ਸਿੱਖ ਕੌਮ ਨੂੰ ਆਪਣੀ ਪ੍ਰਭੂਸਤਾਂ ਨੂੰ ਕਾਇਮ ਰੱਖਣ ਵਾਲੇ ਸ਼ਬਦ ‘ਦੇਹ ਸਿਵਾ ਬਰੁ ਮੋਹਿ ਇਹੈ’ ਗਾਇਨ ਕਰਨ ਦੇ ਹੁਕਮ ਲਈ ਜਥੇਦਾਰ ਸਾਹਿਬ ਨੂੰ ਅਪੀਲ : ਮਾਨ
ਫ਼ਤਹਿਗੜ੍ਹ ਸਾਹਿਬ, 08 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੇ ਕਦੇ ਵੀ ਅਕਾਲ ਪੁਰਖ ਤੋ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਮਾਤਾ ਆਦਿ ਨੂੰ ਨਹੀ ਮੰਨਿਆ ਬਲਕਿ ਇਕ ਵਾਹਿਗੁਰੂ ਅਕਾਲ ਪੁਰਖ ਦੀ ਹੀ ਉਪਾਸਨਾ ਕਰਦੀ ਆਈ ਹੈ । ਲੇਕਿਨ ਮੌਜੂਦਾ ਹੁਕਮਰਾਨ ਲੰਮੇ ਸਮੇ ਤੋ ਸਾਡੇ ਅਮੀਰ ਵਿਰਸੇ-ਵਿਰਾਸਤ, ਸਾਡੀ ਅਮੀਰ ਪੰਜਾਬੀ ਗੁਰਮੁੱਖੀ ਬੋਲੀ, ਭਾਸਾ ਤੇ ਸਾਡੇ ਇਤਿਹਾਸ ਨੂੰ ਮੰਦਭਾਵਨਾ ਭਰੀਆ ਸਾਜਿਸਾਂ ਰਾਹੀ ਨੁਕਸਾਨ ਪਹੁੰਚਾਉਦੇ ਅਤੇ ਉਸਦੀ ਆਪਣੀ ਬੋਲੀ-ਭਾਸਾ ਆਦਿ ਵਿਚ ਬਦਲੀ ਕਰਨ ਉਤੇ ਕੰਮ ਕਰਦੇ ਆ ਰਹੇ ਹਨ । ਜਿਸ ਨੂੰ ਸਿੱਖ ਕੌਮ ਨੇ ਕਤਈ ਪ੍ਰਵਾਨ ਨਹੀ ਕੀਤਾ । ਇਸ ਲਈ ਸਾਡੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਹੈ ਕਿ ਉਹ ਸਿੱਖ ਕੌਮ ਦੀ ਅਣਖ-ਗੈਰਤ ਤੇ ਪ੍ਰਭੂਸਤਾ ਦੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਹੁਕਮ ਜਾਰੀ ਕਰਨ ਕਿ ਸਮੁੱਚੀ ਸਿੱਖ ਕੌਮ ਆਪਣੇ ਮਹਾਨ ਸ਼ਬਦ ‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’ ਦਾ ਗਾਇਨ ਹੀ ਕਰੇ ਨਾ ਕਿ ਹਿੰਦੂਤਵ ਹੁਕਮਰਾਨਾਂ ਵੱਲੋ ਵੰਦੇ ਮਾਤਰਮ ਦੇ ਮਾਤਾ-ਪੂਜਾ ਵਾਲਾ ਗਾਇਨ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਪਰੋਕਤ ਦੇਹ ਸਿਵਾ ਬਰੁ ਮੋਹਿ ਇਹੈ ਦੇ ਸ਼ਬਦ ਦਾ ਗਾਇਨ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਿੱਖ ਕੌਮ ਨੂੰ ਹੁਕਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਜਥੇਦਾਰ ਸਾਹਿਬ ਇਸ ਵਿਸੇ ਉਤੇ ਜਲਦੀ ਹੀ ਵਿਚਾਰ ਕਰਕੇ ਹੁਕਮ ਕਰ ਦੇਣਗੇ, ਉਥੇ ਸਿੱਖ ਕੌਮ ਆਪਣੇ ਉਸ ਅਕਾਲ ਪੁਰਖ ਦੀ ਉਪਾਸਨਾ ਕਰਨ ਦੇ ਸ਼ਬਦ ਨੂੰ ਪ੍ਰਵਾਨ ਕਰਕੇ ਹੀ ਆਪਣੀ ਵੱਖਰੀ ਅਣਖ-ਇੱਜਤ ਵਾਲੀ ਪਹਿਚਾਣ ਨੂੰ ਕਾਇਮ ਰੱਖੇਗੀ ।
ਸ. ਮਾਨ ਨੇ ਇਕ ਹੋਰ ਵੱਖਰੇ ਬਿਆਨ ਵਿਚ ਪਾਕਿਸਤਾਨ ਦੀ ਮੌਜੂਦਾ ਹਕੂਮਤ ਨੂੰ ਇਹ ਉਚੇਚੇ ਤੌਰ ਤੇ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਸਾਹਿਬ ਵਿਖੇ ਆਉਣ-ਜਾਣ ਵਾਲੀਆ ਹਵਾਈ ਉਡਾਨਾਂ ਲਈ ਏਅਰਸਪੇਸ ਦੀ ਖੁੱਲ੍ਹ ਦੇਣ, ਸਾਡੀਆ ਇਨ੍ਹਾਂ ਹਵਾਈ ਉਡਾਨਾਂ ਉਤੇ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਤੇ ਪਾਬੰਦੀ ਨਹੀ ਹੋਣੀ ਚਾਹੀਦੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਹਕੂਮਤ ਸਿੱਖ ਕੌਮ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਏਅਰਸਪੇਸ ਦੀ ਖੁੱਲ੍ਹ ਪ੍ਰਦਾਨ ਕਰ ਦੇਵੇਗੀ ।