ਪੰਜਾਬ ਸਰਕਾਰ ਵੱਲੋ ਨਵੇ 7 ਮੈਡੀਕਲ ਕਾਲਜ ਬਣਾਉਣ ਦਾ ਉਦਮ ਸਵਾਗਤਯੋਗ, ਫਤਹਿਗੜ੍ਹ ਸਾਹਿਬ ਵਿਖੇ ਵੀ ਇਸ ਮਕਸਦ ਨੂੰ ਪਹਿਲ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 07 ਮਾਰਚ ( ) “ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਜੋ ਪੰਜਾਬ ਵਿਚ 7 ਨਵੇ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵੱਡਾ ਫੈਸਲਾ ਕੀਤਾ ਗਿਆ ਹੈ, ਇਹ ਜਿਥੇ ਸਵਾਗਤਯੋਗ ਹੈ, ਕਿਉਂਕਿ ਪੰਜਾਬ ਦੇ ਹੋਣਹਾਰ ਬੱਚਿਆਂ ਨੂੰ ਇਸ ਡਾਕਟਰੀ ਦੀ ਡਿਗਰੀ ਪ੍ਰਾਪਤ ਕਰਨ ਲਈ ਦੂਜੇ ਸੂਬਿਆਂ ਜਾਂ ਦੂਰ-ਦੁਰਾਡੇ ਦਾਖਲੇ ਲੈਣੇ ਪੈਦੇ ਹਨ । ਇਹ ਅਮਲ ਪੰਜਾਬ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਅੱਛਾ ਸਾਬਤ ਹੋਵੇਗਾ ਪਰ ਇਸਦੇ ਨਾਲ ਹੀ ਅਸੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਅਤਿ ਗੰਭੀਰਤਾ ਨਾਲ ਇਹ ਅਪੀਲ ਕਰਨੀ ਚਾਹਵਾਂਗੇ ਕਿ ਜੋ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਮਹਾਨ ਸ਼ਹੀਦੀ ਅਸਥਾਂਨ ਹੈ ਜੋ ਦੁਨੀਆ ਵਿਚ ਸਭ ਤੋ ਮਹਾਨ ਅਤੇ ਸਾਨੂੰ ਆਪਣੇ ਚੰਗੇਰੇ ਜੀਵਨ ਲਈ ਅਗਵਾਈ ਦੇਣ ਵਾਲਾ ਸਥਾਂਨ ਹੈ । ਜਿਥੇ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ, ਬਾਬਾ ਮੋਤੀ ਸਿੰਘ ਮਹਿਰਾ ਜੀ ਅਤੇ ਦੀਵਾਨ ਟੋਡਰਮੱਲ ਜੀ । ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਅਗਵਾਈ ਦੇਣ ਹਿੱਤ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਲਈ ਆਪਣੀ ਇਨਸਾਨੀਅਤ ਪੱਖੀ ਜਿੰਮੇਵਾਰੀਆ ਨਿਭਾਈਆ ਅਤੇ ਮਹਾਨ ਸ਼ਹਾਦਤਾਂ ਦਿੱਤੀਆ। ਉਨ੍ਹਾਂ ਦੇ ਨਾਮ ਤੇ ਸਮਰਪਿਤ ਇਕ ਮੈਡੀਕਲ ਕਾਲਜ ਫਤਹਿਗੜ੍ਹ ਸਾਹਿਬ ਨੂੰ ਜਰੂਰ ਪ੍ਰਦਾਨ ਕਰਨ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਪੰਜਾਬ ਵਿਚ 7 ਨਵੇ ਮੈਡੀਕਲ ਕਾਲਜ ਸਥਾਪਿਤ ਕਰਨ ਦੇ ਉੱਦਮਾਂ ਦੀ ਭਰਪੂਰ ਸਲਾਘਾ ਕਰਦੇ ਹੋਏ ਅਤੇ ਇਨ੍ਹਾਂ ਵਿਚੋ ਇਕ ਮੈਡੀਕਲ ਕਾਲਜ ਫਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ਨੂੰ ਪ੍ਰਦਾਨ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਫਤਹਿਗੜ੍ਹ ਸਾਹਿਬ ਦੇ ਮਹਾਨ ਸਥਾਂਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਅਤੇ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਨਿਵਾਸੀਆ ਅਤੇ ਬੱਚਿਆਂ ਨੂੰ ਡਾਕਟਰੀ ਵਿਦਿਆ ਪ੍ਰਦਾਨ ਕਰਨ ਵਿਚ ਆਪਣੀ ਮੁੱਖ ਭੂਮਿਕਾ ਨਿਭਾਕੇ ਸ਼ਹੀਦਾਂ ਨੂੰ ਸਹੀ ਮਾਇਨਿਆ ਵਿਚ ਸਰਧਾਂ ਦੇ ਫੁੱਲ ਭੇਟ ਕਰਨਗੇ ।