ਕਿੰਨੇ ਅਫਸੋਸ ਤੇ ਦੁੱਖ ਦੀ ਗੱਲ ਹੈ ਕਿ 28 ਫਰਵਰੀ ਦੇ ਵਾਪਰੇ ਦੁਖਾਂਤ ਦਾ ਅਫਸੋਸ ਸ੍ਰੀ ਮੋਦੀ ਅੱਜ 6 ਦਿਨ ਬਾਅਦ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਜੋ ਇਰਾਨ ਵਿਚ ਇਜਰਾਇਲ-ਅਮਰੀਕਾ ਵੱਲੋ ਫ਼ੌਜੀ ਐਕਸਨ ਕਰਦੇ ਹੋਏ ਇਰਾਨ ਦੇ ਸੁਪਰੀਮ ਲੀਡਰ ਮਿਸਟਰ ਖਾਮੇਨੇਈ ਦੇ ਦਫਤਰ ਵਿਖੇ ਮੀਟਿੰਗ ਕਰਦੇ ਹੋਏ ਹਮਲਾ ਕੀਤਾ ਗਿਆ ਸੀ ਜਿਸ ਵਿਚ ਸ੍ਰੀ ਖਾਮੇਨੇਈ ਸ਼ਹੀਦ ਹੋ ਗਏ ਸਨ । ਉਸ ਦੁਖਾਂਤ ਨੂੰ ਵਾਪਰੇ ਹੋਏ ਅੱਜ 6 ਦਿਨ ਦਾ ਸਮਾਂ ਹੋ ਚੁੱਕਿਆ ਹੈ । ਪਰ ਇੰਡੀਆ ਦੇ ਵਜੀਰ ਏ ਆਜਮ ਅੱਜ 6 ਦਿਨਾਂ ਬਾਅਦ ਉਨ੍ਹਾਂ ਦਾ ਅਫਸੋਸ ਕਰ ਰਹੇ ਹਨ । ਜਦੋਕਿ ਇਹ ਸਮੁੱਚੀ ਦੁਨੀਆ ਨੂੰ ਜਾਣਕਾਰੀ ਹੈ ਕਿ ਸ੍ਰੀ ਖਾਮੇਨੇਈ ਦੇ ਸ਼ਹੀਦ ਹੋਣ ਤੋ 2 ਦਿਨ ਪਹਿਲੇ ਸ੍ਰੀ ਮੋਦੀ ਇਜਰਾਇਲ ਦੌਰੇ ਤੇ ਗਏ ਸਨ । ਜਿਸਦੀ ਬਦੌਲਤ ਇਰਾਨ ਉਤੇ ਹਮਲਾ ਹੋਇਆ ਅਤੇ ਇਹ ਦੁਖਾਂਤ ਵਾਪਰਿਆ । ਇਹ ਇਸ ਗੱਲ ਤੋ ਵੀ ਨਿਰਲੇਪ ਰੱਖ ਰਹੇ ਹਨ ਕਿ ਇਜਰਾਇਲ ਦੀ ਏਅਰਫੋਰਸ ਨੇ ਇਰਾਨ ਦੇ 160 ਸਕੂਲੀ ਬੱਚਿਆਂ ਉਤੇ ਬੰਬਾਰੀ ਕਰਕੇ ਬਹੁਤ ਬੇਰਹਿੰਮੀ ਨਾਲ ਇਨ੍ਹਾਂ ਮਾਸੂਮ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ । ਉਸ ਵਾਪਰੇ ਗੈਰ ਇਨਸਾਨੀਅਤ ਦੁਖਾਂਤ ਉਤੇ ਵੀ ਇੰਡੀਆ ਦੀ ਹੁਕਮਰਾਨਾਂ ਨੇ ਕੋਈ ਇਕ ਲਫਜ ਵੀ ਨਾ ਬੋਲਿਆ । ਜਿਸ ਤੋ ਇੰਡੀਅਨ ਹੁਕਮਰਾਨਾਂ ਦੀ ਮੰਦਭਾਵਨਾ ਤੇ ਪੱਖਪਾਤੀ ਸੋਚ ਪ੍ਰਤੱਖ ਤੌਰ ਤੇ ਜਾਹਰ ਹੋ ਰਹੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਸ ਤਰ੍ਹਾਂ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਕਿਸੇ ਮੁਲਕ ਉਤੇ ਜਾਂ ਉਨ੍ਹਾਂ ਦੇ ਮਾਸੂਮ ਬੱਚਿਆਂ ਤੇ ਹਮਲਾ ਕਰਨਾ ਤਾਂ ਜੰਗੀ ਅਪਰਾਧ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਹਕੂਮਤ ਇਰਾਨ ਵਿਚ ਵਾਪਰੇ ਗੈਰ ਇਨਸਾਨੀਅਤ ਦੁਖਾਂਤ ਜਿਸ ਵਿਚ ਸ੍ਰੀ ਖਾਮੇਨੇਈ ਸ਼ਹੀਦ ਹੋਏ ਅਤੇ 160 ਬੱਚੇ ਮੌਤ ਦੇ ਮੂੰਹ ਵਿਚ ਧਕੇਲ ਦਿੱਤੇ ਉਸ ਸੰਬੰਧੀ 6 ਦਿਨਾਂ ਬਾਅਦ ਅਫਸੋਸ ਕਰਨ ਦੀ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ 5 ਦਿਨ ਉਸ ਉਡੀਕ ਵਿਚ ਰਹੇ ਜਿਸ ਨਾਲ ਇਜਰਾਇਲ ਪੱਖੀ ਮਾਹੌਲ ਬਣਨ ਦੀ ਤਾਕ ਵਚਿ ਸਨ । ਜਦੋ ਸਾਰੇ ਸੰਸਾਰ ਵਿਚ ਇਰਾਨ ਪੱਖੀ ਮਾਹੌਲ ਬਣ ਚੁੱਕਿਆ ਫਿਰ ਮੌਕਾਪ੍ਰਸਤੀ ਦੀ ਸੋਚ ਅਧੀਨ ਅੱਜ 6 ਦਿਨਾਂ ਬਾਅਦ ਅਫਸੋਸ ਕੀਤਾ ਗਿਆ । ਹੁਣ ਅਜਿਹੇ ਅਫਸੋਸ ਕਰਨ ਦਾ ਕੀ ਮਹੱਤਵ ਰਹਿ ਗਿਆ ਹੈ । ਜਦੋਕਿ ਇਨਸਾਨੀਅਤ ਅਤੇ ਸਮਾਜਿਕ ਤੌਰ ਤੇ ਤਾਂ ਦੁਖਾਂਤ ਵਾਪਰਣ ਵਾਲੇ ਦਿਨ ਹੀ ਹਮਦਰਦੀ ਅਤੇ ਅਫਸੋਸ ਕਰਨਾ ਬਣਦਾ ਸੀ ।