ਪੰਜਾਬ ਸੂਬੇ ਦੀ ਮਲਕੀਅਤ ਜਰਖੇਜ ਧਰਤੀ ਵਿਚੋਂ ਪ੍ਰਵਾਸੀ ਮਜਦੂਰਾਂ ਨੂੰ ਪਲਾਟ ਕੱਟਕੇ ਦੇਣ ਦੇ ਅਮਲ ਪੰਜਾਬ ਵਿਰੋਧੀ ਅਤੇ ਅਸਹਿ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣੇ ਪੰਜਾਬ ਸਰਕਾਰ ਵਿਚ ਸਰਗਰਮ ਸੂਤਰਾਂ ਤੋ ਇਹ ਇਤਲਾਹ ਪ੍ਰਾਪਤ ਹੋਈ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਦੇ ਜਿ਼ਲ੍ਹਾ ਪੱਧਰਾਂ ਉਤੇ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਪਈਆ ਜਾਇਦਾਦਾਂ, ਜਮੀਨਾਂ ਵਿਚੋ ਇਥੇ ਬਿਹਾਰ, ਅਸਾਮ, ਬੰਗਾਲ, ਯੂਪੀ ਆਦਿ ਸੂਬਿਆਂ ਵਿਚੋ ਕੰਮ ਕਰਨ ਹਿੱਤ ਆਏ ਪ੍ਰਵਾਸੀਆਂ ਨੂੰ ਪਲਾਟ ਕੱਟਕੇ ਉਨ੍ਹਾਂ ਦੇ ਨਾਮ ਰਜਿਸਟਰਡ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਪੱਕੇ ਬਸਿੰਦੇ ਬਣਾਉਣ ਦੇ ਪੰਜਾਬ ਵਿਰੋਧੀ ਅਮਲ ਕਰਨ ਜਾ ਰਹੀ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਪੰਜਾਬੀ ਕਦਾਚਿਤ ਸਹਿਣ ਨਹੀ ਕਰ ਸਕਦੇ । ਕਿਉਂਕਿ ਇਹ ਇਥੋ ਦੇ ਪੰਜਾਬੀ, ਪੰਜਾਬ, ਪੰਜਾਬੀਅਤ ਸੋਚ ਨੂੰ ਪ੍ਰਭਾਵਿਤ ਕਰਨ ਅਤੇ ਹੁਕਮਰਾਨਾਂ ਵੱਲੋ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕਰਨ ਹਿੱਤ ਅਜਿਹਾ ਦੁੱਖਦਾਇਕ ਅਮਲ ਕੀਤਾ ਜਾ ਰਿਹਾ ਹੈ । ਜਿਸ ਵਿਰੁੱਧ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਸੁਚੇਤ ਰਹਿਕੇ ਲਾਮਬੰਦ ਹੋਣ ਦੇ ਨਾਲ-ਨਾਲ ਬੀਜੇਪੀ-ਆਰ.ਐਸ.ਐਸ ਆਮ ਆਦਮੀ ਪਾਰਟੀ ਦੀ ਇਨ੍ਹਾਂ ਦੀ ਬੀ ਟੀਮ ਦੀ ਸਾਜਿਸ ਨੂੰ ਅਸਫਲ ਬਣਾਉਣ ਦੀ ਜਿੰਮੇਵਾਰੀ ਨਿਭਾਉਣੀ ਬਣਦੀ ਹੈ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਅਤੇ ਆਮ ਆਦਮੀ ਪਾਰਟੀ ਵਰਗੀਆ ਉਨ੍ਹਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਵੱਲੋ ਪੰਜਾਬ ਦੀ ਮਲਕੀਅਤ ਧਰਤੀ ਵਿਚੋ ਪ੍ਰਵਾਸੀ ਮਜਦੂਰਾਂ ਨੂੰ ਪਲਾਟ ਕੱਟਕੇ ਦੇਣ ਦੀਆਂ ਬਣਾਈਆ ਜਾ ਰਹੀਆ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜਿਸਾਂ ਤੋ ਸੁਚੇਤ ਕਰਦੇ ਹੋਏ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇਸ ਅਮਲ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇ ਸਮੇ ਤੋ ਸੈਟਰ ਦੇ ਹੁਕਮਰਾਨ ਅਤੇ ਪੰਜਾਬ ਵਿਚ ਰਾਜ ਭਾਗ ਕਰਨ ਵਾਲੀਆ ਜਮਾਤਾਂ ਪੰਜਾਬ ਸੂਬੇ, ਪੰਜਾਬੀ, ਪੰਜਾਬੀਅਤ, ਵਿਰਸੇ ਤੇ ਵਿਰਾਸਤ ਨੂੰ ਮੰਦਭਾਵਨਾ ਅਧੀਨ ਖਤਮ ਕਰਨ ਹਿੱਤ ਸਮੇ-ਸਮੇ ਤੇ ਅਜਿਹੀਆ ਪੰਜਾਬ ਮਾਰੂ ਯੋਜਨਾਵਾਂ ਤੇ ਅਮਲ ਕਰਦੇ ਆ ਰਹੇ ਹਨ ਜਿਸ ਨੂੰ ਅੱਗੇ ਵਧਾਉਦੇ ਹੋਏ ਹੁਣ ਸਾਡੀ ਪੰਜਾਬ ਦੀ ਜਰਖੇਜ ਧਰਤੀ ਜਿਸਦੇ ਮਾਲਕ ਸਮੁੱਚੇ ਪੰਜਾਬ ਨਿਵਾਸੀ ਅਤੇ ਪੰਜਾਬ ਸਰਕਾਰ ਹੈ, ਉਸ ਵਿਚੋ ਜੋ ਪਲਾਟ ਕੱਟਕੇ ਪ੍ਰਵਾਸੀਆ ਨੂੰ ਦੇਣ ਦੀ ਸਾਜਿਸ ਰਚੀ ਗਈ ਹੈ, ਇਹ ਅਸਲੀਅਤ ਵਿਚ ਪੰਜਾਬ ਦੇ ਰਾਜ ਭਾਗ ਦੇ ਪੰਜਾਬੀਆਂ ਦੇ ਸੰਤੁਲਨ ਨੂੰ ਖਰਾਬ ਕਰਨ ਅਤੇ ਇਥੇ ਦਿੱਲੀ ਦੇ ਆਗੂਆ ਤੇ ਉਨ੍ਹਾਂ ਦੀਆ ਤਾਕਤਾਂ ਦਾ ਸਿਆਸੀਕਰਨ ਕਰਨ ਦੇ ਮੰਦਭਾਗੇ ਅਮਲ ਹੋ ਰਹੇ ਹਨ । ਜਿਸ ਨੂੰ ਅਸੀ ਕਦਾਚਿਤ ਸਹਿਣ ਨਹੀ ਕਰਾਂਗੇ । ਉਨ੍ਹਾਂ ਪੰਜਾਬ ਦੇ ਆਪਣੀ ਪਾਰਟੀ ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਤੇ ਅਹੁਦੇਦਾਰਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪੋ ਆਪਣੇ ਜਿ਼ਲ੍ਹਿਆਂ ਵਿਚ ਸਰਕਾਰੀ ਦਫਤਰਾਂ ਵਿਚ ਪਹੁੰਚ ਕਰਕੇ ਜਾਂ ਆਪੋ ਆਪਣੇ ਸਾਧਨਾਂ ਰਾਹੀ ਜਿਥੇ ਅਜਿਹੇ ਪਲਾਟ ਦੇਣ ਦੀ ਜਾਣਕਾਰੀ ਪ੍ਰਾਪਤ ਕਰਨ ਉਥੇ ਆਉਣ ਵਾਲੇ ਦਿਨਾਂ ਵਿਚ ਇਸ ਪੰਜਾਬ ਵਿਰੋਧੀ ਹੋ ਰਹੇ ਅਮਲ ਦਾ ਅੰਤ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਰੋਸ ਮੁਜਾਹਰੇ ਕਰਨ ਅਤੇ ਜਿ਼ਲ੍ਹਾ ਮੈਜਿਸਟ੍ਰੇਟ ਨੂੰ ਯਾਦ ਪੱਤਰ ਦੇਣ ਲਈ ਤਿਆਰ ਰਹਿਣ । ਅਜਿਹਾ ਅਸੀ ਕਦਾਚਿਤ ਨਹੀ ਹੋਣ ਦੇਵਾਂਗੇ ।