ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਮਿਸਟਰ ਜੋਹਨਸਨ ਬੇਸ਼ੱਕ ਇੰਡੀਆਂ ਆ ਰਹੇ ਹਨ, ਪਰ ਉਹ ਸਿੱਖ ਕੌਮ ਨੂੰ ਦੱਸਣ ਕਿ ਬਰਤਾਨੀਆ ਨੇ ਬਲਿਊ ਸਟਾਰ ਦੇ ਹਮਲੇ ਵਿਚ ਹਿੱਸਾ ਕਿਉਂ ਲਿਆ ? : ਮਾਨ

ਜਦੋਂ 1962,65,71 ਅਤੇ 2020 ਦੀਆਂ ਲੜਾਈਆਂ ਵਿਚ ਬਾਹਰੀ ਮੁਲਕ ਦਾ ਸਹਿਯੋਗ ਨਹੀ ਲਿਆ, ਤਾਂ ਸਟੇਟਲੈਸ ਸਿੱਖ ਕੌਮ ਉਤੇ ਰੂਸ ਅਤੇ ਬਰਤਾਨੀਆ ਨੇ ਸਾਥ ਕਿਉਂ ਦਿੱਤਾ ?

ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ ( ) “ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਬੋਰਿਸ ਜੋਹਨਸਨ 21 ਅਪ੍ਰੈਲ ਨੂੰ ਇੰਡੀਆ ਦੌਰੇ ਤੇ ਆ ਰਹੇ ਹਨ । ਜਿਸਦਾ ਅਸੀਂ ਸਲੀਕੇ, ਤਹਿਜੀਬ ਅਤੇ ਪ੍ਰੋਟੋਕਾਲ ਤੌਰ ਤੇ ਸਵਾਗਤ ਕਰਦੇ ਹਾਂ। ਪਰ 1984 ਵਿਚ ਜਦੋਂ ਇੰਡੀਆਂ ਦੀ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਕੌਮ ਵਿਰੋਧੀ ਆਪਣੇ ਮਨ ਵਿਚ ਪਨਪ ਰਹੀ ਮੰਦਭਾਵਨਾ ਅਧੀਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਸਰਬਉੱਚ ਅਸਥਾਨਾਂ ਨੂੰ ਢਹਿ-ਢੇਰੀ ਕਰ ਦਿੱਤਾ ਸੀ ਤਾਂ ਉਸ ਸਮੇ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਨੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਵਾਰਕ੍ਰਾਈਮ ਵਿਚ ਆਪਣੇ ਆਪ ਨੂੰ ਦੋਸ਼ੀ ਕਿਉਂ ਬਣਾਇਆ ਅਤੇ ਸਟੇਟਲੈਸ ਸਿੱਖ ਕੌਮ ਦਾ ਕਤਲੇਆਮ ਕਰਨ ਅਤੇ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਵਿਚ ਹਿੱਸਾ ਕਿਉਂ ਪਾਇਆ ? ਉਸ ਸਮੇਂ 25 ਹਜਾਰ ਉਨ੍ਹਾਂ ਸਿੱਖ ਸਰਧਾਲੂਆਂ ਨੂੰ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਅਤੇ ਜੋ ਨਿਹੱਥੇ ਅਤੇ ਨਿਰਦੋਸ਼ ਸਨ, ਉਨ੍ਹਾਂ ਨੂੰ ਜ਼ਬਰੀ ਸ਼ਹੀਦ ਕਰਨ ਦੀ ਗੁਸਤਾਖੀ ਕਿਉਂ ਕੀਤੀ । ਸਾਡੇ ਕੌਮੀ ਤੋਸਾਖਾਨਾ, ਸਿੱਖ ਰੈਫਰੈਸ ਲਾਈਬ੍ਰੇਰੀ ਦੇ ਬੇਸ਼ਕੀਮਤੀ ਵਸਤਾਂ, ਇਤਿਹਾਸਿਕ ਦਸਤਾਵੇਜ ਜੋ ਇੰਡੀਅਨ ਫ਼ੌਜ ਚੁੱਕ ਕੇ ਲੈ ਗਈ ਸੀ ਜੋ ਅੱਜ ਤੱਕ ਵਾਪਸ ਨਹੀ ਕੀਤੀਆ ਗਈਆ। ਸੰਤ-ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਨੌਜ਼ਵਾਨ ਉੱਭਰੀ ਲੀਡਰਸਿ਼ਪ ਨੂੰ ਸ਼ਹੀਦ ਕਰ ਦਿੱਤਾ ਗਿਆ । ਜਦੋਂ 1962, 1965, 1971 ਅਤੇ 2020 ਦੀਆਂ ਹੋਈਆ ਇੰਡੀਅਨ ਜੰਗਾਂ ਸਮੇਂ ਕਿਸੇ ਵੀ ਬਾਹਰੀ ਮੁਲਕ, ਫੌ਼ਜ ਦੀ ਸਹਾਇਤਾ ਨਹੀਂ ਲਈ ਗਈ, ਫਿਰ ਸਟੇਟਲੈਸ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਨੂੰ ਢਹਿ-ਢੇਰੀ ਕਰਨ ਲਈ ਅਤੇ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਰੂਸ ਅਤੇ ਬਰਤਾਨੀਆ ਨੇ ਆਪਣੀਆ ਫ਼ੌਜਾਂ ਨੂੰ ਇਹ ਵਾਰਕ੍ਰਾਈਮ ਕਰਨ ਲਈ ਕਿਉਂ ਭੇਜਿਆ ? ਇਸਦਾ ਕੌਮਾਂਤਰੀ ਪੱਧਰ ਦੇ ਪਲੇਟਫਾਰਮ ਉਤੇ ਬਰਤਾਨੀਆ ਦੇ ਵਜ਼ੀਰ-ਏ-ਆਜਮ ਸ੍ਰੀ ਬੋਰਿਸ ਜੋਹਨਸਨ ਦੇ ਇੰਡੀਆ ਆਉਣ ਉਤੇ ਸਿੱਖ ਕੌਮ ਬਰਤਾਨੀਆ ਹਕੂਮਤ ਤੋ ਜੁਆਬ ਮੰਗਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਵਜ਼ੀਰ-ਏ-ਆਜਮ ਸ੍ਰੀ ਬੋਰਿਸ ਜੋਹਨਸਨ ਵੱਲੋ 21 ਅਪ੍ਰੈਲ ਨੂੰ ਇੰਡੀਆ ਦੌਰੇ ਤੇ ਆਉਣ ਤੋ ਪਹਿਲੇ ਹੀ ਬਰਤਾਨੀਆ ਹਕੂਮਤ ਨੂੰ ਇਨਸਾਫ਼ ਦੇ ਕੌਮਾਂਤਰੀ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਅਤੇ ਸਟੇਟਲੈਸ ਸਿੱਖ ਕੌਮ ਉਤੇ 1984 ਵਿਚ ਕੀਤੇ ਗਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਇੰਡੀਆ ਦਾ ਸਾਥ ਦੇ ਕੇ ਵਾਰਕ੍ਰਾਈਮ ਕਰਨ ਉਤੇ ਸਿੱਖ ਕੌਮ ਵੱਲੋਂ ਅਗਾਊ ਤੌਰ ਤੇ ਜੁਆਬ ਮੰਗਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦਾ ਵੀ ਵਰਣਨ ਕੀਤਾ ਕਿ ਜਦੋ ਸਿੱਖ ਕੌਮ ਦੇ ਅੰਗਰੇਜ਼ਾਂ ਨਾਲ ਪਹਿਲੇ ਵੀ ਅੱਛੇ ਸੰਬੰਧ ਰਹੇ ਹਨ, ਫਿਰ ਬਰਤਾਨੀਆ ਦੀ ਅੰਗਰੇਜ਼ ਹਕੂਮਤ ਸਿੱਖ ਕੌਮ ਦੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਇਤਿਹਾਸਿਕ ਫਖ਼ਰ ਵਾਲੇ ਉਦਮਾਂ, ਕਾਰਨਾਮਿਆ ਤੋ ਜਦੋ ਭਰਪੂਰ ਜਾਣਕਾਰੀ ਰੱਖਦੀ ਹੈ, ਜਿਸਨੇ ਕੇਵਲ ਪੰਜਾਬ-ਇੰਡੀਆ ਜਾਂ ਬਾਹਰਲੇ ਮੁਲਕਾਂ ਵਿਚ ਹੀ ਆਪਣੀਆ ਨਿਰਸਵਾਰਥ ਸੇਵਾਵਾਂ ਅਤੇ ਕੁਰਬਾਨੀਆ ਕਰਕੇ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਜੋ ਸਿੱਖ ਕੌਮ ‘ਨਾ ਕੋ ਵੈਰੀ, ਨਾਹਿ ਬੈਗਾਨਾ ਸਗਲਿ ਸੰਗੁ ਹਮਕੋ ਬਨਿ ਆਈ’ ਦੇ ਮਹਾਵਾਕ ਅਨੁਸਾਰ ਕਿਸੇ ਤਰ੍ਹਾਂ ਦੇ ਵੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰਿਆ ਤੋ ਰਹਿਤ ਰਹਿਕੇ ਸਮੁੱਚੀ ਮਨੁੱਖਤਾ ਲਈ ਉਦਮ ਕਰਦੀ ਆ ਰਹੀ ਹੈ, ਸਮੁੱਚੇ ਸੰਸਾਰ ਵਿਚ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਦੀ ਹਾਮੀ ਹੈ, ਉਸ ਸਿੱਖ ਕੌਮ ਦੇ ਉਪਰੋਕਤ ਸਰਬਉੱਚ ਅਸਥਾਨਾਂ ਨੂੰ ਫ਼ੌਜੀ ਟੈਕਾਂ, ਤੋਪਾ ਅਤੇ ਹੋਰ ਮਿਲਟਰੀ ਹਥਿਆਰਾਂ ਨਾਲ ਤਹਿਸ-ਨਹਿਸ ਕਰ ਦਿੱਤਾ ਹੈ । ਉਸ ਬਰਤਾਨੀਆ ਹਕੂਮਤ ਨੇ 1984 ਵਿਚ ਸਟੇਟਲੈਸ ਸਿੱਖ ਕੌਮ ਦਾ ਕਤਲੇਆਮ ਕਰਨ ਅਤੇ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਦੀ ਵੱਡੀ ਬਜਰ ਗੁਸਤਾਖੀ ਕਰਕੇ ਮਨੁੱਖੀ ਅਧਿਕਾਰਾਂ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਿਉਂ ਕੀਤੀ ? ਇਸਦਾ ਜੁਆਬ ਸਿੱਖ ਕੌਮ ਬਰਤਾਨੀਆ ਦੇ ਮੌਜੂਦਾ ਵਜ਼ੀਰ-ਏ-ਆਜਮ ਜੋ ਇੰਡੀਆ ਦੌਰੇ ਤੇ ਆ ਰਹੇ ਹਨ, ਉਨ੍ਹਾਂ ਨੂੰ ਜਨਤਕ ਤੌਰ ਤੇ ਜੁਆਬ ਚਾਹੁੰਦੀ ਹੈ ।

Leave a Reply

Your email address will not be published. Required fields are marked *