹੋਵੇ, ਉਨ੍ਹਾਂ ਵੱਲੋ ਖਾਲਸਾ ਪੰਥ ਦੀ ਇੱਜਤ ਵਧਾਉਣ ਜਾਂ ਸਮੁੱਚੇ ਖਾਲਸਾ ਪੰਥ ਨੂੰ ਇਕੱਠਾ ਕਰਨ ਜਾਂ ਸਿੱਖੀ ਦੇ ਉੱਚੇ-ਸੁੱਚੇ ਇਖਲਾਕ ਨੂੰ ਕਾਇਮ ਰੱਖਣ ਵਿਚ ਕੋਈ ਰਤੀਭਰ ਵੀ ਯੋਗਦਾਨ ਨਹੀ । ਬਲਕਿ ਇਨ੍ਹਾਂ ਸਭਨਾਂ ਨੇ ਆਪੋ ਆਪਣੇ ਸਿਆਸੀ ਤੇ ਧਾਰਮਿਕ ਅਹੁਦਿਆਂ ਦੀ ਦੁਰਵਰਤੋ ਕਰਕੇ ਆਪੋ ਆਪਣੇ ਖਜਾਨੇ ਭਰੇ ਹਨ ਅਤੇ ਗੈਰ ਕਾਨੂੰਨੀ ਢੰਗ ਨਾਲ ਜਾਇਦਾਦਾਂ ਬਣਾਕੇ ਆਪਣੇ ਸਿੱਖੀ ਕਿਰਦਾਰ ਨੂੰ ਦਾਗੀ ਹੀ ਕੀਤਾ ਹੈ । ਸਿੱਖ ਧਰਮ ਦੀ ਆਨ-ਸਾਨ ਤੇ ਕੌਮੀ ਅਣਖ-ਗੈਰਤ ਨੂੰ ਕਾਇਮ ਰੱਖਣ ਵਿਚ ਕੋਈ ਯੋਗਦਾਨ ਨਹੀ ਹੈ। ਇਹ ਸਭ ਲੀਡਰਸਿਪ ਸਿੱਖ ਕੌਮ ਦੀ ਬੀਤੇ ਸਮੇ ਦੀ ਅਤੇ ਅਜੋਕੀ ਦੁਰਦਸਾ ਕਰਨ ਤੇ ਤੋਹੀਨ ਕਰਨ ਵਿਚ ਭਾਗੀ ਹੈ । ਇਸ ਲਈ ਹੀ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਧੜੇ ਦੇ ਆਗੂਆ ਤੇ ਇਨ੍ਹਾਂ ਦਾਗੀ ਆਗੂਆ ਨੂੰ ਲਿਖਤੀ ਹੁਕਮ ਕੀਤਾ ਸੀ ਕਿ ਇਹ ਲੀਡਰਸਿਪ ਹੁਣ ਕੌਮ ਦੀ ਅਗਵਾਈ ਕਰਨ ਯੋਗ ਨਹੀ ਰਹੀ ਅਤੇ ਨਵੀ ਨਿਰੋਈ ਨੌਜਵਾਨੀ ਲੀਡਰਸਿਪ ਨੂੰ ਮੌਕਾ ਦੇ ਕੇ ਸਮੂਹਿਕ ਏਕਤਾ ਕਰਕੇ ਆਪਣੀ ਕੌਮੀ ਮੰਜਿਲ ਵੱਲ ਵੱਧਿਆ ਜਾਵੇ । ਜਿਸਦੀ ਜਿੰਮੇਵਾਰੀ ਦੋਵਾਂ ਧੜਿਆਂ ਨੇ ਇਮਾਨਦਾਰੀ ਤੇ ਸੁਹਿਰਦਤਾ ਨਾਲ ਨਹੀ ਨਿਭਾਈ ।
ਉਨ੍ਹਾਂ ਕਿਹਾ ਕਿ ਜੇਕਰ ਅੱਜ ਪੂਨਰ ਸੁਰਜੀਤ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਦੀ ਅਗਲੇਰੀ ਏਕਤਾ ਲਈ ਚੱਲ ਰਹੀ ਗੱਲਬਾਤ ਅਸਫਲ ਹੋਈ ਹੈ ਤਾਂ ਉਸ ਪਿੱਛੇ ਜਿਥੇ ਸਿਧਾਤਕ ਸੋਚ ਉਤੇ ਪਹਿਰਾ ਨਾ ਦੇਣ ਦੀ ਗੱਲ ਹੈ, ਉਥੇ 2027 ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਇਕ ਵੱਡੀ ਸ਼ਕਤੀ ਬਣਕੇ ਦੁਸਮਣਾਂ ਨੂੰ ਚੁਣੋਤੀ ਦੇਣ ਦਾ ਵੀ ਵੱਡਾ ਪ੍ਰਸ਼ਨ ਚਿੰਨ੍ਹ ਸਾਹਮਣੇ ਖੜ੍ਹਾ ਹੈ । ਜਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਂਨ ਤੋ ਉਪਰੋਕਤ ਦੋਵੇ ਦਾਗੀ ਧੜਿਆ ਨੂੰ ਕੌਮ ਦੀ ਅਗਵਾਈ ਕਰਨ ਤੋ ਪਾਸੇ ਕਰ ਦਿੱਤਾ ਗਿਆ ਸੀ, ਫਿਰ ਸ. ਸੁਖਬੀਰ ਸਿੰਘ ਬਾਦਲ ਜਾਂ ਦਾਗੀ ਤੇ ਬਾਗੀ ਧੜੇ ਵੱਲੋ ਹੁਣ ਕੌਮ ਦੀ ਕਿਸੇ ਤਰ੍ਹਾਂ ਦੀ ਅਗਵਾਈ ਕਰਨ ਦਾ ਕੋਈ ਇਖਲਾਕੀ ਹੱਕ ਨਹੀ ਰੱਖਦੇ । ਜਿਥੋ ਤੱਕ ਵੱਖ-ਵੱਖ ਧੜਿਆਂ ਵਿਚ ਖਿੱਡੀ-ਪੂੰਡੀ ਸਿੱਖ ਸ਼ਕਤੀ ਨੂੰ ਇਕੱਤਰ ਕਰਨ ਅਤੇ 2027 ਦੀਆਂ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਜਾਂ ਹੋਣ ਵਾਲੀਆ ਕਿਸੇ ਤਰ੍ਹਾਂ ਦੀਆਂ ਐਸ.ਜੀ.ਪੀ.ਸੀ ਚੋਣਾਂ ਵਿਚ ਇਕਤਾਕਤ ਹੋ ਕੇ ਕੌਮੀ ਸਿਧਾਤਾਂ ਤੇ ਸੋਚ ਤੇ ਜੂਝਣ ਦੀ ਗੱਲ ਹੈ, ਉਹ ਅੱਜ ਕੌਮ ਵਿਚੋ ਜੋਰਦਾਰ ਆਵਾਜ ਉੱਠ ਰਹੀ ਹੈ । ਵਾਰਿਸ ਪੰਜਾਬ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਡ ਅਕਾਲੀ ਦਲ, ਅਕਾਲੀ ਦਲ 1920, ਦਲ ਖਾਲਸਾ, ਸੁਤੰਤਰ ਅਕਾਲੀ ਦਲ, ਸਤਲੁਜ ਮਿਸਨ, ਸਦਭਾਵਨਾ ਦਲ, ਪੰਥਕ ਅਕਾਲੀ ਲਹਿਰ ਆਦਿ ਅਤੇ ਹੋਰ ਸਿੱਖ ਸੰਗਠਨਾਂ ਦੀ ਅਸੀਮਤ ਸ਼ਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਿਧਾਂਤਕ ਸੋਚ ਦੇ ਬਿਨ੍ਹਾਂ ਤੇ ਅਗਲੀ ਸਿਆਸੀ ਲੜਾਈ ਲੜਨ ਅਤੇ ਫਤਹਿ ਪ੍ਰਾਪਤ ਕਰਨ ਲਈ ਸਭ ਧਿਰਾਂ ਵੱਲੋ ਸਮੂਹਿਕ ਯਤਨ ਹੋਣੇ ਚਾਹੀਦੇ ਹਨ। ਜੇਕਰ ਖਾਲਸਾ ਸਰਕਾਰ ਕਾਇਮ ਕਰਨ ਵਿਚ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਸੁਖਬੀਰ ਬਾਦਲ ਦੇ ਧੜੇ ਅਤੇ ਦਾਗੀ ਬਾਗੀ ਧੜੇ ਦੇ ਮੈਬਰਾਂ ਦਾ ਵੀ ਸਹਿਯੋਗ ਲੈ ਲਿਆ ਜਾਵੇ ਤਾਂ ਇਸ ਵਿਚ ਕੋਈ ਹਰਜ ਨਹੀ । ਕਿਉਂਕਿ ਇਸ ਸਮੇ ਖਾਲਸਾ ਪੰਥ ਸਾਹਮਣੇ ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਕਾਂਗਰਸ, ਸਿੱਖ ਅਤੇ ਪੰਜਾਬ ਸੂਬੇ ਵਿਰੋਧੀ ਜਮਾਤਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਤੋ ਸਮੁੱਚੀ ਸਿੱਖ ਕੌਮ ਅਤੇ ਲੀਡਰਸਿਪ ਵੀ ਭਲੀਭਾਂਤ ਜਾਣੂ ਹੈ । ਇਸ ਲਈ ਇਨ੍ਹਾਂ ਪੰਜਾਬ ਵਿਰੋਧੀ ਸਕਤੀਆ ਤੇ ਤਾਕਤਾਂ ਨੂੰ ਵੋਟ ਸ਼ਕਤੀ ਰਾਹੀ ਭਾਂਜ ਦੇਣ ਲਈ ਜਰੂਰੀ ਹੈ ਕਿ ਖਾਲਸਾ ਪੰਥ ਨਿਰਸੰਦੇਹ ਬਿਨ੍ਹਾਂ ਕਿਸੇ ਤਰ੍ਹਾਂ ਦੀ ਦੇਰੀ ਕੀਤਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੀ ਅਗਵਾਈ ਹੇਠ ਇਕ ਤਾਕਤ ਹੋ ਕੇ ਉਪਰੋਕਤ ਪੰਥ ਵਿਰੋਧੀ ਜਮਾਤਾਂ ਵਿਰੁੱਧ ਕੇਵਲ ਪੰਥ ਵੱਲੋ ਇਕ ਉਮੀਦਵਾਰ ਖੜ੍ਹਾ ਕਰਕੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਵਿਰੁੱਧ ਜੂਝ ਸਕਣ ਤਾਂ ਅਵੱਸ ਖਾਲਸਾ ਪੰਥ ਦੀ ਆਨ-ਸਾਨ ਨਾਲ ਸਿਆਸੀ ਤੇ ਧਾਰਮਿਕ ਫਤਹਿ ਹੋਵੇਗੀ ਸਮੂਹਿਕ ਪੰਥਕ ਏਕਤਾ ਦੇ ਰਾਹ ਵਿਚ ਆਉਣ ਵਾਲੇ ਮੁੱਖ ਮੰਤਰੀ ਦੇ ਮੁੱਦੇ ਨੂੰ ਬਿਲਕੁਲ ਵੀ ਤੁੱਲ ਨਹੀ ਦੇਣਾ ਚਾਹੀਦਾ, ਜਾਂ ਤਾਂ ਸਹਿਜ ਨਾਲ ਸਰਬਸੰਮਤੀ ਕਰ ਲਈ ਜਾਵੇ ਜਾਂ ਫਿਰ ਭਵਿੱਖਤ ਫੈਸਲਿਆ ਤੇ ਛੱਡ ਦਿੱਤਾ ਜਾਵੇ । ਇਸ ਸਿਆਸੀ ਲੜਾਈ ਉਪਰੰਤ ਸਹੀ ਮਾਇਨਿਆ ਵਿਚ ਗੁਰੂ ਸਾਹਿਬਾਨ ਦੀ ਸੋਚ ਤੇ ਅਧਾਰਿਤ ਸਿੱਖ ਕੌਮ ਤੇ ਪੰਜਾਬੀ, ਭਗਤ ਰਵੀਦਾਸ ਜੀ ਦੇ ਸੋਚ ਅਨੁਸਾਰ ‘ਹਲੀਮੀ ਰਾਜ’ ਕਾਇਮ ਕਰਨ ਵੱਲ ਅਸੀ ਪੂਰੇ ਵਿਸਵਾਸ ਨਾਲ ਵੱਧ ਸਕਾਂਗੇ। ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਬੀਤੇ ਸਮੇ ਦੀ ਲੀਡਰਸਿਪ ਤੋ ਹੋਈਆਂ ਬੱਜਰ ਗੁਸਤਾਖੀਆਂ ਨੂੰ ਲੀਡਰਸਿਪ ਮਹਿਸੂਸ ਕਰਕੇ, ਆਪਣੇ ਆਪ ਨੂੰ ਪਿਛਲੀ ਕਤਾਰ ਵਿਚ ਖੜ੍ਹਾ ਕਰਕੇ ਪੰਥ ਦੇ ਵੱਡੇਰੇ ਹਿੱਤਾ ਲਈ ਸਮੁੱਚੀ ਸਿੱਖ ਲੀਡਰਸਿਪ ਕੌਮ ਦੀਆ ਭਾਵਨਾਵਾ ਅਨੁਸਾਰ ਸਮੂਹਿਕ ਏਕਤਾ ਦਾ ਅਮਲ ਕਰਕੇ 2027 ਦੀ ਸਿਆਸੀ ਚੋਣ ਦੇ ਮੈਦਾਨ ਨੂੰ ਫਤਹਿ ਕਰਨ ਵਿਚ ਯੋਗਦਾਨ ਪਾਏਗੀ, ਉਪਰੰਤ ਐਸ.ਜੀ.ਪੀ.ਸੀ ਦੇ ਧਾਰਮਿਕ ਖੇਤਰ ਵਿਚ ਉਤਪੰਨ ਹੋਈਆ ਗਿਰਾਵਟਾ ਨੂੰ ਵੀ ਇਸੇ ਉਤਸਾਹ ਨਾਲ ਖਤਮ ਕਰਨ ਵਿਚ ਯੋਗਦਾਨ ਪਾਏਗੀ।