ਇੰਡੀਆਂ ਦੇ ਹੁਕਮਰਾਨ ਆਰਮੀ ਵਿਚ ਸਿੱਖਾਂ ਦੀ ਭਰਤੀ ਅੰਗਰੇਜ ਹਕੂਮਤ ਦੀ ਤਰ੍ਹਾਂ 33% ਕਰਨ ਦੇ ਫੌਰੀ ਅਮਲ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਬਾਬਰ ਵਰਗੇ ਜਾਬਰ ਜਾਲਮ ਹੁਕਮਰਾਨਾਂ ਨੂੰ ਗੁਰੂ ਨਾਨਕ ਸਾਹਿਬ ਨੇ ‘ਰਾਜੇ ਸੀਂਹ ਮੁਕੱਦਮ ਕੁੱਤੇ’ ਕਹਿਕੇ ਹੋ ਰਹੇ ਜ਼ਬਰ ਜੁਲਮ ਦੀ ਸਖਤ ਨਿੰਦਾ ਵੀ ਕੀਤੀ ਅਤੇ ਗੁਰੂ ਸਾਹਿਬਾਨ ਇਸ ਜ਼ਬਰ ਵਿਰੁੱਧ ਨਿਰੰਤਰ ਆਵਾਜ ਉਠਾਉਦੇ ਰਹੇ । ਇਸ ਤੋ ਇਲਾਵਾ ਨਾਦਰਸ਼ਾਹ, ਅਹਿਮਦਸਾਹ ਅਬਦਾਲੀ, ਮੱਸਾਰੰਘੜ, ਤੈਮੂਰ, ਚੰਗੇਜ ਖਾਂ ਵਰਗੇ ਜਾਲਮਾਂ ਵਿਰੁੱਧ ਸਿੱਖ ਕੌਮ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਜੰਗਾਂ ਲੜਕੇ ਸੱਚ ਦੀ ਫਤਹਿ ਪ੍ਰਾਪਤ ਕਰਦੀ ਰਹੀ । ਇਸ ਤੋ ਇਲਾਵਾ ਸਿੱਖ ਰੈਜਮੈਟ ਸਰਹੱਦਾਂ ਤੇ ਹਮੇਸ਼ਾਂ ਦੁਸਮਣ ਨਾਲ ਲੋਹਾ ਲੈਕੇ ਸਾਨਦਾਰ ਫਤਹਿ ਪ੍ਰਾਪਤ ਕਰਦੀ ਰਹੀ ਹੈ । ਸਿੱਖ ਰੈਜਮੈਟ ਤੇ ਉਸਦੇ ਜਰਨੈਲਾਂ ਦੇ ਵੱਡੇ ਸਨਮਾਨਾਂ ਨਾਲ ਸਿੱਖ ਇਤਿਹਾਸ ਦੇ ਪੰਨੇ ਭਰੇ ਪਏ ਹਨ । ਇੰਡੀਆ ਦੀ ਕੋਈ ਵੀ ਜੰਗ ਸਿੱਖ ਰੈਜਮੈਟ ਤੋ ਬਿਨ੍ਹਾਂ ਕਦੇ ਫਤਹਿ ਨਹੀ ਹੋਈ । ਸਿੱਖਾਂ ਨੇ ਲਦਾਖ ਵਰਗੇ ਤੇ ਕਸਮੀਰ ਵਰਗੇ ਅਫਗਾਨੀਸਤਾਨ ਦੇ ਸੂਬਿਆ ਉਤੇ ਵੀ ਫਤਹਿ ਪ੍ਰਾਪਤ ਕੀਤੀ । ਜਿਸ ਉਤੇ ਰੂਸ ਅਤੇ ਅਮਰੀਕਾ ਦੀਆਂ ਫ਼ੌਜਾਂ ਵੀ ਕਦੇ ਫਤਹਿ ਪ੍ਰਾਪਤ ਨਹੀ ਕਰ ਸਕੀਆ । ਇਹੀ ਵਜਹ ਹੈ ਕਿ ਅੰਗਰੇਜ਼ਾਂ ਨੇ ਆਰਮੀ, ਨੇਵੀ, ਏਅਰਫੋਰਸ ਵਿਚ ਸਿੱਖਾਂ ਦੀ 33% ਭਰਤੀ ਦਾ ਕੋਟਾ ਉਨ੍ਹਾਂ ਦੇ ਬਹਾਦਰਨੁਮਾ ਫਖਰ ਵਾਲੇ ਕਾਰਨਾਮਿਆ ਦੀ ਬਦੌਲਤ ਤਹਿ ਕੀਤਾ ਸੀ । ਲੇਕਿਨ ਮੁਲਕ ਦੀ ਵੰਡ ਹੋਣ ਉਪਰੰਤ ਇਹ ਕੋਟਾ ਕੁਝ ਸਮਾਂ ਬਰਕਰਾਰ ਚੱਲਦਾ ਰਿਹਾ । ਪਰ ਹੌਲੀ ਹੌਲੀ ਹਿੰਦੂਤਵ ਹੁਕਮਰਾਨਾਂ ਨੇ ਸਾਡੀ ਭਰਤੀ ਦਾ ਕੋਟਾ ਘਟਾਕੇ 2% ਨਾਮਾਤਰ ਕਰ ਦਿੱਤਾ । ਜਿਸ ਨਾਲ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਰੋਹ ਤੇ ਨਫਰਤ ਵੱਧ ਰਹੀ ਹੈ । ਇਸ ਲਈ ਸਮੁੱਚੀ ਸਥਿਤੀ ਅਤੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਬਹਾਲ ਰੱਖਣ ਲਈ ਇਹ ਜਰੂਰੀ ਹੈ ਕਿ ਹੁਕਮਰਾਨ ਤੁਰੰਤ ਆਰਮੀ ਵਿਚ ਸਿੱਖ ਕੌਮ ਦੀ ਭਰਤੀ ਦਾ ਪੁਰਾਤਨ 33% ਕੋਟਾ ਬਹਾਲ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਆਰਮੀ ਵਿਚ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲੋ ਸਿੱਖਾਂ ਦੀ ਭਰਤੀ ਦਾ ਤਹਿਸੁਦਾ 33% ਕੋਟਾ ਘਟਾਕੇ 2% ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਪੁਰਾਤਨ ਕੋਟੇ ਨੂੰ ਤੁਰੰਤ ਬਹਾਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਗੁਆਢੀ ਮੁਲਕ ਪਾਕਿਸਤਾਨ ਹਕੂਮਤ ਨੇ ਆਰਮੀ ਵਿਚ ਸਿੱਖ ਫੌਜੀਆਂ ਤੇ ਅਫਸਰਾਂ ਦੀ ਭਰਤੀ ਖੋਲ੍ਹਕੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਸਨਮਾਨ ਦੇਣ ਵਿਚ ਵਾਧਾ ਕੀਤਾ ਜਾ ਰਿਹਾ ਹੈ, ਤਾਂ ਇਸ ਨਾਲ ਕੌਮਾਂਤਰੀ ਪੱਧਰ ਤੇ ਇੰਡੀਆ, ਪਾਕਿਸਤਾਨ ਦੇ ਸੰਬੰਧਾਂ ਵਿਚ ਵੀ ਵੱਡੀ ਤਬਦੀਲੀ ਆਈ ਹੈ । ਇਸ ਲਈ ਹੁਕਮਰਾਨਾਂ ਵੱਲੋ ਦੂਸਰੇ ਮੁਲਕਾਂ ਵਿਚ ਵੱਸਣ ਵਾਲੇ ਉਨ੍ਹਾਂ ਸਿੱਖਾਂ ਜੋ ਕੌਮਾਂਤਰੀ ਕਾਨੂੰਨਾਂ ਅਧੀਨ ਆਜਾਦੀ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦਾ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਤਰੀਕੇ ਨਾਲ ਕੀਤੇ ਜਾ ਰਹੇ ਕਤਲੇਆਮ ਦੇ ਅਮਲਾਂ ਨਾਲ ਵੱਡੀ ਬਦਨਾਮੀ ਹੋ ਰਹੀ ਹੈ । ਦੂਸਰਾ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਪਾਕਿਸਤਾਨ ਵਿਚ ਕੀਤੇ ਗਏ ਇਨ੍ਹਾਂ ਕਤਲਾਂ ਦੀ ਬਦੌਲਤ ਉਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਚੁਣੋਤੀ ਦੇਣ ਦੇ ਅਮਲ ਕਦੀ ਵੀ ਇੰਡੀਆ ਲਈ ਸਾਰਥਿਕ ਨਹੀ ਹੋ ਸਕਦੇ । ਇਸ ਲਈ ਇੰਡੀਆ ਦੇ ਹੁਕਮਰਾਨ ਜਿਥੇ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਮੰਦਭਾਵਨਾ ਅਧੀਨ ਸਿੱਖਾਂ ਦੇ ਕੀਤੇ ਜਾ ਰਹੇ ਗੈਰ ਕਾਨੂੰਨੀ ਕਤਲਾਂ ਤੋ ਤੁਰੰਤ ਤੋਬਾ ਕਰਨ ਉਥੇ ਸਿੱਖ ਮਨਾਂ ਵਿਚ ਹੁਕਮਰਾਨਾਂ ਵਿਰੁੱਧ ਉੱਠੇ ਰੋਹ ਨੂੰ ਸ਼ਾਂਤ ਕਰਨ ਲਈ ਇੰਡੀਅਨ ਆਰਮੀ ਵਿਚ ਸਾਡੀ ਸਿੱਖ ਕੌਮ ਦੀ ਭਰਤੀ ਦੇ 33% ਕੋਟੇ ਨੂੰ ਬਹਾਲ ਕਰਨ ਦੇ ਅਮਲ ਕਰਨ ।