ਮੋਦੀ ਹਕੂਮਤ ਦੇ ਇਜਰਾਇਲ ਨਾਲ ਚੰਗੇ ਸੰਬੰਧ, ਕਿਤੇ ਮੋਸਾਦ ਦੀ ਦੁਰਵਰਤੋ ਕਰਕੇ ਸਿੱਖਾਂ ਨੂੰ ਫਿਰ ਤੋ ਨਿਸ਼ਾਨਾਂ ਤਾਂ ਨਹੀਂ ਬਣਾਇਆ ਜਾ ਰਿਹਾ ? : ਮਾਨ
ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਇਜਰਾਇਲ ਦੌਰੇ ਤੇ ਗਏ ਹਨ । ਇਜਰਾਇਲ ਦੀ ਖੂਫੀਆ ਏਜੰਸੀ ਮੋਸਾਦ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਅਮਲਾਂ ਵਿਚ ਮਸਰੂਫ ਹੈ । ਜਦੋ ਵੀ ਮੁਸਲਮਾਨਾਂ ਦੇ ਕਤਲ ਕਰਨੇ ਹੁੰਦੇ ਹਨ, ਤਾਂ ਅਜਿਹੀ ਜਿੰਮੇਵਾਰੀ ਮੋਸਾਦ ਨੂੰ ਸੌਪੀ ਜਾਂਦੀ ਹੈ । ਪਰ ਜਦੋ ਵੀ ਕਿਸੇ ਦਾ ਕਤਲ ਕਰਨਾ ਹੁੰਦਾ ਹੈ, ਉਸਦਾ ਨਾਮ ਇਜਰਾਇਲ ਦੇ ਵਜੀਰ ਏ ਆਜਮ ਨੂੰ ਲਿਖਤੀ ਰੂਪ ਵਿਚ ਦੇਣਾ ਪੈਦਾ ਹੈ । ਕਿਉਂਕਿ ਅਜਿਹੇ ਅਮਲਾਂ ਉਤੇ ਵਜੀਰ ਏ ਆਜਮ ਦੇ ਦਸਤਖਤ ਹੁੰਦੇ ਹਨ । ਕਿਉਂਕਿ ਇਜਰਾਇਲ ਦੇ ਇੰਡੀਆ ਨਾਲ ਚੰਗੇ ਸੰਬੰਧ ਹਨ । ਜੋ ਬਰਤਾਨੀਆ ਵਿਚ ਸ. ਅਵਤਾਰ ਸਿੰਘ ਖੰਡਾ ਨੂੰ ਸਹੀਦ ਕੀਤਾ ਗਿਆ ਸੀ, ਉਸ ਨੂੰ ਹਸਪਤਾਲ ਵਿਚ ਪੋਲੋਨੀਅਮ ਨਾਮ ਦੀ ਜਹਿਰ ਦੇ ਕੇ ਮਾਰਿਆ ਗਿਆ ਸੀ । ਇੰਡੀਆ ਰੂਸ ਦੀ ਇੰਨਟੈਲੀਜੈਸੀ ਤੋ ਵੀ ਕੰਮ ਲੈਦਾ ਹੈ । ਹੁਣ ਜਦੋ ਅਮਰੀਕਾ, ਇਜਰਾਇਲ-ਇਰਾਨ ਦਾ ਝਗੜਾ ਹੈ, ਇਸ ਸਮੇ ਇਜਰਾਇਲ ਅਤੇ ਅਮਰੀਕਾ ਵਰਗੇ ਮੁਲਕਾਂ ਨਾਲ ਇੰਡੀਆ ਵੱਲੋ ਵਪਾਰਕ ਸਮਝੌਤੇ ਕੀਤੇ ਜਾ ਰਹੇ ਹਨ । ਇਸ ਵਪਾਰਕ ਸਮਝੌਤਿਆ ਦੀ ਆੜ ਵਿਚ ਕਿਤੇ ਇੰਡੀਆ ਮੋਸਾਦ ਵਰਗੀ ਖੂਫੀਆ ਏਜੰਸੀ ਰਾਹੀ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਯੋਜਨਾ ਤਾਂ ਨਹੀ ਘੜੀ ਜਾ ਰਹੀ ? ਇਸਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਪਾਕਿਸਤਾਨ ਵਿਚ ਸਿੱਖਾਂ ਨੂੰ ਕਤਲ ਕਰਵਾਉਣ ਦੀ ਤਰ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਅਧੀਨ ਸਿੱਖ ਵਿਰੋਧੀ ਅਮਲ ਨਾ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਦੇ ਹੁਣੇ ਹੀ ਇਜਰਾਇਲ ਦੌਰੇ ਤੇ ਜਾਣ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਜਰਾਇਲ ਨਾਲ ਆਪਣੇ ਅੱਛੇ ਸੰਬੰਧਾਂ ਰਾਹੀ ਉਥੋ ਦੀ ਖੂਫੀਆ ਏਜੰਸੀ ਮੋਸਾਦ ਤੋ, ਉਸੇ ਤਰ੍ਹਾਂ ਸਿੱਖਾਂ ਦੇ ਕਤਲ ਕਰਵਾਉਣ ਜਿਵੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਵਿਚ ਕਤਲ ਕਰਵਾਏ ਗਏ ਹਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਰੋਇਲ ਮਾਊਟੈਡ ਕੈਨੇਡੀਅਨ ਪੁਲਿਸ ਨੇ ਆਪਣੀ ਜਾਰੀ ਰਿਪੋਰਟ ਵਿਚ ਇਸ ਸੱਚ ਨੂੰ ਪ੍ਰਤੱਖ ਕੀਤਾ ਹੈ ਕਿ ਉਪਰੋਕਤ ਕਤਲ ਇੰਡੀਅਨ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਨੇ ਕਰਵਾਏ ਹਨ ਜਿਸ ਵਿਚ ਅਮਰੀਕਾ ਵਿਚ ਗ੍ਰਿਫਤਾਰ ਕੀਤੇ ਗਏ ਨਿਖਿਲ ਗੁਪਤਾ ਅਤੇ ਇਸ ਸਾਜਿਸ ਵਿਚ ਸਾਮਿਲ ਵਿਕਾਸ ਯਾਦਵ ਦੇ ਨਾਮ ਸਾਹਮਣੇ ਆਏ ਹਨ, ਤੋ ਵੀ ਇਹ ਸੱਚ ਪ੍ਰਤੱਖ ਹੋ ਜਾਂਦਾ ਹੈ । ਕੈਨੇਡੀਅਨ ਪੁਲਿਸ ਨੇ ਇਸ ਰਿਪੋਰਟ ਵਿਚ ਲਾਰੈਸ ਬਿਸਨੋਈ ਗੈਗਸਟਰ ਦਾ ਵੀ ਜਿਕਰ ਕੀਤਾ ਹੈ ਕਿ ਇਹ ਕਤਲ ਉਸ ਦੇ ਬੰਦਿਆ ਰਾਹੀ ਕਰਵਾਏ ਜਾਂਦੇ ਹਨ । ਕਿਉਂਕਿ ਲਾਰੈਸ ਬਿਸਨੋਈ ਇਸ ਸਮੇ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦੀ ਹੈ । ਸ੍ਰੀ ਮੋਦੀ ਅਤੇ ਅਮਿਤ ਸ਼ਾਹ ਵੀ ਗੁਜਰਾਤ ਦੇ ਹੀ ਹਨ ਜੋ ਇਸ ਕਾਤਲ ਟੋਲੀ ਦੇ ਮੋਹਰੀ ਹਨ । ਜਦੋ ਇੰਡੀਅਨ ਸਰਕਾਰ ਨੇ ਅਜਿਹਾ ਕੋਈ ਕਤਲ ਕਰਵਾਉਣਾ ਹੁੰਦਾ ਹੈ ਤਾਂ ਬਿਸਨੋਈ ਨੂੰ ਹੁਕਮ ਕਰਦੇ ਹਨ ।
ਉਨ੍ਹਾਂ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਹਿਟਲਰ ਨੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ । ਜਿਸ ਜ਼ਬਰ ਸੰਬੰਧੀ ਅਸੀ ਅਕਸਰ ਹੀ ਆਪਣੇ ਨੀਤੀ ਬਿਆਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨਾਂ ਸਮੇ ਨਿਰੰਤਰ ਜਿਕਰ ਕਰਦੇ ਆ ਰਹੇ ਹਾਂ । ਪਰ ਇਜਰਾਇਲ ਵੱਲੋ ਉਸ ਸਮੇ ਹੋਏ ਯਹੂਦੀਆ ਦੇ ਕਤਲ ਸਮੇ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਗੱਲ ਨੂੰ, ਇੰਡੀਆ ਵਿਚ ਹੁਕਮਰਾਨਾਂ ਵੱਲੋ ਸਿੱਖਾਂ ਉਤੇ ਕੀਤੇ ਜਾ ਰਹੇ ਜ਼ਬਰ ਨੂੰ ਨਹੀ ਦੇਖਦਾ ਜਦੋਕਿ ਇਸ ਵਿਸੇ ਉਤੇ ਵੀ ਇਜਰਾਇਲ ਨੂੰ ਸਿੱਖਾਂ ਤੇ ਹੋ ਰਹੇ ਜ਼ਬਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਜੋ ਇੰਡੀਅਨ ਹੁਕਮਰਾਨਾਂ ਵੱਲੋ ਗੈਰ ਕਾਨੂੰਨੀ ਢੰਗ ਨਾਲ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਬੰਦ ਕਰਵਾਉਣ ਲਈ ਆਪਣੀ ਇਖਲਾਕੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।