ਐਸ.ਜੀ.ਪੀ.ਸੀ ਦੇ ਕੱਲ੍ਹ ਹੋਣ ਵਾਲੇ ਇਜਲਾਸ ਵਿਚ ਐਸ.ਜੀ.ਪੀ.ਸੀ ਦੀ ਕਤਲ ਕੀਤੀ ਗਈ ਜਮਹੂਰੀਅਤ ਨੂੰ ਬਹਾਲ ਕਰਨ ਦਾ ਮਤਾ ਪਾਸ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 27 ਮਾਰਚ ( ) “ਆਉਣ ਵਾਲੇ ਕੱਲ੍ਹ ਮਿਤੀ 28 ਮਾਰਚ ਨੂੰ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦਾ ਸਲਾਨਾ ਇਜਲਾਸ ਹੋ ਰਿਹਾ ਹੈ, ਇਹ ਬਹੁਤ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਹੋ ਰਹੀ ਹੈ ਕਿ ਸੈਟਰ ਦੀ ਬੀਜੇਪੀ ਦੀ ਮੋਦੀ ਹਕੂਮਤ ਅਤੇ ਪਹਿਲੇ ਹੁਕਮਰਾਨਾਂ ਵੱਲੋ ਬੀਤੇ 15 ਸਾਲਾਂ ਤੋ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ ਜੋ ਹਰ 5 ਸਾਲ ਬਾਅਦ ਜਮਹੂਰੀਅਤ ਚੋਣ ਹੋਣੀ ਹੁੰਦੀ ਹੈ, ਉਸਦਾ ਨਿਰੰਤਰ ਘਾਣ ਕੀਤਾ ਜਾਂਦਾ ਆ ਰਿਹਾ ਹੈ । ਜੋ ਕਿ ਸਿੱਖ ਕੌਮ ਨਾਲ ਹੁਕਮਰਾਨ ਵਿਧਾਨਿਕ, ਸਮਾਜਿਕ, ਨਿਆਇਕ ਤੌਰ ਤੇ ਬਹੁਤ ਵੱਡਾ ਜ਼ਬਰ-ਜੁਲਮ ਤੇ ਬੇਇਨਸਾਫ਼ੀ ਕਰਦੇ ਆ ਰਹੇ ਹਨ । ਇਹ ਹੋਰ ਵੀ ਵੱਡਾ ਦੁੱਖ ਹੈ ਕਿ ਗੈਰ ਕਾਨੂੰਨੀ ਤੌਰ ਤੇ ਕੰਮ ਕਰਦੀ ਆ ਰਹੀ ਐਸ.ਜੀ.ਪੀ.ਸੀ ਦੇ ਮੌਜੂਦਾ ਅਧਿਕਾਰੀ ਜਿਨ੍ਹਾਂ ਦੀ ਮਿਆਦ ਬਹੁਤ ਪਹਿਲੇ ਖਤਮ ਹੋ ਚੁੱਕੀ ਹੈ, ਉਹ ਵੀ ਇਸ ਐਸ.ਜੀ.ਪੀ.ਸੀ ਦੀ ਜਰਨਲ ਚੋਣ ਕਰਵਾਉਣ ਲਈ ਸੁਹਿਰਦ ਨਹੀ ਹਨ ਅਤੇ ਨਾ ਹੀ ਸਿੱਖ ਕੌਮ ਵੱਲੋ ਵਾਰ-ਵਾਰ ਕਹਿਣ ਤੇ ਵੀ ਸੈਟਰ ਦੇ ਹੁਕਮਰਾਨਾਂ ਤੇ ਐਸ.ਜੀ.ਪੀ.ਸੀ ਦੀ ਜਰਨਲ ਚੋਣ ਕਰਵਾਉਣ ਲਈ ਕਿਸੇ ਤਰ੍ਹਾਂ ਦਾ ਜੋਰ ਦਬਾਅ ਨਹੀ ਪਾ ਰਹੇ । ਇਨ੍ਹਾਂ ਵੱਲੋ ਵੀ ਆਪਣੀਆ ਜਿੰਮੇਵਾਰੀਆ ਪੂਰਨ ਨਹੀ ਕੀਤੀਆ ਜਾ ਰਹੀਆ । ਜੋ ਕੱਲ੍ਹ ਇਜਲਾਸ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਮੌਜੂਦਾ ਐਸ.ਜੀ.ਪੀ.ਸੀ ਦੇ ਅਧਿਕਾਰੀਆ ਤੋ ਅਤੇ ਹਾਊਸ ਤੋ ਇਹ ਸੰਜ਼ੀਦਾ ਮੰਗ ਕਰਦਾ ਹੈ ਕਿ ਇਸ ਇਜਲਾਸ ਵਿਚ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦਾ ਮਤਾ ਪਹਿਲ ਦੇ ਆਧਾਰ ਤੇ ਪਾਸ ਕਰਕੇ ਸੈਟਰ ਦੇ ਗ੍ਰਹਿ ਵਿਭਾਗ ਨੂੰ ਤੇ ਸੈਟਰ ਸਰਕਾਰ ਨੂੰ ਭੇਜਿਆ ਜਾਵੇ ਤਾਂ ਕਿ ਸਾਡੀ ਸਿੱਖ ਪਾਰਲੀਮੈਟ ਦੀਆਂ ਜਮਹੂਰੀਅਤ ਢੰਗ ਨਾਲ ਚੋਣਾਂ ਹੋ ਕੇ ਸਾਡੀ ਜਮਹੂਰੀਅਤ ਬਹਾਲ ਹੋ ਸਕੇ ਅਤੇ ਸਾਡੀ ਸਿੱਖ ਕੌਮ ਆਪਣੇ ਨੁਮਾਇੰਦੇ ਫਿਰ ਤੋ ਚੁਣਕੇ ਗੁਰੂਘਰਾਂ ਦੇ ਪ੍ਰਬੰਧ ਵਿਚ ਆਈਆ ਵੱਡੀਆ ਤਰੁੱਟੀਆ ਦਾ ਖਾਤਮਾ ਕਰਕੇ ਇਸ ਪ੍ਰਬੰਧ ਨੂੰ ਸਹੀ ਦਿਸ਼ਾ ਵੱਲ ਲਿਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਐਸ.ਜੀ.ਪੀ.ਸੀ ਦੇ ਹੋ ਰਹੇ ਇਜਲਾਸ ਵਿਚ ਸਾਮਿਲ ਹੋਣ ਵਾਲੇ ਮੈਬਰਾਂ ਅਤੇ ਅਧਿਕਾਰੀਆ ਨੂੰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਐਸ.ਜੀ.ਪੀ.ਸੀ ਦੀ 15 ਸਾਲਾਂ ਤੋ ਘਾਣ ਕੀਤੀ ਗਈ ਜਮਹੂਰੀਅਤ ਨੂੰ ਬਹਾਲ ਕਰਨ ਲਈ ਇਸ ਇਜਲਾਸ ਵਿਚ ਉਚੇਚੇ ਤੌਰ ਤੇ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਦਾ ਮਤਾ ਪਾਉਣ ਦੀ ਗੰਭੀਰ ਅਪੀਲ ਕਰਦੇ ਹੋਏ ਅਤੇ ਇਸਦੀ ਜਮਹੂਰੀਅਤ ਬਹਾਲ ਕਰਵਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਵੇ ਐਸ.ਜੀ.ਪੀ.ਸੀ ਦੇ ਮੌਜੂਦਾ ਮੈਬਰ ਕਿਸੇ ਵੀ ਧੜੇ, ਸੰਗਠਨ, ਸੋਚ ਨਾਲ ਕਿਉ ਨਾ ਸੰਬੰਧਤ ਹੋਣ, ਲੇਕਿਨ ਉਹ ਐਸ.ਜੀ.ਪੀ.ਸੀ ਦੀ ਜਰਨਲ ਚੋਣ ਕਰਵਾਉਣ ਲਈ ਸਰਬਸੰਮਤੀ ਜਾਂ ਬਹੁਸੰਮਤੀ ਨਾਲ ਕੱਲ ਦੇ ਇਜਲਾਸ ਵਿਚ ਮਤਾ ਲਿਆਕੇ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨਗੇ ਅਤੇ ਮੌਜੂਦਾ ਪ੍ਰਬੰਧ ਵਿਚ ਆਈਆ ਵੱਡੀਆ ਖਾਮੀਆ ਨੂੰ ਦੂਰ ਕਰਨ ਵਿਚ ਆਪਣੀ ਸੰਜੀਦਾ ਭੂਮਿਕਾ ਨਿਭਾਉਣਗੇ ।