ਸ. ਗਗਨਦੀਪ ਸਿੰਘ ਬਿੱਲਾ ਯੂਥ ਪ੍ਰਧਾਨ ਮਾਛੀਵਾੜਾ ਦੇ ਹੋਏ ਦਰਦਨਾਕ ਕਤਲ ਦੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਮਈ ( ) “ਸ. ਗਗਨਦੀਪ ਸਿੰਘ ਬਿੱਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਮਾਛੀਵਾੜਾ ਸਰਕਲ ਦੇ ਯੂਥ ਪ੍ਰਧਾਨ ਸਨ, ਜਿਨ੍ਹਾਂ ਨੇ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕੀਤਾ । ਇਹ ਨੌਜਵਾਨ ਬਹੁਤ ਹੀ ਹੋਣਹਾਰ ਅਤੇ ਪੰਥ ਦਾ ਦਰਦ ਰੱਖਣ ਵਾਲਾ ਸੀ । ਜਦੋ ਵੀ ਪਾਰਟੀ ਆਪਣੇ ਕਿਸੇ ਪ੍ਰੋਗਰਾਮ ਦਾ ਐਲਾਨ ਕਰਦੀ ਤਾਂ ਇਹ ਨੌਜਵਾਨ ਆਪਣੇ ਹੋਰ ਨੌਜਵਾਨ ਸਾਥੀਆ ਨੂੰ ਨਾਲ ਲੈਕੇ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿਚ ਜੁੱਟ ਜਾਂਦਾ ਸੀ । ਇਸਦੀ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਕੁਝ ਗੈਰ ਕਾਨੂੰਨੀ ਅਮਲ ਕਰਨ ਵਾਲੇ ਅਨਸਰਾਂ ਵੱਲੋਂ ਉਪਰੋਕਤ ਨੌਜਵਾਨ ਦਾ ਬਹੁਤ ਹੀ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਗਿਆ । ਜੋ ਕਿ ਮਾਪਿਆ, ਇਲਾਕਾ ਨਿਵਾਸੀਆ ਅਤੇ ਪਾਰਟੀ ਲਈ ਬਹੁਤ ਹੀ ਦੁੱਖ ਭਰੀ ਗੱਲ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੀ ਡੂੰਘੀ ਇੱਛਾ ਰੱਖਦਾ ਹੈ ਕਿ ਜੇਕਰ ਪੁਲਿਸ ਨਿਰਪੱਖਤਾ ਤੇ ਇਮਾਨਦਾਰੀ ਨਾਲ ਇਸ ਕਤਲ ਦੀ ਜਾਂਚ ਕਰਦੀ ਹੋਈ ਦੋਸ਼ੀਆਂ ਨੂੰ ਉਮਰ ਭਰ ਦੀ ਕੈਦ ਕਰਵਾਉਣ ਲਈ ਆਪਣੀ ਜਿੰਮੇਵਾਰੀ ਨਿਭਾਅ ਸਕੇ ਤਾਂ ਇਹ ਇਸ ਹੋਏ ਕਤਲ ਦਾ ਇਨਸਾਫ ਹੋ ਸਕੇਗਾ । ਇਹ ਕਤਲ ਕਰਕੇ ਕਾਤਲਾਂ ਨੇ ਬਹੁਤ ਹੀ ਜਬਰ ਕੀਤਾ ਹੈ । ਇਸ ਲਈ ਇਨ੍ਹਾਂ ਕਾਤਲਾਂ ਨੂੰ ਹਰ ਕੀਮਤ ਤੇ ਉਮਰ ਭਰ ਦੀ ਕੈਦ ਹੋਣੀ ਚਾਹੀਦੀ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸ. ਗਗਨਦੀਪ ਸਿੰਘ ਨਾਮ ਦੇ ਨੌਜਵਾਨ ਜੋ ਲੰਮੇ ਸਮੇ ਤੋ ਮਾਛੀਵਾੜਾ ਸਰਕਲ ਦੇ ਪਾਰਟੀ ਦੇ ਯੂਥ ਪ੍ਰਧਾਨ ਦੀ ਸੇਵਾ ਨਿਭਾਉਦਾ ਆ ਰਿਹਾ ਸੀ, ਦੇ ਹੋਏ ਦਰਦਨਾਕ ਕਤਲ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਕਾਤਲਾਂ ਨੂੰ ਸਖ਼ਤ ਤੋ ਸਖ਼ਤ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।