ਆਪਣੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਅਲਵਿਦਾ ਕਹਿਕੇ ਬੀਜੇਪੀ ਵਿਚ ਜਾਣ ਵਾਲੇ ਆਗੂ ਆਪਣੀ ਆਤਮਾ ਨੂੰ ਕੀ ਜੁਆਬ ਦੇਣਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਬੀਤੇ ਸਮੇ ਵਿਚ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਕੇਵਲ ਸਿੰਘ ਢਿੱਲੋਂ, ਸ. ਦੀਦਾਰ ਸਿੰਘ ਭੱਟੀ, ਜਗਦੀਪ ਸਿੰਘ ਚੀਮਾਂ, ਪ੍ਰੋ. ਸਰਚਾਦ ਸਿੰਘ, ਰਵਨੀਤ ਸਿੰਘ ਬਿੱਟੂ ਅਤੇ ਹੁਣ ਸ. ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ, ਓਕਾਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਹੋਰ ਅਨੇਕਾ ਸਿੱਖ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਉਪਰੋਕਤ ਮੁਤੱਸਵੀ ਪਾਰਟੀ ਤੇ ਉਨ੍ਹਾਂ ਆਗੂਆ ਵੱਲੋ ਲੰਮੇ ਸਮੇ ਤੋ ਘੋਰ ਵਿਤਕਰੇ, ਬੇਇਨਸਾਫ਼ੀਆਂ, ਜ਼ਬਰ ਕੀਤੇ ਜਾਂਦੇ ਆ ਰਹੇ ਹਨ ਅਤੇ ਜਿਨ੍ਹਾਂ ਨੇ ਅੱਜ ਤੱਕ ਉਪਰੋਕਤ ਪੰਜਾਬ ਸੂਬੇ ਅਤੇ ਸਾਡੇ ਕਿਸੇ ਵੀ ਮਸਲੇ ਦਾ ਹੱਲ ਨਹੀ ਕੀਤਾ ਅਤੇ ਅੱਜ ਵੀ ਪੰਜਾਬ ਸੂਬੇ ਪ੍ਰਤੀ ਤੇ ਸਿੱਖ ਕੌਮ ਪ੍ਰਤੀ ਨਫਰਤ ਦੀ ਭਾਵਨਾ ਰੱਖਦੇ ਹੋਏ ਅਮਲ ਕਰਦੇ ਆ ਰਹੇ ਹਨ, ਉਸ ਪਾਰਟੀ ਵਿਚ ਜਾਣ ਵਾਲੀ ਇਸ ਸਿੱਖ ਲੀਡਰਸਿਪ ਕਿਸ ਮਕਸਦ ਨੂੰ ਲੈਕੇ ਸਾਮਿਲ ਹੋ ਰਹੀ ਹੈ, ਉਹ ਤਾਂ ਕੇਵਲ ਆਪਣੇ ਸਿਆਸੀ ਮਾਲੀ ਮਨੋਰਥਾਂ ਨੂੰ ਮੁੱਖ ਰੱਖਕੇ ਅਜਿਹੇ ਦੁੱਖਦਾਇਕ ਅਮਲ ਕਰਦੇ ਨਜਰ ਆ ਰਹੇ ਹਨ । ਜਦੋਕਿ ਬੀਜੇਪੀ ਪਾਰਟੀ ਅਤੇ ਇਹ ਜਾਣ ਵਾਲੇ ਆਗੂਆ ਦੀ ਪੰਜਾਬ ਦੇ ਮਸਲਿਆ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀ ਹੈ । ਕੀ ਬੀਜੇਪੀ, ਪੰਜਾਬ ਵਿਚ ਰਾਜ ਸਭਾ ਦੀਆਂ ਖਾਲੀ ਹੋਈਆ ਸੀਟਾਂ ਇਨ੍ਹਾਂ ਜਾਣ ਵਾਲੇ ਸਿੱਖਾਂ ਨੂੰ ਦੇਵੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਵੱਖ-ਵੱਖ ਜਮਾਤਾਂ ਵਿਚ ਵਿਚਰਣ ਵਾਲੇ ਸਿੱਖਾਂ ਵੱਲੋ ਇਕਦਮ ਬੀਜੇਪੀ ਵਰਗੀ ਫਿਰਕੂ ਪਾਰਟੀ ਵਿਚ ਧੜਾਧੜ ਹੋ ਰਹੀ ਸਮੂਲੀਅਤ ਨੂੰ ਗੈਰ ਸਿਧਾਤਿਕ, ਦਿਸ਼ਾਹੀਣ ਅਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲ ਕਰਾਰ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਉਸ ਹਿੰਦੂਤਵ ਮਾਹੌਲ ਵਿਚ ਵਿਚਰਕੇ, ਉਨ੍ਹਾਂ ਵੱਲੋ ਪੰਜਾਬ ਤੇ ਸਿੱਖ ਕੌਮ ਵਿਰੁੱਧ ਹੋਣ ਵਾਲੇ ਅਮਲਾਂ ਨੂੰ ਉਹ ਕਿਵੇ ਬਰਦਾਸਤ ਕਰਨਗੇ, ਚੁੱਪ ਰਹਿਣਗੇ ਜਾਂ ਫਿਰ ਕੁਝ ਸਮੇ ਬਾਅਦ ਅਜਿਹੇ ਅਮਲਾਂ ਪ੍ਰਤੀ ਬਗਾਵਤ ਕਰਨਗੇ ਦੇ ਅਮਲਾਂ ਦੀ ਗੱਲ ਕਰਦੇ ਹੋਏ ਅਤੇ ਇਸ ਫਿਰਕੂ ਪਾਰਟੀ ਵਿਚ ਕਦੀ ਵੀ ਅਣਖ ਤੇ ਗੈਰਤ ਨੂੰ ਕਾਇਮ ਰੱਖਕੇ ਉਨ੍ਹਾਂ ਵੱਲੋ ਜਿਊਣ ਦੀ ਗੱਲ ਯਾਦ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਜਾਦੀ ਤੋ ਪਹਿਲੇ ਸਿੱਖਾਂ ਨਾਲ ਜੋ ਉੱਤਰੀ ਭਾਰਤ ਵਿਚ ਆਜਾਦ ਖਿੱਤਾ ਦੇਣ ਦਾ ਅਤੇ ਆਪਣੀ ਅਣਖ-ਗੈਰਤ ਨਾਲ ਜਿ਼ੰਦਗੀ ਜਿਊਂਣ ਦਾ ਬਚਨ ਕੀਤਾ ਸੀ, ਉਸਨੇ ਸਮੁੱਚੀ ਸਿੱਖ ਕੌਮ ਨਾਲ ਵੱਡੇ ਧੋਖਾ ਤੇ ਫਰੇਬ ਹੀ ਨਹੀ ਕੀਤੇ, ਬਲਕਿ ਸੂਬੇ ਦੇ ਸਾਧਨਾਂ, ਖਜਾਨਿਆ ਦੀ ਬੇਰਹਿੰਮੀ ਨਾਲ ਲੁੱਟਣ ਦੇ ਨਾਲ-ਨਾਲ ਅਜਿਹੇ ਅਮਲ ਕੀਤੇ ਜਿਸ ਨਾਲ ਸਿੱਖ ਕੌਮ ਨੂੰ ਬਦਨਾਮ ਕਰਕੇ ਕੁੱਟਿਆ ਤੇ ਮਾਰਿਆ ਜਾ ਸਕੇ । ਇਸ ਕਾਂਗਰਸ ਦੇ ਸਭ ਮਨੁੱਖਤਾ ਤੇ ਇਨਸਾਫ ਵਿਰੋਧੀ ਵਰਤਾਰੇ ਵਿਚ ਬੀਤੇ ਸਮੇ ਦੀ ਅਤੇ ਮੌਜੂਦਾ ਬੀਜੇਪੀ ਤੇ ਆਰ.ਐਸ.ਐਸ ਦੀ ਲੀਡਰਸਿਪ ਵਾਲੇ ਉਨ੍ਹਾਂ ਨਾਲ ਹਮੇਸ਼ਾਂ ਘਿਓ ਖਿਚੜੀ ਰਹੇ । ਜਦੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਗਿਆ ਤਾਂ ਉਸ ਸਮੇ ਬੀਜੇਪੀ ਦੇ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਦੂਸਰੇ ਮਹੱਤਵਪੂਰਨ ਬੀਜੇਪੀ ਆਗੂ ਸ੍ਰੀ ਵਾਜਪਾਈ ਨੇ ਇਸ ਹਮਲੇ ਉਪਰੰਤ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨ ਕੀਤਾ ਸੀ । ਜਦੋ ਦਿੱਲੀ ਵਿਚ 1984 ਵਿਚ ਕਤਲੇਆਮ ਹੋਇਆ ਤਾਂ ਇਹ ਸਭ ਬੀਜੇਪੀ ਦੇ ਫਿਰਕੂ ਲੀਡਰ ਤੇ ਇਨ੍ਹਾਂ ਦੇ ਗੂੰਡੇ ਸਿੱਖ ਬੀਬੀਆ ਨਾਲ ਬਲਾਤਕਾਰ ਕਰਨ ਵਾਲਿਆ, ਸਿੱਖ ਨੌਜਵਾਨੀ, ਬੱਚੇ, ਬੀਬੀਆਂ ਅਤੇ ਬਜੁਰਗਾਂ ਦੇ ਗਲਾਂ ਵਿਚ ਟਾਈਰ ਪਾ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ, ਅੱਗਾਂ ਲਗਾਉਣ ਵਾਲਿਆ ਵਿਚ ਮੋਹਰੀ ਸਨ । ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ 15 ਸਾਲਾਂ ਤੋ ਚੋਣ ਨਹੀ ਕਰਵਾਈ ਜਾ ਰਹੀ । ਸਾਡੇ ਦਰਿਆਵਾ ਤੇ ਨਦੀਆ ਦੇ ਉਹ ਪਾਣੀ ਜੋ ਕੌਮਾਂਤਰੀ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਅਧੀਨ ਆਉਦੇ ਹਨ ਉਨ੍ਹਾਂ ਦਾ ਲੰਮੇ ਸਮੇ ਤੋ ਕਰੋੜਾ, ਅਰਬਾ ਰੁਪਏ ਦੇ ਪਾਣੀ ਨੂੰ ਇਹ ਹੁਕਮਰਾਨ ਅੱਜ ਵੀ ਜਬਰੀ ਖੋਹ ਰਹੇ ਹਨ ਅਤੇ ਸਾਡੇ ਹਿੱਸੇ ਦੇ ਹੁਣ ਦੇ ਪਾਣੀ ਵਿਚੋ ਜ਼ਬਰੀ ਨਹਿਰਾਂ ਕੱਢਕੇ ਹੋਰ ਜ਼ਬਰ ਢਾਹੁੰਣਾ ਚਾਹੁੰਦੇ ਹਨ ਅਤੇ ਸਾਡੇ ਖੇਤੀ ਪ੍ਰਧਾਨ ਸੂਬੇ ਨੂੰ ਬੰਜਰ ਬਣਾਕੇ ਅਤੇ ਪੰਜਾਬ ਸੂਬੇ ਦੇ ਨਿਵਾਸੀਆ ਤੇ ਨੌਜਵਾਨੀ ਵਿਚ ਨਸਿਆ ਦੇ ਸੇਵਨ ਕਰਨ ਦੇ ਰੁਝਾਨ ਨੂੰ ਵਧਾਕੇ ਪੰਜਾਬੀਆਂ ਤੇ ਸਿੱਖਾਂ ਦਾ ਮਾਲੀ, ਜਾਨੀ, ਇਖਲਾਕੀ ਅਤੇ ਸਮਾਜਿਕ ਨੁਕਸਾਨ ਕਰਨ ਦੇ ਨਿਰੰਤਰ ਅਮਲ ਕਰਦੇ ਆ ਰਹੇ ਹਨ । ਜਿਨ੍ਹਾਂ ਤੋ ਪੰਜਾਬੀਆਂ ਤੇ ਸਿੱਖਾਂ ਨੂੰ ਭਵਿੱਖ ਵਿਚ ਵੀ ਕੋਈ ਰਤਭੀਰ ਵੀ ਆਸ ਹੀ ਨਹੀ ਕਿ ਇਹ ਸਾਡੇ ਮਸਲਿਆ ਨੂੰ ਹੱਲ ਕਰਨਗੇ ਅਤੇ ਪੰਜਾਬ, ਪੰਜਾਬੀ ਨੌਜਵਾਨਾਂ ਦੇ ਕਤਲੇਆਮ ਪ੍ਰਤੀ ਅਪਣਾਈ ਮਨੁੱਖਤਾ ਵਿਰੋਧੀ ਨੀਤੀ ਨੂੰ ਅਲਵਿਦਾ ਕਹਿਕੇ ਪੰਜਾਬ ਦਾ ਕੁਝ ਸਵਾਰਣਗੇ, ਫਿਰ ਵੀ ਅਜਿਹੀ ਪਾਰਟੀ ਵਿਚ ਸਿੱਖਾਂ ਵੱਲੋ ਸਾਮਿਲ ਹੋਣਾ ਅਤਿ ਗੰਭੀਰ ਅਤੇ ਅਫਸੋਸ ਵਾਲਾ ਅਮਲ ਹੈ। ਜਦੋਕਿ ਅਜਿਹੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਅਤੇ ਸਿੱਖਾਂ ਦੇ ਹੱਕ ਵਿਚ ਖੜਕੇ ਸੈਟਰ ਦੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜਬਰ ਵਿਰੁੱਧ ਆਵਾਜ ਬੁਲੰਦ ਕਰਕੇ ਇਨਸਾਫ ਦੀ ਗੱਲ ਕਰਨ ਨਾ ਕਿ ਅਜਿਹਾ ਮਾਹੌਲ ਪੈਦਾ ਕਰਨ ਜਿਸ ਨਾਲ ਇਥੋ ਦੀ ਨੌਜਵਾਨੀ ਨੂੰ ਇਹ ਮੁਤੱਸਵੀ ਹੁਕਮਰਾਨ ਗੈਰ ਕਾਨੂੰਨੀ ਢੰਗ ਨਾਲ ਤੇ ਅਣਮਨੁੱਖੀ ਢੰਗਾਂ ਨਾਲ ਗੋਲੀਆ ਦਾ ਨਿਸ਼ਾਨਾਂ ਬਣਾਉਣ ।