ਵਾਹਗਾ ਬਾਰਡਰ ਉਤੇ ਸਰਹੱਦਾਂ ਨੂੰ ਖੁਲਵਾਉਣ ਲਈ ਕੀਤੀ ਰੈਲੀ ਦੇ ਲਗਾਏ ਟੈਂਟ ਨੂੰ ਬੀ.ਐਸ.ਐਫ. ਵੱਲੋਂ ਉਖਾੜਨਾ ਸਾਡੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਦੇ ਤੁੱਲ : ਮਾਨ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੇ ਮਾਲੀ ਹਾਲਾਤਾਂ ਨੂੰ ਬਿਹਤਰ ਬਣਾਉਣ ਹਿੱਤ ਅੱਜ ਮਿਤੀ 28 ਮਾਰਚ ਨੂੰ ਵਾਹਗਾ ਬਾਰਡਰ ਉਤੇ ਵਿਸ਼ਾਲ ਰੈਲੀ ਰੱਖੀ ਗਈ ਸੀ ਤਾਂ ਕਿ ਇਸ ਰੋਸ ਰੈਲੀ ਰਾਹੀ ਹੁਕਮਰਾਨਾਂ ਦੇ ਬੋਲੇ ਕੰਨਾਂ ਤੱਕ ਇਹ ਆਵਾਜ ਪਹੁੰਚਾਈ ਜਾ ਸਕੇ ਕਿ ਜਦੋਂ ਹੁਕਮਰਾਨਾਂ ਵੱਲੋਂ ਗੁਜਰਾਤ ਦੀਆਂ ਸਰਹੱਦਾਂ ਰਾਹੀ ਵਪਾਰ ਪਾਕਿਸਤਾਨ ਰਾਹੀ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਜਿੰਮੀਦਾਰਾਂ, ਛੋਟੇ ਵਪਾਰੀਆਂ, ਛੋਟੇ ਕਾਰਖਾਨੇਦਾਰਾਂ ਵੱਲੋ ਉਤਪਾਦ ਕੀਤੀਆ ਜਾਣ ਵਾਲੀਆ ਆਪਣੀਆ ਫਸਲਾਂ ਤੇ ਉਤਪਾਦਾਂ ਦਾ ਵਪਾਰ ਵਾਹਗਾ ਬਾਰਡਰ ਰਾਹੀ ਅਰਬ ਮੁਲਕਾਂ ਵਿਚ ਕੀਤਾ ਜਾ ਸਕੇ ਅਤੇ ਇਨ੍ਹਾਂ ਆਪਣੇ ਉਤਪਾਦਾਂ ਦੀ ਉਨ੍ਹਾਂ ਨੂੰ ਸਹੀ ਕੀਮਤ ਪ੍ਰਾਪਤ ਹੋ ਕੇ ਉਹ ਆਪਣੇ ਪਰਿਵਾਰਾਂ ਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾ ਸਕਣ । ਲੇਕਿਨ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਜੋ ਅਸੀ ਵਾਹਗਾ ਸਰਹੱਦ ਉਤੇ ਇਕ ਪ੍ਰਾਈਵੇਟ ਜਿੰਮੀਦਾਰ ਤੋ ਜਮੀਨ ਲੈਕੇ ਆਪਣੀ ਰੈਲੀ ਲਈ ਪੰਡਾਲ ਤੇ ਟੈਂਟ ਲਗਾਇਆ ਸੀ, ਉਸ ਨੂੰ ਬੀ.ਐਸ.ਐਫ ਦੇ ਅਧਿਕਾਰੀਆ ਨੇ ਪੁੱਟਕੇ ਸਾਡੇ ਜਮਹੂਰੀਅਤ ਪੱਖੀ ਵਿਧਾਨਿਕ ਉਨ੍ਹਾਂ ਹੱਕਾਂ ਦਾ ਘੋਰ ਉਲੰਘਣ ਕੀਤਾ ਹੈ ਜਿਸ ਰਾਹੀ ਕੋਈ ਵੀ ਸਿਆਸੀ ਪਾਰਟੀ ਜਾਂ ਕਿਸੇ ਸੂਬੇ ਦੇ ਨਿਵਾਸੀ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਅਜਿਹੀਆ ਰੈਲੀਆ, ਧਰਨੇ, ਰੋਸ ਦਿਖਾਵੇ ਕਰਨ ਦਾ ਅਧਿਕਾਰ ਹਾਸਿਲ ਹੈ, ਉਸਨੂੰ ਕੁੱਚਲਿਆ ਗਿਆ ਹੈ । ਜੋ ਕਿ ਵਿਧਾਨ ਦੀ ਘੋਰ ਉਲੰਘਣਾ ਕੀਤੀ ਗਈ ਹੈ। ਜਿਸ ਦੀ ਪਾਰਟੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ, ਉਥੇ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋ ਕੀਤੇ ਗਏ ਗੈਰ ਕਾਨੂੰਨੀ ਅਮਲ ਵਿਰੁੱਧ ਕਾਰਵਾਈ ਹੋਣੀ ਬਣਦੀ ਹੈ ਤਾਂ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਸੂਬੇ ਦੇ ਨਿਵਾਸੀਆ ਦੇ ਜਮਹੂਰੀ ਹੱਕਾਂ ਨੂੰ ਕੋਈ ਅਧਿਕਾਰੀ ਕੁੱਚਲ ਨਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਹਗਾ ਬਾਰਡਰ ਉਤੇ ਸਰਹੱਦਾਂ ਨੂੰ ਵਪਾਰ ਲਈ ਖੁਲਵਾਉਣ ਲਈ ਅੱਜ ਕੀਤੀ ਰੈਲੀ ਦੇ ਪੰਡਾਲ ਨੂੰ ਬੀ.ਐਸ.ਐਫ ਦੇ ਅਧਿਕਾਰੀਆ ਵੱਲੋ ਪੁੱਟ ਦੇਣ ਉਤੇ ਤਿੱਖਾਂ ਰੋਸ ਜਾਹਰ ਕਰਦੇ ਹੋਏ ਅਤੇ ਸਾਡੇ ਵਿਧਾਨਿਕ ਹੱਕਾਂ ਨੂੰ ਕੁੱਚਲਣ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਨੂੰ ਵਿਧਾਨ ਦੀ ਧਾਰਾ 14 ਬਰਾਬਰਤਾ ਦੇ ਆਧਾਰ ਤੇ ਅਤੇ ਧਾਰਾ 19 ਰਾਹੀ ਜੋ ਆਪਣੇ ਵਿਚਾਰ ਪ੍ਰਗਟ ਕਰਨ, ਰੈਲੀਆ ਕਰਨ, ਧਰਨੇ ਲਗਾਉਣ ਦੀ ਇਜਾਜਤ ਦਿੰਦੀ ਹੈ, ਉਸਨੂੰ ਕੁੱਚਲਕੇ ਵਿਧਾਨ ਦੀ ਬੀ.ਐਸ.ਐਫ ਦੇ ਅਧਿਕਾਰੀਆ ਵੱਲੋ ਘੋਰ ਅਪਮਾਨ ਕੀਤਾ ਗਿਆ ਹੈ । ਜਦੋਕਿ ਸਾਡੀਆ ਅਜਿਹੀਆ ਰੈਲੀਆ ਤੇ ਧਰਨੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਅਮਨਮਈ ਢੰਗਾਂ ਨਾਲ ਨਿਰੰਤਰ ਕੀਤੇ ਜਾਂਦੇ ਆ ਰਹੇ ਹਨ ਜੋ ਕਿ ਸਾਡਾ ਵਿਧਾਨਿਕ ਅਧਿਕਾਰ ਵੀ ਹੈ ।