ਪੰਜਾਬ ਦੇ ਪਾਣੀਆਂ ਦੀ ਲੁੱਟ, ਪੰਜਾਬ ਨੂੰ ਜੰਗ ਦਾ ਅਖਾੜਾ ਨਹੀ ਬਣਨ ਦਿੱਤਾ ਜਾਵੇਗਾ, ਸਿੱਖ ਕੌਮ ਦੀ ਵੱਖਰੀ ਪਹਿਚਾਣ ਦੇ ਨਾਲ-ਨਾਲ ਬੇਗਮਪੁਰਾ ਤੇ ਅਧਾਰਿਤ ਰਾਜ ਕਾਇਮ ਕਰਨਾ ਸਾਡਾ ਮਕਸਦ : ਮਾਨ
ਜਲੰਧਰ, 12 ਮਾਰਚ ( ) “ਪੰਜਾਬ ਇਸ ਉਪਮਹਾਦੀਪ ਦਾ ਇਕ ਇਤਿਹਾਸਿਕ, ਭੂਗੋਲਿਕ ਅਤੇ ਪੰ੍ਰਪਰਾਈ ਤੌਰ ਤੇ ਵੱਖਰਾ ਸਥਾਂਨ ਰੱਖਦਾ ਹੈ । ਇਹ ਸੂਬਾ ਜਿਥੇ ਭਾਰਤ ਦੀ ਸਰਹੱਦੀ ਧਰਤੀ ਹੈ, ਉਥੇ ਇੰਡਸ ਦਰਿਆ ਪ੍ਰਣਾਲੀ ਦਾ ਇਕ ਅਹਿਮ ਹਿੱਸਾ ਹੋਣ ਦੇ ਨਾਲ-ਨਾਲ ਸਿੱਖ ਧਰਮ ਦੀ ਜਨਮਭੂਮੀ ਵੀ ਹੈ । ਇਸ ਲਈ ਪੰਜਾਬ ਨਾਲ ਸੰਬੰਧਤ ਨੀਤੀਆਂ ਕੇਵਲ ਰਾਜਨੀਤਿਕ ਤੌਰ ਤੇ ਨਹੀ ਬਲਕਿ ਉਸਦੀ ਧਾਰਮਿਕ ਆਜ਼ਾਦੀ ਅਤੇ ਖੇਤਰੀ ਅਮਨ-ਚੈਨ ਨਾਲ ਵੀ ਜੁੜੀਆ ਹੋਈਆ ਹਨ । ਜਦੋ ਹੁਣ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਪੰਜਾਬ ਦੌਰੇ ਤੇ ਆ ਰਹੇ ਹਨ ਤਾਂ ਅਸੀ ਰਾਵੀ, ਬਿਆਸ, ਸਤਲੁਜ ਦੇ ਪਾਣੀਆਂ ਨੂੰ ਪੰਜਾਬ ਤੋ ਬਾਹਰ ਮੋੜਨ ਦੇ ਕੀਤੇ ਜਾ ਰਹੇ ਅਮਲ ਪੰਜਾਬ ਖੇਤੀ ਪ੍ਰਧਾਨ ਸੂਬੇ ਲਈ ਵੱਡਾ ਖਤਰਾ ਹਨ ਜਿਸਦਾ ਅਸੀ ਸਖਤ ਵਿਰੋਧ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਵਿਖੇ ਪੰਜਾਬ ਦੇ ਭਖਦੇ ਮਸਲਿਆ ਅਤੇ ਪੰਜਾਬ ਵਿਚ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਦੇ ਦੌਰੇ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇੰਡਸ ਦਰਿਆ ਪ੍ਰਣਾਲੀ ਅਤੇ ਦਰਿਆਵਾ ਦੀ ਇੰਟਰਲਾਕਿੰਗ ਰਾਹੀ ਦਰਿਆਵਾ ਨੂੰ ਆਪਸ ਵਿਚ ਜੋੜਕੇ ਬੀਜੇਪੀ ਦੀ ਪੰਜਾਬ ਦੇ ਪਾਣੀਆ ਨੂੰ ਜ਼ਬਰ ਲੁੱਟਣ ਦੀ ਯੋਜਨਾ ਹੈ, ਇਹ ਇੰਡਸ ਵਾਟਰ ਟ੍ਰੀਟੀ ਦੇ ਨਿਯਮਾਂ ਦੀ ਘੋਰ ਉਲੰਘਣਾ ਹੀ ਨਹੀ ਬਲਕਿ ਪੰਜਾਬ ਨਾਲ ਵੱਡੀ ਬੇਇਨਸਾਫ਼ੀ ਕਰਨ ਦੀ ਮੰਦਭਾਵਨਾ ਵੀ ਹੈ । ਜਿਸ ਨਾਲ ਸਾਡੀ ਪੰਜਾਬ ਦੀ ਜਰਖੇਜ ਧਰਤੀ ਉਤੇ ਪੈਦਾ ਕੀਤੀਆ ਜਾਣ ਵਾਲੀਆ ਫਸਲਾਂ ਲਈ ਵੱਡਾ ਨੁਕਸਾਨਦੇਹ ਸਾਬਤ ਹੋਵੇਗਾ । ਕਿਉਂਕਿ ਪੰਜਾਬ ਵਿਚ ਪਾਣੀ ਦਾ ਪੱਧਰ ਬਹੁਤ ਹੇਠਾ ਚੱਲੇ ਗਿਆ ਹੈ । ਇਸ ਲਈ ਅਸੀ ਉਪਰੋਕਤ ਯੋਜਨਾ ਰਾਹੀ ਪੰਜਾਬ ਦੇ ਪਾਣੀਆ ਨੂੰ ਦੂਜੇ ਦਰਿਆਵਾ ਨਾਲ ਜੋੜਨ ਦੇ ਅਮਲ ਕਰਨਾ ਸਾਡੇ ਨਾਲ ਇਕ ਵੱਡਾ ਧੋਖਾ ਤੇ ਫਰੇਬ ਹੋਵੇਗਾ ਜਿਸਦਾ ਅਸੀ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਹਾਂ । ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦਾ ਗੁਰਬਾਣੀ ਨਾਲ ਜਨਮ ਤੋ ਹੀ ਅਟੁੱਟ ਸੰਬੰਧ ਹੈ ਅਤੇ ਸਿੱਖ ਧਰਮ ਨੂੰ ਸਨਾਤਨ ਧਰਮ ਦਾ ਹਿੱਸਾ ਦੱਸਣਾ ਸਾਡੀ ਵਿਲੱਖਣਤਾ ਨੂੰ ਖਤਮ ਕਰਨ ਦੀਆਂ ਸਾਜਿਸਾਂ ਦਾ ਹਿੱਸਾ ਹੈ ਅਤੇ ਪੰਥ ਦੇ ਇਤਿਹਾਸ ਨਾਲ ਇਹ ਵਰਤਾਰਾ ਮੇਲ ਨਹੀ ਖਾਂਦਾ । ਕਿਉਂਕਿ ਸਿੱਖ ਕੌਮ ਦੀ ਜਨਮ ਤੋ ਹੀ ਨਿਵੇਕਲੀ ਅਤੇ ਵੱਖਰੀ ਪਹਿਚਾਣ ਕਾਇਮ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਭਾਰਤ ਦੇ ਸੰਵਿਧਾਨ ਦੀ ਆਰਟੀਕਲ 25 ਰਾਹੀ ਸਿੱਖ ਕੌਮ ਨੂੰ ਬਹੁਤੇ ਮਾਮਲਿਆ ਵਿਚ ਹਿੰਦੂਆ ਦਾ ਰੁਤਬਾ ਦੇ ਕੇ ਜੋੜਿਆ ਗਿਆ ਹੈ। ਜੋ ਸਾਡੀ ਵਿਲੱਖਣਤਾ ਨੂੰ ਖੋਰਾ ਲਗਾਉਣ ਦੀ ਸਾਜਿਸ ਨੂੰ ਪ੍ਰਗਟ ਕਰਦਾ ਹੈ । ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਉਤੇ ਫਰਮਾਉਦੇ ਹਨ:
“ਨਾ ਹਮ ਹਿੰਦੂ, ਨਾ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਇਹ ਬਾਣੀ ਸਾਨੂੰ ਜਿਥੇ ਉਸ ਅਕਾਲ ਪੁਰਖ ਰੱਬ ਨਾਲ ਜੋੜਦੀ ਹੈ, ਉਥੇ ਧਾਰਮਿਕ ਦਰਜਾਬੰਦੀ ਤੋ ਵੀ ਉਪਰ ਉਠਾਉਦੀ ਹੈ । ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਕਾਲ ਉਸਤਤ ਵਿਚ ਫਰਮਾਇਆ ਗਿਆ ਹੈ:- ‘ਮਾਨਸਿ ਕੀ ਜਾਤਿ ਸਭੈ ਏਕੈ ਪਹਿਚਾਨਬੋ॥’ ਇਹ ਸਿੱਖੀ ਦੀ ਮੂਲ ਤੇ ਮੁੱਢਲੀ ਮਨੁੱਖਤਾ ਪੱਖੀ ਸੋਚ ਤੇ ਅਮਲ ਨੂੰ ਪ੍ਰਗਟਾਉਦੇ ਹਨ । ਦੂਸਰਾ 1699 ਵਿਚ ਖ਼ਾਲਸਾ ਪੰਥ ਦੀ ਜਦੋਂ ਸਿਰਜਣਾ ਕੀਤੀ ਗਈ ਸੀ, ਉਸ ਸਮੇ ਗੁਰੂ ਸਾਹਿਬ ਨੇ ਸਾਨੂੰ ਇਕ ਵੱਖਰੀ ਅਣਖੀਲੀ ਪਹਿਚਾਣ ਬਖਸਿਸ ਕਰਦੇ ਹੋਏ ਇਕ ਸੰਸਥਾਂਗਤ ਦਾ ਆਤਮਿਕ ਤੇ ਸਮਾਜਿਕ ਰੂਪ ਦਿੱਤਾ । ਇਸ ਲਈ ਅਸੀ ਸਿੱਖ ਧਰਮ ਨੂੰ ਸਨਾਤਨ ਧਰਮ ਨਾਲ ਜੋੜਨ ਦਾ ਸਖਤ ਵਿਰੋਧ ਕਰਦੇ ਹਾਂ । ਹੁਣੇ ਹੀ ਅਮਿਤ ਸ਼ਾਹ ਵੱਲੋ ਆਪਣੇ ਕਈ ਭਾਸ਼ਣਾਂ ਵਿਚ ਸਿੱਖ ਗੁਰੂ ਸਾਹਿਬਾਨ ਨੂੰ ਸਨਾਤਨ ਧਰਮ ਦੇ ਰਖਵਾਲੇ ਕਿਹਾ ਗਿਆ ਹੈ । ਇਸ ਵਿਚ ਕੋਈ ਸ਼ੱਕ ਬਾਕੀ ਨਹੀ ਕਿ ਸਿੱਖ ਗੁਰੂ ਸਾਹਿਬਾਨ ਨੇ ਹਰ ਮਨੁੱਖ ਦੀ ਧਾਰਮਿਕ ਆਜਾਦੀ ਦੀ ਰੱਖਿਆ ਲਈ ਕੁਰਬਾਨੀਆ ਦਿੱਤੀਆ । ਪਰ ਸਿੱਖ ਧਰਮ ਨੂੰ ਇਸ ਬਿਨ੍ਹਾਂ ਤੇ ਸਨਾਤਨ ਧਰਮ ਦਾ ਹਿੱਸਾ ਦੱਸਣਾ ਖ਼ਾਲਸਾ ਪੰਥ ਦੀ ਵਿਲੱਖਣ ਸੋਚ ਅਤੇ ਸਿਰਜਣਾ ਨਾਲ ਬਿਲਕੁਲ ਮੇਲ ਨਹੀ ਖਾਂਦਾ । ਕਿਉਂਕਿ ਸਿੱਖੀ ਦੀ ਨੀਂਹ ਰੱਬ ਦੀ ਭਗਤੀ ਦੇ ਨਾਲ-ਨਾਲ ਮਨੁੱਖੀ ਬਰਾਬਰੀ ਦੀ ਸੋਚ ਤੇ ਵੀ ਅਧਾਰਿਤ ਹੈ, ਨਾ ਕਿ ਕਿਸੇ ਇਕ ਜਾਤੀ ਜਾਂ ਧਰਮ ‘ਤੇ । ਇਸ ਲਈ ਅਸੀ ਅੱਜ ਸਪੱਸਟ ਕਰਦੇ ਹਾਂ ਕਿ ਸਿੱਖ ਧਰਮ ਇਕ ਵੱਖਰਾਂ ਧਰਮ ਹੈ ਅਤੇ ਇਸ ਨੂੰ ਸਨਾਤਨ ਧਰਮ ਵਿਚ ਮਿਲਾਉਣ ਦੀ ਕੋਸਿਸ ਸਿੱਖ ਕੌਮ ਨੂੰ ਬਿਲਕੁਲ ਪ੍ਰਵਾਨ ਨਹੀ ਹੋਵੇਗੀ ।
ਅਸੀ ਅੱਜ ਦੇ ਇਸ ਸੈਮੀਨਰ ਵਿਚ ਇਹ ਵੀ ਸਪੱਸਟ ਕਰਦੇ ਹਾਂ ਕਿ ਹੁਕਮਰਾਨ ਸਾਜਸੀ ਢੰਗ ਨਾਲ ਗੁਆਂਢੀ ਮੁਲਕ ਨਾਲ ਜੰਗ ਲਗਾਕੇ ਪੰਜਾਬ ਨੂੰ ਮੈਦਾਨ-ਏ-ਜੰਗ ਬਣਾਕੇ ਸਿੱਖ ਕੌਮ ਅਤੇ ਸਿੱਖ ਵਸੋ ਦਾ ਖਾਤਮਾ ਕਰਨ ਦੀ ਸਾਜਿਸ ਤੇ ਮੰਦਭਾਵਨਾ ਭਰੀ ਸੋਚ ਅਧੀਨ ਅਮਲ ਕਰਦਾ ਨਜਰ ਆ ਰਿਹਾ ਹੈ । ਇਸ ਲਈ ਅਸੀ ਕਦਾਚਿਤ ਕਿਸੇ ਵੀ ਗੁਆਢੀ ਮੁਲਕ ਨਾਲ ਨਾ ਤਾਂ ਅਸੀ ਜੰਗ ਚਾਹੁੰਦੇ ਹਾਂ ਅਤੇ ਨਾ ਹੀ ਪੰਜਾਬ ਦੀ ਸਰਜਮੀਨ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ । ਕਿਉਂਕਿ ਪੰਜਾਬ ਅਤੇ ਪੰਜਾਬੀਆਂ ਦਾ ਸਮੁੱਚਾ ਭਵਿੱਖ ਅਮਨ-ਚੈਨ, ਵਪਾਰ ਅਤੇ ਖੇਤਰੀ ਸਹਿਯੋਗ ਵਿਚ ਹੀ ਹੈ । ਜੰਗ ਲੱਗਣ ਦੀ ਸੂਰਤ ਵਿਚ ਪੰਜਾਬ ਦੇ ਲੋਕਾ ਦਾ ਹੀ ਜਾਨੀ-ਮਾਲੀ ਵੱਡਾ ਨੁਕਸਾਨ ਹੁੰਦਾ ਹੈ । ਇਸ ਲਈ ਪੰਜਾਬ ਦੇ ਅਮੀਰ ਵਿਰਸੇ ਵਾਲੇ ਖਿੱਤੇ ਨੂੰ ਜੰਗ ਤੋ ਹਮੇਸ਼ਾਂ ਲਈ ਦੂਰ ਰੱਖਣ ਹਿੱਤ ਇਹ ਜਰੂਰੀ ਹੈ ਕਿ ਮੁਸਲਿਮ ਪਾਕਿਸਤਾਨ, ਹਿੰਦੂ ਇੰਡੀਆ ਅਤੇ ਕਾਮਰੇਡ ਚੀਨ, ਜਿਨ੍ਹਾਂ ਨਾਲ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ । ਇਸਦੇ ਵਿਚਕਾਰ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਅਮਨ ਚੈਨ ਚਾਹੁੰਣ ਵਾਲੀ ਸਿੱਖ ਕੌਮ ਤੇ ਅਧਾਰਿਤ ਬਫਰ ਸਟੇਟ ਕਾਇਮ ਕੀਤਾ ਜਾਵੇ ।
ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਤੁਰਕਮਿਨਸਤਾਨ, ਅਫਗਾਨੀਸਤਾਨ, ਪਾਕਿਸਤਾਨ ਅਤੇ ਇੰਡੀਆ ਦੀਆਂ ਸਾਂਝੀਆ ਗੈਰ ਪਾਇਪਲਾਈਨ ਵਰਗੀਆਂ ਯੋਜਨਾਵਾਂ ਰਾਹੀ ਇਥੇ ਉਦਯੋਗ, ਬਿਜਲੀ ਉਤਪਾਦ ਅਤੇ ਰੁਜਗਾਰ ਦੇ ਵੱਡੇ ਮੌਕੇ ਪੈਦਾ ਕਰ ਸਕਦੀਆ ਹਨ । ਇਸ ਲਈ ਇਸ ਸਰਹੱਦੀ ਸੂਬੇ ਪੰਜਾਬ ਨੂੰ ਜੰਗ ਦਾ ਮੈਦਾਨ ਨਹੀ ਬਲਕਿ ਅਮਨ, ਤਰੱਕੀ ਅਤੇ ਪ੍ਰਗਤੀ ਦਾ ਦਰਵਾਜਾ ਬਣਾਇਆ ਜਾਣਾ ਚਾਹੀਦਾ ਹੈ ।
ਭਗਤ ਰਵੀਦਾਸ ਜੀ ਨੇ ਬੇਗਮਪੁਰਾ ਵਾਲੀ ਸੋਚ ਰਾਹੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਭ ਸਮਾਜਿਕ ਵਖਰੇਵਿਆ ਤੋ ਉਪਰ ਉੱਠਕੇ ਸਾਨੂੰ ਸਮੁੱਚੇ ਸਮਾਜ ਨੂੰ ਬਰਾਬਰਤਾ ਦਾ ਸੱਚਾ ਅਦਰਸ ਪ੍ਰਦਾਨ ਕੀਤਾ ਹੈ । ਕਿਉਂਕਿ ਸਿੱਖ ਧਰਮ ਦੀ ਨੀਹ ਹੀ ਬਰਾਬਰਤਾ ਦੀ ਸੋਚ ਤੇ ਅਧਾਰਿਤ ਹੈ । ਭਾਰਤ ਨਾਮ ਪ੍ਰਾਚੀਨ ਰਾਜਾ ਭਰਤ ਨਾਲ ਜੋੜਿਆ ਜਾਂਦਾ ਹੈ ਜੋ ਉਸ ਮੰਨੂਸਮ੍ਰਿਤੀ ਦੀ ਸਮਾਜਿਕ ਪ੍ਰਣਾਲੀ ਵਾਲੀ ਸੋਚ ਨਾਲ ਸੰਬੰਧਤ ਸੀ । ਜਿਸ ਵਿਚ ਸਮਾਜ ਨੂੰ 4 ਵਰਣਾ ਵਿਚ ਵੰਡਿਆ ਹੋਇਆ ਸੀ ਅਤੇ ਇਸ ਰਾਜ ਭਾਗ ਵਿਚ ਰਾਜ ਕਰਨ ਦਾ ਹੱਕ ਇਕ ਵਿਸੇਸ ਵਰਗ ਤੱਕ ਹੀ ਸੀਮਤ ਕਰ ਦਿੱਤਾ ਗਿਆ ਸੀ । ਜਦੋਕਿ ਇਸ ਵਖਰੇਵੇ ਵਾਲੀ ਸੋਚ ਦੇ ਉਲਟ ਭਗਤ ਰਵੀਦਾਸ ਜੀ ਨੇ ਬਰਾਬਰਤਾ ਵਾਲੀ ਸੋਚ ਦੇ ਸਮਾਜ ਦੀ ਸਿਰਜਣਾ ਕਰਨ ਦਾ ਪ੍ਰਣ ਕੀਤਾ ਸੀ । ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵੀਦਾਸ ਜੀ ਦੇ ਸ਼ਬਦ ਫਰਮਾਉਦੇ ਹਨ :- ਬੇਗਮਪੁਰਾ ਸਹਿਰ ਕੋ ਨਾਊ॥ ਦੂਖੁ ਅੰਦੋਹੁ ਨਹੀ ਤਿਹਿ ਥਾਊ॥ (ਅੰਗ 345)।
ਇਹ ਬੇਗਮਪੁਰਾ ਦੀ ਸਮਾਜ ਪੱਖੀ ਸੋਚ ਪ੍ਰਤੱਖ ਕਰਦੀ ਹੈ ਕਿ ਇਥੇ ਕੋਈ ਨਾ ਜਾਤ ਹੈ, ਨਾ ਊਚ-ਨੀਚ ਹੈ ਅਤੇ ਨਾ ਹੀ ਅਮੀਰ-ਗਰੀਬ ਦੇ ਪਾੜੇ ਦੀ ਗੱਲ ਪ੍ਰਵਾਨ ਕੀਤੀ ਜਾਂਦੀ ਹੈ । ਇਸ ਲਈ ਬੇਗਮਪੁਰਾ ਵਾਲੀ ਸੋਚ ਸਮਾਨਤਾ, ਨਿਆ ਦੇ ਅਧੀਨ ਆਧੁਨਿਕ ਰਾਜ ਲਈ ਵਧੀਆ ਅਦਰਸ ਹੈ ।
ਇਸ ਲਈ ਅਸੀ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਅੱਜ ਇੰਡੀਆਂ ਦੀ ਮੋਦੀ ਹਕੂਮਤ ਨੂੰ ਪੂਰੀ ਸੁਹਿਰਦਤਾ ਤੇ ਦ੍ਰਿੜਤਾ ਨਾਲ ਸਪੱਸਟ ਕਰਦੇ ਹਾਂ ਕਿ ਸਾਨੂੰ ਇੰਡਸ ਦਰਿਆ ਪ੍ਰਣਾਲੀ ਦੇ ਅਧੀਨ ਆਉਦੇ ਦਰਿਆਵਾ ਦੇ ਪਾਣੀ ਨੂੰ ਪੰਜਾਬ ਸੂਬੇ ਤੋ ਬਾਹਰ ਮੋੜਨਾ ਸਾਨੂੰ ਕਦਾਚਿਤ ਪ੍ਰਵਾਨ ਨਹੀ । ਸਿੱਖ ਧਰਮ ਦੀ ਜੋ ਵਿਲੱਖਣ ਅਤੇ ਅਣਖੀਲੀ ਬਹਾਦਰੀ ਵਾਲੀ ਪਹਿਚਾਣ ਹੈ, ਉਸਦਾ ਹੁਕਮਰਾਨਾਂ ਵੱਲੋ ਹਰ ਕੀਮਤ ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਪੰਜਾਬ ਦੀ ਸਰਹੱਦ ਨੂੰ ਜੰਗ ਦਾ ਅਖਾੜਾ ਨਹੀ ਬਣਾਇਆ ਜਾ ਸਕਦਾ । ਬਲਕਿ ਕੌਮਾਂਤਰੀ ਅਮਨ ਤੇ ਵਪਾਰ ਦਾ ਕੇਂਦਰ ਬਣਾਇਆ ਜਾਣਾ ਚਾਹੀਦਾ ਹੈ । ਉਪਰੋਕਤ ਸੋਚ ਨੂੰ ਅਮਲੀ ਰੂਪ ਦੇ ਕੇ ਹੀ ਅਸਲੀਅਤ ਵਿਚ ਬੇਗਮਪੁਰਾ ਦੀ ਸੋਚ ਨੂੰ ਪ੍ਰਣਾਉਦੇ ਹੋਏ ਸਹੀ ਰਾਜ ਭਾਗ ਦੀ ਦਿਸ਼ਾ ਬਣਾਉਣਾ ਸਹੀ ਹੋਵੇਗਾ ਜਿਸਦੇ ਸਮਾਜ ਪੱਖੀ ਨਤੀਜੇ ਹੋਣਗੇ ।