ਅਕਾਲੀ ਦਲਾਂ ਦੀ ਹਾਲਤ ਮੇਲੇ ਵਿਚ ਗੁਆਚੀ ਗਾਂ ਦੀ ਤਰ੍ਹਾਂ ਹੋਈ ਪਈ ਹੈ, ਇਸ ਸਮੇਂ ਇਕੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਕਾਲੀ ਦਲ ਹੈ ਜੋ ਸਿਧਾਂਤ ਅਤੇ ਸੋਚ ਉਤੇ ਖੜ੍ਹਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 19 ਮਈ ( ) “ਜਦੋਂ ਖ਼ਾਲਸਾ ਪੰਥ ਨੂੰ ਸਮੁੱਚੇ ਅਕਾਲੀ ਦਲਾਂ ਤੇ ਪੰਥਕ ਸੰਗਠਨਾਂ ਦੀ ਸਾਂਝੀ ਏਕਤਾ ਦੀ ਸਖਤ ਲੋੜ ਹੈ, ਤਾਂ ਉਸ ਸਮੇ ਵੀ ਜੋ ਵੱਖ-ਵੱਖ ਅਕਾਲੀ ਦਲਾਂ ਅਤੇ ਆਗੂਆ ਦੀ ਸਥਿਤੀ ਮੇਲੇ ਵਿਚ ਗੁਆਚੀ ਗਾਂ ਦੀ ਤਰ੍ਹਾਂ ਹੋਈ ਪਈ ਹੈ, ਤਾਂ ਇਹ ਅਫਸੋਸਜਨਕ ਵੀ ਹੈ ਅਤੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਿਧਾਤਿਕ ਅਤੇ ਗੁਰੂ ਸਾਹਿਬਾਨ ਦੀ ਸੋਚ ਉਤੇ ਅੱਗੇ ਲਿਜਾਣ ਦੀ ਅੱਜ ਸਖਤ ਲੋੜ ਬਣ ਗਈ ਹੈ । ਜੇਕਰ ਵੱਖ-ਵੱਖ ਅਕਾਲੀ ਦਲਾਂ ਜਾਂ ਪੰਥਕ ਸੰਗਠਨਾਂ ਦੀ ਸਥਿਤੀ ਅਤੇ ਅਮਲਾਂ ਦਾ ਨਿਰਪੱਖਤਾ ਨਾਲ ਨਿਰੀਖਣ ਕੀਤਾ ਜਾਵੇ ਤਾਂ ਇਹ ਗੱਲ ਸਪੱਸਟ ਰੂਪ ਵਿਚ ਪ੍ਰਤੱਖ ਹੋ ਜਾਂਦੀ ਹੈ ਕਿ ਇਸ ਸਮੇ ਦ੍ਰਿੜ ਅਤੇ ਪੰਥਕ ਸੋਚ ਅਤੇ ਸਿਧਾਂਤ ਉਤੇ ਨਿਡਰਤਾ ਤੇ ਦ੍ਰਿੜਤਾ ਨਾਲ ਚੱਲਣ ਵਾਲਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਹੈ। ਜੋ ਕੁਝ ਸਮੇ ਪਹਿਲੇ ਦੀਦਾਰ ਸਿੰਘ ਭੱਟੀ, ਸ. ਜਗਦੀਪ ਸਿੰਘ ਚੀਮਾਂ ਤੇ ਹੋਰ ਕਈ ਆਗੂ ਪੰਥ ਵਿਰੋਧੀ ਜਮਾਤ ਬੀਜੇਪੀ ਵਿਚ ਸਾਮਿਲ ਹੋ ਗਏ ਹਨ ਅਤੇ ਸ. ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਵਿਸੇ ਉਤੇ ਹੋਰ ਟੁੱਟ-ਫੁੱਟ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ । ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਚੱਲਣ ਵਾਲਾ ਅਕਾਲੀ ਦਲ ਪੂਰਨ ਸੁਰਜੀਤ ਅਤੇ ਵਾਰਿਸ ਪੰਜਾਬ ਦੀ ਆਪਸੀ ਗੱਲ ਟੁੱਟ ਗਈ ਹੈ । ਇਹ ਵੀ ਪ੍ਰਤੱਖ ਕਰਦੇ ਹਨ ਕਿ ਉਹੀ ਪਾਰਟੀ ਕਦੀ ਟੁੱਟ ਨਹੀ ਸਕਦੀ ਜੋ ਸਿਧਾਂਤ ਅਤੇ ਸੋਚ ਉਤੇ ਪਹਿਰਾ ਦਿੰਦੀ ਆ ਰਹੀ ਹੋਵੇ । ਕਿਉਂਕਿ ਸੰਤ ਭਿੰਡਰਾਂਵਾਲਿਆ ਨੇ ਕਿਹਾ ਸੀ ਕਿ ਜਿਸ ਦਿਨ ਸੈਂਟਰ ਦੀ ਸਰਕਾਰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ । ਗੁਰੂ ਨਾਨਕ ਸਾਹਿਬ ਨੇ ਵੀ ਕੌਮੀਅਤ ਨੂੰ ਮਜਬੂਤ ਕਰਨ ਲਈ ਨਵਾ ਪੰਥ ਚਲਾਇਆ ਅਤੇ ਉਨ੍ਹਾਂ ਕਿਹਾ ਸੀ ਕਿ ਨਾ ਅਸੀ ਹਿੰਦੂ, ਨਾ ਮੁਸਲਮਾਨ। ਦਸਵੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋ ਇਹ ਪੁਕਾਰਕੇ ਇਨ ਗਰੀਬ ਸਿੱਖਨ ਕੋ ਦੇਉ ਪਾਤਸਾਹੀ, ਰੰਘਰੇਟੇ ਗੁਰੂ ਕੇ ਬੇਟੇ ਦੀ ਸੋਚ ਉਤੇ ਅਮਲ ਕਰਕੇ ਜਾਤ-ਪਾਤ ਆਦਿ ਦੇ ਵਖਰੇਵਿਆ ਨੂੰ ਖਤਮ ਕਰਕੇ ਸਿੱਖ ਕੌਮ ਦੀ ਨੀਹ ਰੱਖੀ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸੇ ਸਿਧਾਂਤ ਸੋਚ ਤੇ ਖੜਾ ਹੈ ਅਤੇ ਸਾਡੇ ਵਿਚ ਕੋਈ ਜਾਤ-ਪਾਤ ਆਦਿ ਦਾ ਵਖਰੇਵਾ ਨਹੀ । ਭਗਤ ਰਵੀਦਾਸ ਨੇ ਬੇਗਮਪੁਰਾ ਦੀ ਗੱਲ ਕਰਕੇ ਇਸ ਗੱਲ ਨੂੰ ਹੋਰ ਪ੍ਰਤੱਖ ਤੇ ਸਪੱਸਟ ਕਰ ਦਿੱਤਾ ਜਿਸ ਉਤੇ ਅਸੀ ਨਿਰੰਤਰ ਪਹਿਰਾ ਦਿੰਦੇ ਆ ਰਹੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੱਖ-ਵੱਖ ਪੰਥਕ ਦਲਾਂ ਅਤੇ ਆਗੂਆ ਵਿਚ ਬਣਦੀਆ ਜਾ ਰਹੀਆ ਪ੍ਰਸਥਿਤੀਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸੋਚ ਤੇ ਸਿਧਾਂਤ ਉਤੇ ਦ੍ਰਿੜ ਰਹਿਕੇ ਮੰਜਿਲ ਵੱਲ ਵੱਧਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬਾਦਲੀਲ ਢੰਗ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਹਰ ਖੇਤਰ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਚੁੱਕੀ ਹੈ । ਰੋਜਾਨਾ ਹੀ ਝੂਠੇ ਪੁਲਿਸ ਮੁਕਾਬਲੇ, ਵੱਡੇ-ਵੱਡੇ ਧਨਾਢਾਂ ਅਤੇ ਆਮ ਸ਼ਹਿਰੀਆ ਨੂੰ ਅਗਵਾਹ ਕਰਨ, ਕਤਲ ਹੋਣ ਅਤੇ ਪੰਜਾਬ ਵਿਚ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ ਦਾ ਵਰਤਾਰਾ ਪ੍ਰਤੱਖ ਕਰ ਰਿਹਾ ਹੈ ਕਿ ਇਹ ਸਰਕਾਰ ਪੰਜਾਬ ਦੇ ਰਾਜ ਭਾਗ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਇਥੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਅਤੇ ਸਭਨਾਂ ਨੂੰ ਬਰਾਬਰਤਾ ਵਾਲੀ ਸੋਚ ਤੇ ਇਨਸਾਫ ਵਾਲਾ ਰਾਜ ਪ੍ਰਦਾਨ ਕਰਨ ਵਿਚ ਅਸਫਲ ਹੋ ਚੁੱਕੀ ਹੈ । ਫਿਰ ਇਥੇ ਬੇਰੁਜਗਾਰੀ ਦੇ ਵੱਡੇ ਦੈਤ ਨੂੰ ਖਤਮ ਕਰਨ ਲਈ ਸਰਕਾਰ ਵੱਲੋ ਕੋਈ ਵੀ ਵੱਡਾ ਨਾ ਤਾਂ ਉਦਯੋਗ ਲਿਆਂਦਾ ਜਾ ਰਿਹਾ ਹੈ ਅਤੇ ਨਾ ਹੀ ਇਥੋ ਦੇ ਕਿਸਾਨਾਂ, ਵਪਾਰੀਆ ਵੱਲੋ ਤਿਆਰ ਫਸਲਾਂ ਤੇ ਵਸਤਾਂ ਨੂੰ ਸਹੀ ਕੀਮਤਾਂ ਤੇ ਵੇਚਣ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੁਲਵਾਇਆ ਜਾ ਰਿਹਾ ਹੈ । ਇਹ ਹੁਕਮਰਾਨ ਆਪਣੇ ਕੀਮਤੀ ਪਾਣੀਆ ਦੀ ਵੀ ਰਾਖੀ ਨਹੀ ਕਰ ਸਕੇ । ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਦੀ ਪ੍ਰਮੁੱਖਤਾ ਨੂੰ ਸੈਟਰ ਨੇ ਖਤਮ ਕਰਕੇ ਦੂਸਰੇ ਸੂਬਿਆ ਦੀ ਅਜਾਰੇਦਾਰੀ ਕਾਇਮ ਕਰ ਦਿੱਤੀ ਹੈ । ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ, ਜਿਸਨੂੰ ਪੰਜਾਬੀ ਕਿਸਾਨਾਂ, ਜਿੰਮੀਦਾਰਾਂ ਨੂੰ ਉਜਾੜਕੇ ਬਣਾਇਆ ਗਿਆ ਹੈ, ਉਥੇ ਅਫਸਰਾਂ ਅਤੇ ਮੁਲਾਜਮਾਂ ਵਿਚ ਭਰਤੀ ਹੋਣ ਦਾ ਫਾਰਮੂਲਾ 60-40 ਪ੍ਰਤੀਸਤ ਨੂੰ ਕਾਇਮ ਨਹੀ ਰੱਖ ਸਕੇ । ਦੂਸਰਾ ਜੋ ਇਸ ਸਮੇ ਪੰਜਾਬ ਦੇ ਸਫਾਈ ਸੇਵਕਾ ਅਤੇ ਹੋਰ ਚੌਥਾ ਦਰਜਾ ਮੁਲਾਜਮਾਂ ਦੀਆਂ ਹੜਤਾਲਾ ਚੱਲ ਰਹੀਆ ਹਨ ਉਸ ਨਾਲ ਹਰ ਸਹਿਰ, ਗਲੀ ਵਿਚ ਬਦਬੂ ਅਤੇ ਗੰਦ ਫੈਲ ਚੁੱਕਿਆ ਹੈ । ਉਨ੍ਹਾਂ ਦੀਆਂ ਜਾਇਜ ਮੰਗਾਂ ਨਾ ਮੰਨਕੇ ਸਰਕਾਰ ਉਨ੍ਹਾਂ ਨਾਲ ਜਿਆਦਤੀ ਕਰ ਰਹੀ ਹੈ । ਉਨ੍ਹਾਂ ਦੀਆਂ ਤਨਖਾਹਾਂ ਦੀਆਂ ਮਹਿੰਗਾਈ ਅਨੁਸਾਰ ਵਾਧਾ, ਟੀ.ਏ, ਡੀ.ਏ. ਅਤੇ ਹੋਰ ਭੱਤੇ ਨਾ ਦੇ ਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ । ਇਹ ਹੜਤਾਲ ਤੋ ਪਹਿਲੇ ਵੀ ਪੰਜਾਬ ਦੇ ਸਹਿਰਾਂ ਅਤੇ ਕਸਬਿਆ ਵਿਚ ਸੜਕਾਂ, ਗਲੀਆ ਵਿਚ ਗੰਦ ਦੇ ਢੇਰ ਲੱਗੇ ਨਜਰ ਆਉਦੇ ਸਨ । ਜਿਥੇ ਗਾਵਾਂ, ਡੰਗਰ-ਵੱਛੇ ਆਦਿ ਪਲਾਸਟਿਕ, ਨੈਪਕਿਨ, ਡਾਈਪਰ ਆਦਿ ਖਾ ਕੇ ਆਪਣਾ ਢਿੱਡ ਭਰਦੇ ਦੇਖੇ ਜਾਂਦੇ ਹਨ । ਜਦੋਕਿ ਅਸੀ ਕੋਈ ਨਵਾਂ ਵਾਹਨ ਲੈਦੇ ਹਾਂ ਤਾਂ ਉਸ ਉਪਰ ਗਊ ਟੈਕਸ ਲੱਗਦਾ ਹੈ ਅਤੇ ਹਰ ਵਸਤੂ ਉਤੇ ਗਊਸੈਸ ਲਗਾਇਆ ਜਾਂਦਾ ਹੈ । ਫਿਰ ਇਹ ਟੈਕਸ ਦੀ ਰਕਮ ਕਿਥੇ ਜਾਂਦੀ ਹੈ, ਇਹ ਗਊਆ ਤੇ ਜਾਨਵਰਾਂ ਨੂੰ ਸਾਭਿਆ ਕਿਉ ਨਹੀ ਜਾਂਦਾ ?
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਵੱਲੋ ਮੁਸਲਿਮ ਕੌਮ ਦੀਆਂ ਮਸਜਿਦਾਂ, ਮਦਰੱਸਿਆ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਕੇ ਗੈਰ-ਧਾਰਮਿਕ ਮਨੁੱਖਤਾ ਵਿਰੋਧੀ ਅਮਲ ਕੀਤੇ ਜਾ ਰਹੇ ਹਨ । ਇਸੇ ਸੋਚ ਅਧੀਨ ਕਦੇ ਇਹ ਆਪ੍ਰੇਸਨ ਸਿੰਧੂਰ ਕਰ ਦਿੰਦੇ ਹਨ ਅਤੇ ਕਦੇ ਸਰਜੀਕਲ ਸਟ੍ਰਾਈਕਾਂ ਕਰ ਦਿੰਦੇ ਹਨ ਜਿਸ ਨਾਲ ਦੋ ਗੁਆਢੀ ਮੁਲਕਾਂ ਵਿਚ ਬਿਨ੍ਹਾਂ ਵਜਹ ਵੈਰ-ਵਿਰੋਧ ਖੜ੍ਹਾ ਕਰਨ, ਮੁਸਲਿਮ ਅਤੇ ਸਿੱਖ ਕੌਮ ਵਿਚ ਨਫਰਤ ਪੈਦਾ ਕਰਨ ਦੀਆਂ ਸਾਜਿਸਾਂ ਉਤੇ ਅਮਲ ਕਰਕੇ ਅਸਲੀਅਤ ਵਿਚ ਵੱਖ-ਵੱਖ ਕੌਮਾਂ ਨੂੰ ਆਪਸ ਵਿਚ ਲੜਾਕੇ ਆਪਣੇ ਗੁੱਝੇ ਮਕਸਦਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੇ ਹਨ । ਅਜਿਹੇ ਅਮਲ ਕਰਕੇ ਇਕ ਤੀਰ ਨਾਲ ਦੋ ਨਿਸਾਨੇ ਫੁੰਡਣ ਦੇ ਮਨੁੱਖਤਾ ਵਿਰੋਧੀ ਅਮਲ ਕਰਦੇ ਨਜਰ ਆ ਰਹੇ ਹਨ । ਕਹਿਣ ਤੋ ਭਾਵ ਹੈ ਜੇਕਰ ਪੰਜਾਬ ਸਰਕਾਰ ਆਪਣੀ ਕਾਨੂੰਨੀ, ਨਿਜਾਮੀ ਜਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋਈ ਹੈ ਤਾਂ ਸੈਟਰ ਦੀ ਬੀਜੇਪੀ-ਆਰ.ਐਸ.ਐਸ ਮੋਦੀ ਹਕੂਮਤ ਵੀ ਇਥੋ ਦੇ ਵਿਸਫੋਟਕ ਹਾਲਾਤਾਂ ਨੂੰ ਸਹੀ ਕਰਨ ਵਿਚ ਕੋਈ ਅਮਲ ਨਹੀ ਕਰ ਰਹੀ । ਬਲਕਿ ਨਫਰਤ ਅਤੇ ਸਾਜਿਸਾਂ ਰਾਹੀ ਇਥੋ ਦੇ ਮਾਹੌਲ ਨੂੰ ਹੋਰ ਗੰਧਲਾ ਕਰਨ ਵਿਚ ਮਸਰੂਫ ਹੈ । ਇਸ ਸਮੇ ਜੇਕਰ ਮਨੁੱਖਤਾ, ਇਨਸਾਨੀਅਤ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਪੰਜਾਬ ਵਿਚ ਸਹੀ ਮਾਇਨਿਆ ਵਿਚ ਬੇਗਮਪੁਰਾ ਦੀ ਸੋਚ ਤੇ ਅਧਾਰਿਤ ਰਾਜ ਪ੍ਰਬੰਧ ਕਾਇਮ ਕਰਨ ਲਈ ਕੋਈ ਪਾਰਟੀ ਅਮਲ ਕਰ ਰਹੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਹੈ । ਇਸ ਲਈ ਪੰਜਾਬ ਦੇ ਨਿਵਾਸੀਆ ਅਤੇ ਸਿੱਖ ਕੌਮ ਨੂੰ ਬਾਦਲੀਲ ਸੋਚ ਤੇ ਅਧਾਰਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਸਦੀਆ ਹਮਖਿਆਲ ਜਥੇਬੰਦੀਆ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਵਿਚ ਜਿਥੇ ਯੋਗਦਾਨ ਪਾਉਣਾ ਚਾਹੀਦਾ ਹੈ, ਉਥੇ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਸਿਆਸੀ ਰਾਜ ਭਾਗ ਉਤੇ ਅਤੇ ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਉਤੇ ਸਿਧਾਤਕ ਸੋਚ ਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਨੂੰ ਹੀ ਸਿਆਸੀ, ਧਾਰਮਿਕ ਤਾਕਤ ਬਖਸਕੇ ਇਥੋ ਦੇ ਮਾਹੌਲ ਨੂੰ ਸਹੀ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।