ਕੌਮਾਂਤਰੀ ਪੱਧਰ ਤੇ ਹੋਏ ਸਿੱਖਾਂ ਦੇ ਕਤਲਾਂ ਨੂੰ ਅਮਰੀਕਾ, ਇੰਡੀਆ ਨਾਲ ਵਪਾਰਕ ਸਮਝੌਤੇ ਕਰਕੇ ਭੇਂਟ ਨਾ ਚੜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਨਿਖਿਲ ਗੁਪਤਾ ਨੇ ਸਾਰਾ ਕੁਝ ਆਪਣੇ ਬਿਆਨ ਵਿਚ ਇਕਬਾਲ ਕਰ ਲਿਆ ਹੈ ਕਿ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਨਾਲ-ਨਾਲ, ਹਰਦੀਪ ਸਿੰਘ ਨਿੱਝਰ ਅਤੇ ਹੋਰਨਾਂ ਨੂੰ ਮਾਰਨ ਦੀ ਵੀ ਸਾਨੂੰ ਜਿ਼ੰਮੇਵਾਰੀ ਸੌਪੀ ਗਈ ਸੀ । ਜਿਸ ਤੋ ਕੌਮਾਂਤਰੀ ਪੱਧਰ ਤੇ ਪ੍ਰਤੱਖ ਹੋ ਚੁੱਕਾ ਹੈ ਕਿ ਇੰਡੀਅਨ ਹੁਕਮਰਾਨਾਂ ਜਿਨ੍ਹਾਂ ਵਿਚ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਕਾਤਲ ਜੂੰਡਲੀ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਵਿਚ ਕਤਲ ਕਰਵਾਏ ਹਨ । ਇਸ ਤੋ ਇਲਾਵਾ ਸ. ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਕੋਸਿਸ ਕੀਤੀ ਗਈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਉਪਰੋਕਤ ਇੰਡੀਅਨ ਹੁਕਮਰਾਨਾਂ ਨੇ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਤੇ ਇੰਡੀਆ ਵਿਚ ਕਤਲ ਕਰਵਾਏ ਹਨ, ਉਨ੍ਹਾਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਬਣਦੀਆਂ ਸਜਾਵਾਂ ਦੇਣੀਆ ਬਣਦੀਆ ਹਨ, ਹੁਣ ਅਮਰੀਕਾ ਆਪਣੇ ਇੰਡੀਆ ਨਾਲ ਵਪਾਰਕ ਸਮਝੌਤਿਆ ਨੂੰ ਪ੍ਰਫੁੱਲਿਤ ਕਰਨ ਹਿੱਤ ਜਿਸ ਵਿਚ ਖੇਤੀਬਾੜੀ ਨਾਲ ਸੰਬੰਧਤ ਵਸਤਾਂ ਦੇ ਵਪਾਰ ਨੂੰ ਕਰਨਾ ਵੀ ਹੈ, ਉਸਨੂੰ ਇੰਡੀਆ ਤੋ ਪ੍ਰਵਾਨ ਕਰਵਾਕੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਦੇ ਗੰਭੀਰ ਮਾਮਲੇ ਨੂੰ ‘ਵਪਾਰਕ ਸਮਝੋਤਿਆ’ ਭੇਂਟ ਨਾ ਚੜਾਵੇ । ਬਲਕਿ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੌਮਾਂਤਰੀ ਅਦਾਲਤਾਂ ਵਿਚ ਇਨ੍ਹਾਂ ਕਾਤਲਾਂ ਨੂੰ ਖੜਾ ਕਰਕੇ ਕਾਨੂੰਨੀ ਸਜ਼ਾਵਾਂ ਦੇਣ ਦੀਆਂ ਜਿ਼ੰਮੇਵਾਰੀਆ ਨੂੰ ਪਹਿਲ ਦੇ ਆਧਾਰ ਤੇ ਪੂਰਨ ਕੀਤਾ ਜਾਵੇ । ਕਿਉਂਕਿ ਵਪਾਰਕ ਸਮਝੋਤਿਆ ਦੇ ਬਿਨ੍ਹਾਂ ਤੇ ਅਣਮਨੁੱਖੀ ਢੰਗ ਨਾਲ ਸਿੱਖਾਂ ਦੇ ਕਤਲ ਕਰਨ ਵਾਲੇ ਕਾਤਲਾਂ ਨੂੰ ਕਿਸੇ ਤਰ੍ਹਾਂ ਦੀ ਵੀ ਛੋਟ ਨਹੀ ਦਿੱਤੀ ਜਾ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਇੰਡੀਆ ਨਾਲ ਹਰ ਖੇਤਰ ਵਿਚ ਹੋਣ ਵਾਲੇ ਵਪਾਰਕ ਸਮਝੋਤਿਆ ਦੇ ਬਿਨ੍ਹਾਂ ਤੇ ਸਿੱਖਾਂ ਨੂੰ ਕਤਲ ਕਰਨ ਵਾਲੀ ਉਪਰੋਕਤ ਇੰਡੀਅਨ ਹੁਕਮਰਾਨਾਂ ਦੀ ਜੂੰਡਲੀ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੇਣ ਜਾਂ ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦਿਵਾਉਣ ਵਿਚ ਕਿਸੇ ਤਰ੍ਹਾਂ ਦੀ ਢਿੱਲ ਦੇਣ ਦੇ ਹੋ ਰਹੇ ਅਮਲਾਂ ਨੂੰ ਕੌਮਾਂਤਰੀ ਇਨਸਾਫ਼ ਉਤੇ ਡੂੰਘਾ ਕਾਲਾ ਪ੍ਰਸ਼ਨ ਲੱਗਣ ਦੀ ਗੱਲ ਕਰਦੇ ਹੋਏ ਅਤੇ ਅਮਰੀਕਾ ਨੂੰ ਇਨ੍ਹਾਂ ਕਾਤਲਾਂ ਨੂੰ ਸਹੀ ਢੰਗ ਨਾਲ ਸਹੀ ਸਮੇ ਤੇ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।