ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਲੱਗੀਆਂ ਨਾਮ ਪਲੇਟਾਂ ਪੰਜਾਬੀ ਭਾਸ਼ਾ ਦਾ ਸਫਾਇਆ ਕਰਨ ਦੇ ਅਮਲ ਅਸਹਿ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 08 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਹੋਦ ਵਿਚ ਲਿਆਦੀ ਗਈ ਸੀ ਜਿਸ ਵਿਚ ਪੰਜਾਬੀ ਬੋਲੀ ਭਾਸ਼ਾ ਨੂੰ ਪਹਿਲ ਦੇ ਆਧਾਰ ਤੇ ਅਪਣਾਉਣ ਤੇ ਪ੍ਰਫੁੱਲਿਤ ਕਰਨ ਦਾ ਮਕਸਦ ਵੀ ਰੱਖਿਆ ਗਿਆ ਸੀ ਉਸ ਯੂਨੀਵਰਸਿਟੀ ਤੇ ਕਾਬਜ ਮੁਤੱਸਵੀ ਸੋਚ ਵਾਲੇ ਵਾਇਸ ਚਾਂਸਲਰ ਤੇ ਹੋਰ ਪ੍ਰਬੰਧਕਾਂ ਵੱਲੋ ਹੁਣੇ ਹੀ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਅੱਗੇ ਜੋ ਨਾਮ ਪਲੇਟਾਂ ਲਗਾਈਆ ਗਈਆ ਹਨ । ਉਸ ਵਿਚ ਹਿੰਦੀ ਭਾਸ਼ਾ ਨੂੰ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਅੰਗਰੇਜੀ ਵਿਚ ਲਿਖੀਆ ਹੋਈਆ ਹਨ । ਪੰਜਾਬ ਸੂਬੇ ਤੇ ਪੰਜਾਬੀਆਂ ਦੀ ਮੁੱਖ ਭਾਸ਼ਾ ਤੇ ਬੋਲੀ ਪੰਜਾਬੀ ਨੂੰ ਪੂਰਨ ਰੂਪ ਵਿਚ ਨਜਰਅੰਦਾਜ ਕਰ ਦਿੱਤਾ ਗਿਆ ਹੈ । ਜਿਸ ਤੋ ਪ੍ਰਤੱਖ ਹੋ ਰਿਹਾ ਹੈ ਕਿ ਪੰਜਾਬੀ ਬੋਲੀ ਨੂੰ ਨਜਰਅੰਦਾਜ ਕਰਨ ਦੇ ਅਮਲ ਇਕ ਸੋਚੀ ਸਮਝੀ ਹਿੰਦੂਤਵ ਹੁਕਮਰਾਨਾਂ ਦੀ ਉਸ ਸਾਂਝੀ ਸਾਜਿਸ ਦਾ ਹਿੱਸਾ ਹੈ ਜਿਸ ਵਿਚ ਹਿੰਦੂ, ਹਿੰਦੀ, ਹਿੰਦੂਸਤਾਨ ਦੇ ਨਾਮ ਹੇਠ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਅਮਲ ਹੁੰਦੇ ਆ ਰਹੇ ਹਨ । ਇਹ ਪੰਜਾਬੀ ਬੋਲੀ ਤੇ ਭਾਸ਼ਾ ਨਾਲ ਬਹੁਤ ਵੱਡੀ ਨਫਰਤ ਭਰੀ ਕਾਰਵਾਈ ਹੈ ਜੋ ਬਿਲਕੁਲ ਬਰਦਾਸਤਯੋਗ ਨਹੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਨਾਮ ਪਲੇਟਾਂ ਲਗਾਉਦੇ ਹੋਏ ਪੰਜਾਬੀ ਬੋਲੀ ਭਾਸ਼ਾ ਨਾਲ ਕੀਤੀ ਜਾ ਰਹੀ ਵੱਡੀ ਨਫਰਤ ਭਰੀ ਬੇਇਨਸਾਫ਼ੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪ੍ਰਬੰਧਕਾਂ ਨੂੰ ਇਸਦੇ ਨਿਕਲਣ ਵਾਲੇ ਖਤਰਨਾਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਸੱਥ ਦੇ ਪ੍ਰਧਾਨ ਸ. ਅਸਮੀਤ ਸਿੰਘ ਅਤੇ ਜਥੇਬੰਦੀ ਵੱਲੋ ਜੋ ਇਸ ਕੀਤੇ ਜਾ ਰਹੇ ਵਿਤਕਰੇ ਉਤੇ ਇਤਰਾਜ ਜਾਹਰ ਕਰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀਆ ਨੂੰ ਇਹ ਨਾਮ ਪਲੇਟਾਂ ਹਟਾਉਣ ਦੀ ਗੱਲ ਕਰਦੇ ਹੋਏ ਖਬਰਦਾਰ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਜਮਹੂਰੀਅਤ ਤੇ ਅਮਨਮਈ ਉਦਮ ਦੀ ਜਿਥੇ ਪ੍ਰਸੰਸਾਂ ਕਰਦਾ ਹੈ ਉਥੇ ਪੰਜਾਬੀ ਬੋਲੀ ਨਾਲ ਹੋ ਰਹੇ ਯੂਨੀਵਰਸਿਟੀ ਵਿਚ ਵਿਤਕਰੇ ਦੀ ਵੀ ਨਿੰਦਾ ਕਰਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਇਹ ਪਲੇਟਾਂ ਨਾ ਉਤਾਰੀਆ ਗਈਆ ਤਾਂ ਬਣਨ ਵਾਲੇ ਵਿਸਫੋਟਕ ਹਾਲਾਤਾਂ ਲਈ ਅਧਿਕਾਰੀ ਜਿੰਮੇਵਾਰ ਹੋਣਗੇ । ਇਸ ਲਈ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਅਕ ਅਦਾਰੇ ਦਾ ਮਾਹੌਲ ਖਰਾਬ ਨਾ ਹੋਵੇ ਤੁਰੰਤ ਇਨ੍ਹਾਂ ਹਿੰਦੀ ਅਤੇ ਅੰਗਰੇਜੀ ਵਿਚ ਲੱਗੀਆ ਨਾਮ ਪਲੇਟਾਂ ਨੂੰ ਹਟਾਕੇ ਇਨ੍ਹਾਂ ਨਾਮ ਪਲੇਟਾਂ ਤੇ ਪਹਿਲੇ ਨੰਬਰ ਤੇ ਪੰਜਾਬੀ, ਦੂਸਰੇ ਤੇ ਅੰਗਰੇਜੀ ਅਤੇ ਤੀਸਰੇ ਤੇ ਹਿੰਦੀ ਅੰਕਿਤ ਕਰਕੇ ਲਗਵਾਉਣ । ਤਾਂ ਕਿ ਨੌਜਵਾਨ ਵਿਦਿਆਰਥੀਆ ਤੇ ਪੰਜਾਬੀਆ ਵਿਚ ਉੱਠੇ ਰੋਹ ਨੂੰ ਸਹੀ ਸਮੇ ਤੇ ਸ਼ਾਂਤ ਕੀਤਾ ਜਾ ਸਕੇ ਅਤੇ ਇਸ ਮਹਾਨ ਵਿਦਿਅਕ ਅਦਾਰੇ ਦੇ ਮਾਹੌਲ ਨੂੰ ਖੁਸਗਵਾਰ ਰੱਖਣ ਵਿਚ ਪ੍ਰਬੰਧਕ ਯੋਗਦਾਨ ਪਾ ਸਕਣ ।