ਗੁਰਦਾਸਪੁਰ ਵਿਖੇ ਹੋਏ ਕਤਲ ਕਾਂਡ ਵਿਚ ਆਈ.ਐਸ.ਆਈ ਦੇ ਨਾਮ ਦੀ ਦੁਰਵਰਤੋ ਸਿੱਖ ਕੌਮ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਹਿੱਤ ਕੀਤੀ ਜਾ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਜੋ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਰਣਜੀਤ ਸਿੰਘ ਨਾਮ ਦੇ ਨੌਜਵਾਨ ਦਾ ਪੁਲਿਸ ਵੱਲੋ ਝੂਠਾ ਮੁਕਾਬਲਾ ਦਿਖਾਕੇ ਕਤਲ ਕੀਤਾ ਗਿਆ ਹੈ, ਉਸ ਵਿਚ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਇਹ ਬਿਆਨ ਆਇਆ ਸੀ ਕਿ ਜੋ ਪੁਲਿਸ ਮੁਲਾਜਮ ਮਾਰੇ ਗਏ ਹਨ ਉਹ ਆਪਸ ਸਿਪਾਹੀ ਅਤੇ ਏ.ਐਸ.ਆਈ ਆਪਸ ਵਿਚ ਲੜ ਕੇ ਮਰੇ ਹਨ । ਦੂਸਰੇ ਪਾਸੇ ਇਹ ਬਿਆਨ ਆ ਰਿਹਾ ਹੈ ਕਿ ਇਨ੍ਹਾਂ ਪੁਲਿਸ ਮੁਲਾਜਮਾਂ ਨੂੰ ਮਾਰਨ ਲਈ ਆਈ.ਐਸ.ਆਈ ਨੇ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਸੀ । ਜੋ ਕਿ ਖੁਦ ਹੀ ਆਪਾ ਵਿਰੋਧੀ ਵਰਤਾਰੇ ਨੂੰ ਤੇ ਸੱਚ ਨੂੰ ਪ੍ਰਤੱਖ ਕਰਦੇ ਹਨ । ਹੁਣ ਪ੍ਰਸਨ ਇਹ ਉੱਠਦਾ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਆਪਸ ਵਿਚ ਲੜ ਕੇ ਮਰੇ ਹਨ ਅਤੇ ਦੂਸਰੀ ਬਿਆਨਬਾਜੀ ਇਹ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ ਨੇ ਮਰਵਾਏ ਹਨ । ਕੀ ਇਕ ਮੁਲਕ ਦੀ ਵੱਡੀ ਖੂਫੀਆ ਏਜੰਸੀ ਕਦੇ ਏ.ਐਸ.ਆਈ ਜਾਂ ਸਿਪਾਹੀ ਪੱਧਰ ਦੇ ਛੋਟੇ ਮੁਲਾਜਮਾਂ ਨੂੰ ਮਰਵਾਉਣ ਲਈ ਕੋਈ ਅਜਿਹਾ ਅਮਲ ਕਰ ਸਕਦੀ ਹੈ ? ਅਜਿਹੀਆ ਖੂਫੀਆ ਏਜੰਸੀਆ ਦੇ ਟਾਰਗਿਟ ਤਾਂ ਟੀਸੀ ਦੇ ਬੇਰ ਤੇ ਬੈਠੇ ਵੱਡੇ ਅਹੁਦਿਆ ਜਿਵੇ ਵਜੀਰ ਏ ਆਜਮ, ਮੁੱਖ ਮੰਤਰੀ, ਗ੍ਰਹਿ ਵਜੀਰ ਜਾਂ ਕੋਈ ਹੋਰ ਹੋ ਸਕਦਾ ਹੈ, ਨਾ ਕਿ ਕਿਸੇ ਮੁਲਕ ਦੀ ਖੂਫੀਆ ਏਜੰਸੀ ਅਜਿਹੇ ਛੋਟੇ-ਮੋਟੇ ਵਰਤਾਰਿਆ ਵਿਚ ਕੋਈ ਅਮਲ ਕਰੇਗੀ । ਇਸ ਲਈ ਇਹ ਵਾਪਰਿਆ ਦੁਖਾਂਤ ਜਿਸ ਵਿਚ 2 ਪੁਲਿਸ ਮੁਲਾਜਮ ਮਾਰੇ ਗਏ ਹਨ ਅਤੇ ਇਕ ਨਿਰਦੋਸ਼ ਸਿੱਖ ਨੌਜਵਾਨ ਪੁਲਿਸ ਨੇ ਝੂਠੇ ਮੁਕਾਬਲੇ ਵਿਚ ਮਾਰਿਆ ਹੈ । ਉਸਦੀ ਸੀ.ਬੀ.ਆਈ. ਤੋ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਇਸ ਦੁਖਾਂਤ ਵਿਚ ਅਸਲ ਦੋਸ਼ੀ ਤੇ ਸਾਜਿਸ ਸਾਹਮਣੇ ਆ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰਦਾਸਪੁਰ ਵਿਖੇ ਇਕ ਨਿਰਦੋਸ਼ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਉਤੇ ਅਤੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਹਿੱਤ ਆਈ.ਐਸ.ਆਈ ਦੀ ਖੂਫੀਆ ਏਜੰਸੀ ਦੇ ਨਾਮ ਦੀ ਦੁਰਵਰਤੋ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸਦੀ ਸੀ.ਬੀ.ਆਈ. ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ ।