ਕੌਮਾਂਤਰੀ ਪੱਧਰ ਦੇ ਮਹਾਨ ਆਰਚੀਟੈਕਚਰ ਮਿ: ਐਡਵਿਨ ਲੂਟੀਅਨ ਵਰਗੀ ਸਖ਼ਸੀਅਤ ਦੇ ਬੁੱਤ ਨੂੰ ਕੋਈ ਨੁਕਸਾਨ ਨਹੀ ਪਹੁੰਚਾਉਣਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 23 ਫਰਵਰੀ ( ) “ਕੌਮਾਂਤਰੀ ਪੱਧਰ ਦੀਆਂ ਉਹ ਸਖ਼ਸੀਅਤਾਂ ਜਿਨ੍ਹਾਂ ਨੇ ਕਿਸੇ ਵੀ ਸਮਾਜ, ਮੁਲਕ ਜਾਂ ਕੌਮ ਨੂੰ ਕੁਝ ਦਿੱਤਾ ਹੋਵੇ ਅਤੇ ਜਿਨ੍ਹਾਂ ਦੀ ਵੱਡੀ ਦੇਣ ਹੋਵੇ, ਅਜਿਹੀ ਕਿਸੇ ਵੀ ਸਖ਼ਸੀਅਤ ਨੂੰ ਹਰ ਹੁਕਮਰਾਨ ਸਨਮਾਨ ਦੇਣਾ ਬਣਦਾ ਹੈ, ਨਾ ਕਿ ਕਿਸੇ ਤਰ੍ਹਾਂ ਦਾ ਅਪਮਾਨ ਕਰਨ ਦੇ ਅਮਲ ਹੋਣੇ ਚਾਹੀਦੇ ਹਨ । ਸਾਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਕੌਮਾਂਤਰੀ ਪੱਧਰ ਦੇ ਬਰਤਾਨੀਆ ਦੇ ਅੰਗਰੇਜ ਮਹਾਨ ਆਰਚੀਟੈਕਚਰ ਮਿਸਟਰ ਐਡਵਿਨ ਲੂਟੀਅਨ ਜਿਸਨੇ ਬਹੁਤ ਹੀ ਮਾਰਕੇ ਵਾਲੇ ਸਦਾ ਯਾਦ ਰੱਖਣ ਯੋਗ ਅਮਲ ਕੀਤੇ ਹਨ, ਜਿਨ੍ਹਾਂ ਦਾ ਸਤਿਕਾਰ ਵੱਜੋ ਬੁੱਤ ਪ੍ਰੈਜੀਡੈਟ ਹਾਊਂਸ ਵਿਖੇ ਲੱਗਿਆ ਹੋਇਆ ਹੈ, ਉਸਨੂੰ ਉਥੋ ਬਦਲਕੇ ਉਸ ਸਥਾਂਨ ਤੇ ਪਹਿਲੇ ਗਵਰਨਰ ਜਰਨਲ ਸੀ. ਰਾਜਾਗੋਪਾਲਚਾਰੀਆ ਦਾ ਜੋ ਬੁੱਤ ਲਗਾਇਆ ਜਾ ਰਿਹਾ ਹੈ, ਇਹ ਤਾਂ ਬਹੁਤ ਹੀ ਸ਼ਰਮਨਾਕ ਅਤੇ ਮਹਾਨ ਸਖ਼ਸੀਅਤਾਂ ਦਾ ਅਪਮਾਨ ਕਰਨ ਵਾਲੀਆ ਅਤਿ ਦੁੱਖਦਾਇਕ ਅਮਲ ਹੈ । ਜੋ ਕਦਾਚਿੱਤ ਨਹੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਜੀਡੈਟ ਹਾਊਂਸ ਵਿਖੇ ਪੁਰਾਤਨ ਲੰਮੇ ਸਮੇ ਤੋਂ ਸਥਾਪਿਤ ਹੋਏ ਕੌਮਾਂਤਰੀ ਪੱਧਰ ਦੇ ਮਹਾਨ ਆਰਚੀਟੈਕਚਰ ਮਿਸਟਰ ਐਡਵਿਨ ਲੂਟੀਅਨ ਦੇ ਸਤਿਕਾਰ ਸਹਿਤ ਲੱਗੇ ਬੁੱਤ ਨੂੰ ਉਤਾਰਕੇ ਉਸਦੇ ਸਥਾਂਨ ਤੇ ਪਹਿਲੇ ਗਵਰਨਰ ਜਰਨਲ ਸੀ. ਰਾਜਾਗੋਪਾਲਚਾਰੀਆ ਦਾ ਬੁੱਤ ਲਗਾਉਣ ਦੇ ਅਮਲਾਂ ਨੂੰ ਮਹਾਨ ਸਖ਼ਸੀਅਤਾਂ ਦਾ ਅਪਮਾਨ ਕਰਨ ਦੀਆਂ ਕਾਰਵਾਈਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਸਖ਼ਸੀਅਤ ਦਾ ਬੁੱਤ ਬਣਾਕੇ ਸਨਮਾਨ ਦੇਣਾ ਬੇਸੱਕ ਹੁਕਮਰਾਨ ਅਮਲ ਕਰ ਸਕਦੇ ਹਨ ਪਰ ਕਿਸੇ ਵੱਡੀ ਸਖ਼ਸੀਅਤ ਦਾ ਬੁੱਤ ਉਤਾਰਕੇ ਅਪਮਾਨ ਕਰਨ ਦਾ ਇਖਲਾਕੀ ਤੇ ਕਾਨੂੰਨੀ ਹੱਕ ਹੁਕਮਰਾਨਾਂ ਨੂੰ ਕਦਾਚਿਤ ਨਹੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਿਸ ਮਿਸਟਰ ਕਾਰਬੂਜੀਅਰ ਨੇ ਚੰਡੀਗੜ੍ਹ ਨੂੰ ਆਰਚੀਟੈਕਚ ਕੀਤਾ ਸੀ, ਉਸਦਾ ਬੁੱਤ ਚੰਡੀਗੜ੍ਹ ਵਿਖੇ ਸਨਮਾਨ ਤੇ ਸਤਿਕਾਰ ਸਹਿਤ ਸਥਾਪਿਤ ਹੈ । ਇਸੇ ਤਰ੍ਹਾਂ ਵੱਖ-ਵੱਖ ਸਥਾਨਾਂ ਤੇ ਸਮਾਜ ਵਿਚ ਉਦਮ ਕਰਨ ਵਾਲੀਆ ਸਖ਼ਸੀਅਤਾਂ ਦੇਬੁੱਤ ਲੱਗੇ ਹੋਏ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਪਹਿਲੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲੇ ਕਰਕੇ ਸਿੱਖਾਂ ਦੇ ਧਾਰਮਿਕ ਅਸਥਾਂਨ ਦਾ ਅਪਮਾਨ ਕੀਤਾ । ਫਿਰ ਜੋ ਮੁਸਲਿਮ ਕੌਮ ਦੀ ਵੱਡੀ ਬਾਬਰੀ ਮਸਜਿਦ ਦਾ ਸਥਾਂਨ ਹੈ, ਉਸ ਨੂੰ ਵੀ ਮੰਦਭਾਵਨਾ ਅਧੀਨ ਢਹਿ-ਢੇਰੀ ਕੀਤਾ । ਕਸ਼ਮੀਰ ਤੇ ਹੋਰ ਕਈ ਸੂਬਿਆ ਵਿਚ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਧਾਰਮਿਕ ਸਥਾਨਾਂ ਮਸਜਿਦਾਂ, ਗੁਰੂਘਰਾਂ ਅਤੇ ਚਰਚਾਂ ਆਦਿ ਨੂੰ ਨੁਕਸਾਨ ਪਹੁੰਚਾਉਣਾ ਜਾਂ ਢਹਿ-ਢੇਰੀ ਕਰਨਾ ਮਨੁੱਖਤਾ ਵਿਰੋਧੀ ਅਮਲ ਹਨ । ਜਿਨ੍ਹਾਂ ਨੂੰ ਕਦਾਚਿਤ ਸਹਿਣ ਨਹੀ ਕੀਤਾ ਜਾ ਸਕਦਾ । ਜਿਵੇਕਿ ਗੁਰਦੁਆਰਾ ਮੰਗੂਮੱਠ ਉੜੀਸਾ, ਗੁਰਦੁਆਰਾ ਡਾਗਮਾਰ ਸਿਲੌਗ, ਗੁਰਦੁਆਰਾ ਹਰਿ ਕੀ ਪੌੜੀ ਉਤਰਾਖੰਡ, ਦੱਖਣੀ ਸੂਬਿਆਂ ਵਿਚ ਚਰਚਾਂ ਨੂੰ ਅਗਨ ਭੇਟ ਕੀਤਾ ਗਿਆ ਅਤੇ ਨਨਜਾਂ ਨਾਲ ਬਲਾਤਕਾਰ ਕੀਤੇ ਗਏ ।
ਸ. ਮਾਨ ਨੇ ਕੱਟੜਵਾਦੀ ਮੋਦੀ ਹਕੂਮਤ ਜੋ ਅਜਿਹੇ ਫਿਰਕੂ ਅਤੇ ਅਣਮਨੁੱਖੀ ਅਮਲ ਕਰਦੀ ਆ ਰਹੀ ਹੈ ਅਤੇ ਜੋ ਹੁਣ ਮਿਸਟਰ ਐਡਵਿਨ ਲੂਟੀਅਨ ਦੇ ਬੁੱਤ ਨੂੰ ਅਪਮਾਨਿਤ ਕਰਕੇ ਉਤਾਰਨ ਦੇ ਅਮਲ ਕਰਨ ਜਾ ਰਹੀ ਹੈ, ਉਨ੍ਹਾਂ ਨੂੰ ਸਾਡਾ ਇਹ ਇਨਸਾਨੀਅਤ ਤੇ ਇਖਲਾਕੀ ਪੱਖੀ ਸੁਝਾਅ ਹੈ ਕਿ ਜੇਕਰ ਉਹ ਮਿਸਟਰ ਐਡਵਿਨ ਦੇ ਬੁੱਤ ਨੂੰ ਸਤਿਕਾਰ ਨਹੀ ਦੇ ਸਕਦੇ, ਇਹ ਬੁੱਤ ਸਾਨੂੰ ਦੇ ਦਿੱਤਾ ਜਾਵੇ । ਅਸੀ ਇਸ ਬੁੱਤ ਨੂੰ ਸਤਿਕਾਰ ਸਹਿਤ ਆਪਣੇ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸਥਾਪਿਤ ਕਰਨ ਦੇ ਫਰਜ ਅਦਾ ਕਰ ਸਕਦੇ ਹਾਂ ।