ਬਕਰੀਦ ਦਾ ਮਹਾਨ ਤਿਉਹਾਰ ਸਾਨੂੰ ਉਸ ਅੱਲ੍ਹਾ-ਖੁੱਦਾ, ਵਾਹਿਗੁਰੂ ਦੇ ਭਾਣੇ ਵਿਚ ਰਹਿਣ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਦਾ ਸੰਦੇਸ ਦਿੰਦਾ ਹੈ : ਮਾਨ
ਮੁਸਲਿਮ ਕੌਮ ਦੇ ਵੱਡੇ ਕੁਰਬਾਨੀ ਵਾਲੇ ਮਹਾਨ ਤਿਉਹਾਰ ਬਕਰੀਦ ਉਤੇ ਸਮੁੱਚੀ ਮੁਸਲਿਮ ਕੌਮ ਤੇ ਮਨੁੱਖਤਾ ਨੂੰ ਮੁਬਾਰਕਬਾਦ
ਫ਼ਤਹਿਗੜ੍ਹ ਸਾਹਿਬ, 27 ਮਈ ( ) “ਆਉਣ ਵਾਲੇ ਕੱਲ੍ਹ ਮੁਸਲਿਮ ਕੌਮ ਦਾ ਬਕਰੀਦ ਦੀ ਈਦ ਦਾ ਮਹਾਨ ਤਿਉਹਾਰ ਆ ਰਿਹਾ ਹੈ ਇਹ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿਥੇ ਕਿਸੇ ਨੇਕ ਉਦਮ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹਿਣ ਦਾ ਸੰਦੇਸ ਦਿੰਦਾ ਹੈ, ਉਥੇ ਉਸ ਖੁੱਦਾ-ਅੱਲ੍ਹਾ, ਵਾਹਿਗੁਰੂ ਦੇ ਭਾਣੇ ਵਿਚ ਵਿਚਰਦੇ ਹੋਏ ਆਪਣੀ ਸਕੂਨ ਭਰੀ ਜਿੰਦਗੀ ਬਤੀਤ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈ । ਅਸੀ ਇਸ ਮਹਾਨ ਮੌਕੇ ਉਤੇ ਕੇਵਲ ਸਮੁੱਚੀ ਮੁਸਲਿਮ ਕੌਮ ਅਤੇ ਇਸਲਾਮਿਕ ਮੁਲਕਾਂ ਨੂੰ ਹੀ ਹਾਰਦਿਕ ਮੁਬਾਰਕਬਾਦ ਨਹੀ ਭੇਜਦੇ ਬਲਕਿ ਸਮੁੱਚੀ ਮਨੁੱਖਤਾ ਨੂੰ ਇਸ ਮਹਾਨ ਤਿਉਹਾਰ ਦੀ ਮੁਬਾਰਕਬਾਦ ਭੇਜਦੇ ਹੋਏ ਉਸ ਖੁੱਦਾ-ਅੱਲ੍ਹਾ, ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਸਮੁੱਚੀ ਮਨੁੱਖਤਾ ਨੂੰ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਸਮਾਜਿਕ ਦੁਨਿਆਵੀ ਵਖਰੇਵਿਆ ਤੋ ਉਪਰ ਉੱਠਕੇ ਇਕ-ਦੂਜੇ ਦੀ ਖੁਸ਼ੀ ਲਈ ਹਰ ਤਰ੍ਹਾਂ ਦੀ ਕੁਰਬਾਨੀ, ਤਿਆਗ ਕਰਨ ਦੀ ਸੋਚ ਉਤੇ ਪਹਿਰਾ ਦਿੱਤਾ ਜਾਵੇ ਤਾਂ ਕਿ ਹਰ ਵਰਗ, ਕੌਮ, ਧਰਮ ਵਿਚ ਆਪਸੀ ਪਿਆਰ, ਮੁਹੱਬਤ ਦਾ ਪੈਗਾਮ ਵੀ ਪ੍ਰਫੁੱਲਿਤ ਹੋ ਸਕੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਕੌਮ ਦੇ ਕੁਰਬਾਨੀ ਤੇ ਤਿਆਗ ਭਰੇ ਮਹਾਨ ਤਿਉਹਾਰ ਬਕਰੀਦ ਦੇ ਮਹਾਨ ਮੌਕੇ ਉਤੇ ਸਮੁੱਚੀ ਮਨੁੱਖਤਾ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਇਸ ਬਹੁਤ ਗੰਭੀਰ ਸਮੇ ਵਿਚ ਸਭ ਕੌਮਾਂ, ਧਰਮਾਂ, ਕਬੀਲਿਆ, ਫਿਰਕਿਆ ਨੂੰ ਉਸ ਅਕਾਲ ਪੁਰਖ ਦੇ ਭਾਣੇ ਵਿਚ ਵਿਚਰਦੇ ਹੋਏ ਆਪਣੀਆ ਜਿੰਦਗੀਆ ਸਕੂਨ ਭਰੀਆ ਬਤੀਤ ਕਰਨ ਦੀ ਗੱਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਜਦੋ ਸੰਸਾਰ ਪੱਧਰ ਤੇ ਹਰ ਤਰਫ ਉੱਥਲ-ਪੁੱਥਲ ਹੋ ਰਹੀ ਹੈ ਅਤੇ ਇੰਡੀਆ ਵਿਚ ਬਹੁਗਿਣਤੀ ਮੁਤੱਸਵੀ ਹੁਕਮਰਾਨ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਕਬੀਲਿਆ ਅਤੇ ਮਜਲੂਮਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਨੂੰ ਜਬਰੀ ਕੁੱਚਲਕੇ ਉਨ੍ਹਾਂ ਉਤੇ ਮਾਨਸਿਕ ਅਤੇ ਸਰੀਰਕ ਤਸੱਦਦ ਢਾਹ ਰਹੇ ਹਨ ਅਤੇ ਜੋ ਕੋਈ ਵੀ ਧਰਮ ਇਸ ਗੱਲ ਦੀ ਇਜਾਜਤ ਨਹੀ ਦਿੰਦਾ ਤਾਂ ਉਸ ਸਮੇ ਇਸ ਮਹਾਨ ਤਿਉਹਾਰ ਦੇ ਮੌਕੇ ਉਤੇ ਕੁਰਬਾਨੀ ਦੇ ਭਾਵ ਅਰਥ ਨੂੰ ਮਹਿਸੂਸ ਕਰਦਿਆ ਇਕ ਦੂਸਰੇ ਨੂੰ ਹਰ ਤਰ੍ਹਾਂ ਦੀ ਖੁਸ਼ੀ ਪ੍ਰਦਾਨ ਕਰਨ ਲਈ ਅਤੇ ਜਿਨ੍ਹਾਂ ਕੌਮਾਂ ਜਾਂ ਘੱਟ ਗਿਣਤੀਆ ਉਤੇ ਜਬਰ ਹੋ ਰਿਹਾ ਹੈ, ਉਨ੍ਹਾਂ ਉਤੇ ਅਜਿਹਾ ਮਾਨਸਿਕ ਤੇ ਸਰੀਰਕ ਤਸੱਦਦ ਖਤਮ ਕਰਨ ਲਈ ਉਸ ਅੱਲ੍ਹਾ-ਖੁੱਦਾ ਦੇ ਮੁਹੱਬਤ, ਆਪਸੀ ਮਿਲਵਰਤਣ, ਪਿਆਰ ਨਾਲ ਵਿਚਰਣ ਦੇ ਦਿੱਤੇ ਸੰਦੇਸ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ ਸਭਨਾਂ ਨੂੰ ਇਸ ਦਿਸ਼ਾ ਵੱਲ ਆਪਣੇ ਜੀਵਨ ਵਿਚ ਅਮਲ ਕਰਨੇ ਬਣਦੇ ਹਨ । ਤਾਂ ਕਿ ਅਸੀ ਇਕ ਦੂਜੇ ਦੀਆਂ ਦੁੱਖ ਤਕਲੀਫਾ ਦਾ ਖਾਤਮਾ ਕਰਦੇ ਹੋਏ ਅਤੇ ਇਸ ਦੂਸਰੇ ਦੀਆਂ ਖੁਸੀਆ ਵਿਚ ਵਾਧਾ ਕਰਦੇ ਹੋਏ ਖੁਦ ਵੀ ਆਤਮਿਕ ਖੁਸੀ ਪ੍ਰਾਪਤ ਕਰਦੇ ਰਹੀਏ ।