ਸਿਆਸੀ ਪਾਰਟੀਆਂ ਦੇ ਆਗੂ ਸਿਧਾਂਤ ਅਤੇ ਸੋਚ ਤੋ ਹੀਣੇ ਹੋ ਕੇ ਕੇਵਲ ਸਤ੍ਹਾ ਲਈ ਇਖਲਾਕ ਤੋ ਡਿੱਗਕੇ ਕੰਮ ਕਰਨ ਦੇ ਅਮਲ ਅਤਿ ਮੰਦਭਾਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਪੁਰਾਤਨ ਸਮਿਆ ਵਿਚ ਜਦੋ ਰਾਜ ਭਾਗ ਰਾਜਿਆ, ਬਾਦਸ਼ਾਹਾਂ ਦੇ ਅਧੀਨ ਹੁੰਦੇ ਸਨ, ਉਸ ਸਮੇ ਵੀ ਕਈ ਵਾਰ ਇਖਲਾਕ ਤੋ ਡਿਗਕੇ ਅਮਲ ਹੋ ਜਾਂਦੇ ਸਨ । ਪਰ ਉਸ ਵਿਚ ਰਾਜੇ ਮਹਾਰਾਜਿਆ ਦੇ ਔਗੁਣ ਘੱਟ ਲੇਕਿਨ ਉਨ੍ਹਾਂ ਦੇ ਅਹਿਲਕਾਰ, ਵਜੀਰਾਂ ਤੇ ਸਹਿਯੋਗੀਆਂ ਦੇ ਦੋਸ਼ ਹੁੰਦੇ ਸਨ ਜੋ ਅਸਲੀਅਤ ਵਿਚ ਰਾਜਿਆ, ਮਹਾਰਾਜਿਆ ਨੂੰ ਸੱਚ ਤੋ ਦੂਰ ਰੱਖਕੇ ਉਨ੍ਹਾਂ ਤੋ ਗਲਤ ਫੈਸਲੇ ਕਰਵਾ ਲੈਦੇ ਸਨ । ਪਰ ਅਜਿਹਾ ਅਮਲ ਕਦੇ ਕਦਾਏ ਹੀ ਸਾਹਮਣੇ ਆਉਦਾ ਸੀ ਕਿਉਂਕਿ ਰਾਜੇ ਮਹਾਰਾਜੇ ਫੈਸਲਾ ਕਰਦੇ ਸਮੇ ਆਪਣੀ ਸਰ੍ਹਾ ਦੀ ਜਾਣਕਾਰੀ ਰੱਖਣ ਵਾਲੇ ਕਾਜੀਆ, ਮੁੱਲਾ ਜਾਂ ਫਿਰ ਹਿੰਦੂ ਵੈਦ ਗ੍ਰੰਥਾਂ ਦੀ ਜਾਣਕਾਰੀ ਰੱਖਣ ਵਾਲੇ ਉੱਚ ਕੋਟੀ ਦੇ ਬ੍ਰਾਹਮਣਾ ਤੋ ਸਲਾਹ ਲੈਕੇ ਅਮਲ ਕਰਦੇ ਸਨ । ਜਿਸ ਨਾਲ ਫੈਸਲੇ ਹੁੰਦੇ ਸਮੇ ਬਹੁਤ ਹੀ ਘੱਟ ਜਿਆਦਤੀ ਤੇ ਵਿਤਕਰਾ ਹੁੰਦਾ ਸੀ । ਧਾਰਮਿਕ ਅਤੇ ਕੁਦਰਤੀ ਨਿਯਮਾਂ ਤੋ ਸੇਧ ਲਈ ਜਾਂਦੀ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਬੀਤੇ ਕਾਫੀ ਲੰਮੇ ਸਮੇ ਤੋ ਇੰਡੀਆ ਵਿਚ ਰਾਜ ਭਾਗ ਕਰਨ ਵਾਲੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਬਾਦਲ ਦਲੀਆ ਆਦਿ ਹੋਰ ਖੇਤਰੀ ਪਾਰਟੀਆ ਦੇ ਮੋਢੀ ਆਗੂਆ ਦੇ ਇਖਲਾਕ ਤੇ ਅਮਲਾਂ ਵਿਚ ਤੇਜੀ ਨਾਲ ਗਿਰਾਵਟ ਆਉਣ ਦੀ ਬਦੌਲਤ ਹੁਕਮਰਾਨਾਂ ਵੱਲੋ ਨਿਰਪੱਖਤਾ ਤੇ ਬਰਾਬਰਤਾ ਦੀ ਗੱਲ ਕਰਨ ਵਾਲੇ ਇੰਡੀਆ ਵਿਧਾਨ ਦੀਆਂ ਸੈਕੜੇ ਵਾਰ ਤਬਦੀਲੀਆ ਕਰਕੇ ਇਸ ਵਿਧਾਨ ਦੀ ਅਸਲ ਰੂਹ ਨਿਰਪੱਖਤਾ ਤੇ ਬਰਾਬਰਤਾ ਦੀ ਸੋਚ ਦਾ ਭੋਗ ਹੀ ਪਾ ਦਿੱਤਾ ਗਿਆ ਹੈ । ਵਿਧਾਨ, ਕਾਨੂੰਨ, ਜੱਜ ਅਤੇ ਅਦਾਲਤਾਂ ਦੀ ਦੁਰਵਰਤੋ ਆਪਣੇ ਸਿਆਸੀ ਹਿੱਤਾ ਲਈ ਸੁਰੂ ਕਰ ਦਿੱਤੀ ਗਈ ਹੈ । ਕਹਿਣ ਤੋ ਭਾਵ ਹੈ ਕਿ ਜਿਸ ਤੇਜ਼ੀ ਨਾਲ ਮੌਜੂਦਾ ਸਿਆਸਤਦਾਨਾਂ ਦੇ ਇਖਲਾਕ ਵਿਚ ਗਿਰਾਵਟ ਆ ਚੁੱਕੀ ਹੈ ਅਤੇ ਉਹ ਆਪਣੇ ਸਵਾਰਥੀ ਤੇ ਸਿਆਸੀ ਹਿੱਤਾ ਲਈ ਕੁਝ ਵੀ ਕਰਨ ਤੱਕ ਜਾ ਸਕਦੇ ਹਨ, ਤਾਂ ਇਸਦਾ ਅੰਤ ਤਾਂ ਬਹੁਤ ਹੀ ਖੌਫਨਾਕ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ । ਇਸ ਲਈ ਸਮੁੱਚੀਆ ਸਿਆਸੀ ਜਮਾਤਾਂ, ਉਨ੍ਹਾਂ ਦੇ ਆਗੂਆ ਨੂੰ ਆਉਣ ਵਾਲੀ ਪਨੀਰੀ ਦੇ ਉੱਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਲਈ ਅਤੇ ਧਾਰਮਿਕ ਤੇ ਵਿਧਾਨਿਕ ਲੀਹਾਂ ਉਤੇ ਸਹੀ ਅਮਲ ਹੋਣ ਲਈ ਇਹ ਜਰੂਰੀ ਹੈ ਕਿ ਸਭ ਕੌਮਾਂ ਵਰਗਾਂ ਵਿਚ ਵਿਚਰਣ ਵਾਲੇ ਲਿਆਕਤਮੰਦ, ਬੁੱਧੀਜੀਵੀ ਅਤੇ ਸਹੀ ਸੋਚ ਰੱਖਣ ਵਾਲੇ ਸਿਆਸਤਦਾਨ ਸਮੂਹਿਕ ਰੂਪ ਵਿਚ ਸਹੀ ਦਿਸ਼ਾ ਵੱਲ ਅਮਲ ਕਰ ਸਕਣਗੇ ਤਦ ਹੀ ਆਉਣ ਵਾਲੇ ਸਮਾਜ ਦੀ ਸਹੀ ਬਣਤਰ ਬਣ ਸਕੇਗੀ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਰਾਜੇ-ਮਹਾਰਾਜਿਆ ਦੇ ਸਮੇ ਚੱਲਣ ਵਾਲੇ ਰਾਜ ਪ੍ਰਬੰਧਾਂ ਅਤੇ ਮੌਜੂਦਾ ਸਮੇ ਇਖਲਾਕ ਤੋ ਡਿੱਗ ਚੁੱਕੇ ਸਿਆਸਤਦਾਨਾਂ ਤੇ ਆਗੂਆ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਆਉਣ ਵਾਲੇ ਸਮੇ ਦੀ ਖਤਰਨਾਕ ਤਸਵੀਰ ਦਾ ਵਿਖਿਆਣ ਕਰਕੇ ਸਮੁੱਚੇ ਬੁੱਧੀਜੀਵੀਆਂ ਤੇ ਵਿਦਵਾਨਾਂ ਨੂੰ ਸਹੀ ਸਮੇ ਤੇ ਸਹੀ ਅਮਲ ਕਰਕੇ ਗੰਧਲੀ ਅਤੇ ਦਿਸ਼ਾਹੀਣ ਹੋਈ ਸਿਆਸਤ ਨੂੰ ਸਹੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨ ਤੇ ਸਿਆਸਤਦਾਨ ਲੰਮੇ ਸਮੇ ਤੋ ਇਨਸਾਫ਼ ਦੇ ਤਕਾਜੇ ਉਤੇ ਪਰਦਾ ਪਾ ਕੇ ਕੇਵਲ ਤੇ ਕੇਵਲ ਆਪਣੇ ਧੜੇ ਤੇ ਆਗੂਆ ਨੂੰ ਸਿਆਸੀ ਤੌਰ ਤੇ ਜੀਵਤ ਰੱਖਣ ਲਈ ਸਭ ਕਾਇਦੇ-ਕਾਨੂੰਨ, ਨਿਯਮ, ਸਿਧਾਤਾਂ ਨੂੰ ਛਿੱਕੇ ਟੰਗਕੇ ਅਮਲ ਕਰਦੇ ਆ ਰਹੇ ਹਨ । ਇਥੋ ਤੱਕ ਕਿ ਵਿਰੋਧੀ ਜਮਾਤਾਂ ਦੇ ਇਖਲਾਕੀ ਆਗੂਆ ਨੂੰ ਆਪਣੇ ਨੇਕ ਕੰਮਾਂ ਤੋ ਉਤਸਾਹਿਤ ਕਰਨ ਦੀ ਬਜਾਇ ਨਿਰਉਤਸਾਹਿਤ ਕਰਕੇ ਹਰ ਤਰ੍ਹਾਂ ਦੇ ਅਜਿਹੇ ਹੱਥਕੰਡੇ ਅਪਣਾ ਰਹੇ ਹਨ ਜਿਸ ਨਾਲ ਸਾਡੀ ਮੁਲਕ ਦੀ ਆਉਣ ਵਾਲੀ ਪਨੀਰੀ ਨੂੰ ਕੋਈ ਸਹੀ ਦਿਸ਼ਾ ਵੱਲ ਸੇਧ ਹੀ ਨਾ ਮਿਲੇ । ਇਕ ਦੂਸਰੇ ਦੀ ਕਿਰਦਾਰਕੁਸੀ ਕਰਨੀ ਇਥੋ ਤੱਕ ਸੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਦੇ ਬੱਚਿਆਂ, ਪਰਿਵਾਰਾਂ ਨੂੰ ਵੀ ਨਿਸਾਨਾਂ ਬਣਾਕੇ ਘਟੀਆ ਸਿਆਸਤਦਾਨ ਹੋਣ ਨੂੰ ਪ੍ਰਤੱਖ ਕਰ ਰਹੇ ਹਨ । ਇੰਡੀਆ ਤੇ ਉਸਦੇ ਸੂਬਿਆ ਦੀ ਸਿਆਸਤ ਵਿਚ ਇਖਲਾਕੀ ਗੁਣਾਂ ਨਾਲ ਭਰਪੂਰ ਸਖਸੀਅਤਾਂ ਦਾ ਸਿਆਸਤ ਤੋ ਦੂਰ ਰਹਿਣ ਦੀ ਬਦੌਲਤ ਸਭ ਪਾਸੇ ਅਫਰਾ ਤਰਫੀ, ਅਨਿਯਾ, ਜ਼ਬਰ ਦਾ ਬੋਲਬਾਲਾ ਹੋ ਰਿਹਾ ਹੈ । ਵਿਰੋਧੀਆ ਦੇ ਕਤਲ ਕੀਤੇ ਜਾ ਰਹੇ ਹਨ । ਮੁਲਕ ਅਤੇ ਸੂਬਿਆ ਦੀਆਂ ਜਾਇਦਾਦਾਂ ਜਿਸਦੇ ਮਾਲਕ ਅਸਲ ਵਿਚ ਇਥੋ ਦੇ ਨਿਵਾਸੀ ਹਨ, ਉਨ੍ਹਾਂ ਨੂੰ ਲੁੱਟਿਆ ਤੇ ਵੇਚਿਆ ਜਾ ਰਿਹਾ ਹੈ । ਧੋਖੇ-ਫਰੇਬ ਜਾਰੀ ਹਨ । ਜੇਕਰ ਇਸ ਮੰਦਭਾਗੇ ਵਰਤਾਰੇ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਰੋਕਣ ਦੀ ਅੱਛੀਆ ਸਖਸੀਅਤਾਂ ਵੱਲੋ ਉਦਮ ਨਾ ਕੀਤਾ ਗਿਆ, ਤਾਂ ਇਸਦੇ ਨਤੀਜੇ ਸਾਡੀਆ ਆਉਣ ਵਾਲੀਆ ਨਸ਼ਲਾਂ ਲਈ ਅਤੇ ਇਥੋ ਦੇ ਨਿਜਾਮੀ ਪ੍ਰਬੰਧ ਲਈ ਹੋਰ ਵੀ ਘਾਤਕ ਸਾਬਤ ਹੋਣਗੇ । ਇਸ ਲਈ ਹਰ ਧਰਮ, ਕੌਮ ਵਿਚ ਵਿਚਰਣ ਵਾਲੀਆ ਉਨ੍ਹਾਂ ਸਖਸੀਅਤਾਂ ਜੋ ਅਕਸਰ ਹੀ ਕਿਸੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿਚ ਯੋਗਦਾਨ ਪਾਉਦੀਆ ਹਨ ਉਨ੍ਹਾਂ ਨੂੰ ਸਮੂਹਿਕ ਤੌਰ ਤੇ ਉਦਮ ਕਰਨਗੇ ਪੈਣਗੇ ਤਾਂ ਕਿ ਸਾਡੀਆ ਆਉਣ ਵਾਲੀਆ ਨਸਲਾਂ, ਸਿਆਸਤਦਾਨਾਂ, ਨੌਜਵਾਨੀ ਦਾ ਕਿਰਦਾਰ ਉੱਚਾ-ਸੁੱਚਾ ਕਾਇਮ ਰਹਿ ਸਕੇ ਅਤੇ ਸਾਡੇ ਇਸ ਉੱਚੇ ਸੁੱਚੇ ਇਖਲਾਕ ਦੀ ਬਦੌਲਤ ਇਥੋ ਦਾ ਨਿਜਾਮੀ ਪ੍ਰਬੰਧ ਸਮੁੱਚੇ ਸੰਸਾਰ ਨਿਵਾਸੀਆ ਨੂੰ ਸਹੀ ਅਗਵਾਈ ਦੇ ਸਕੇ ।