ਨਿਊਜੀਲੈਡ ਵਿਚ ਨਗਰ ਕੀਰਤਨ ਦੌਰਾਨ ਰੁਕਾਵਟ ਪਾਉਣ ਦੇ ਮੁੱਦੇ ਉਤੇ ਨਿਊਜੀਲੈਡ ਸਰਕਾਰ ਨਾਲ ਰਾਬਤਾ ਕਾਇਮ ਕਰਨਾ ਦਰੁਸਤ : ਮਾਨ
ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਜੋ ਬੀਤੇ ਸਮੇ ਵਿਚ ਦਾ ਪੈਟਰੀਆਟਰਸ ਆਫ਼ ਨਿਊਜੀਲੈਡ ਦੇ ਡੈਸਟਨੀ ਚਰਚ ਨਾਲ ਸੰਬੰਧਤ ਵਰਗ ਵੱਲੋਂ, ਸਿੱਖ ਕੌਮ ਵੱਲੋ ਆਪਣੇ ਗੁਰਪੁਰਬਾਂ ਉਤੇ ਕੱਢਣ ਵਾਲੇ ਨਗਰ ਕੀਰਤਨਾਂ ਵਿਚ ਜੋ ਦੋ ਵਾਰੀ ਰੁਕਾਵਟ ਪਾਉਣ ਦੀ ਕੋਸਿਸ ਕੀਤੀ ਗਈ ਹੈ, ਉਸਨੂੰ ਇੰਡੀਅਨ ਹੁਕਮਰਾਨਾਂ ਵੱਲੋ ਆਪਣੇ ਨਿਵਾਸੀਆਂ ਦੀਆਂ ਭਾਵਨਾਵਾ ਨੂੰ ਸੱਟ ਮਾਰਨਾ ਮਹਿਸੂਸ ਕਰਕੇ ਜੋ ਨਿਊਜੀਲੈਡ ਹਕੂਮਤ ਨਾਲ ਆਪਣੀ ਵਲਿੰਗਟਨ ਸਥਿਤ ਅੰਬੈਸੀ ਰਾਹੀ ਰਾਬਤਾ ਕਾਇਮ ਕਰਕੇ ਇਸ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਨ ਅਤੇ ਸਿੱਖ ਕੌਮ ਨੂੰ ਨਿਰੰਤਰ ਰੂਪ ਵਿਚ ਆਪਣੇ ਨਿਰਵਿਘਨ ਨਗਰ ਕੀਰਤਨ ਅਤੇ ਸਿੱਖੀ ਰਵਾਇਤਾ ਅਨੁਸਾਰ ਅਮਲ ਕਰਨ ਦਾ ਉਚੇਚੇ ਤੌਰ ਤੇ ਪ੍ਰਬੰਧ ਕਰਨ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ ਇਹ ਅਮਲ ਇੰਡੀਆਂ ਵਿਚ ਸਭ ਕੌਮਾਂ, ਵਰਗਾਂ ਵਿਚ ਆਪਸੀ ਭਾਈਚਾਰਾਂ ਕਾਇਮ ਰੱਖਣ ਅਤੇ ਆਪਣੇ ਨਿਵਾਸੀਆ ਦੇ ਹੱਕਾਂ ਦੀ ਦੂਸਰੇ ਮੁਲਕਾਂ ਵਿਚ ਰੱਖਿਆ ਕਰਨ ਦੇ ਸਹੀ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਆਪਣੀ ਵਲਿੰਗਟਨ ਸਥਿਤ ਅੰਬੈਸੀ ਰਾਹੀ ਨਿਊਜੀਲੈਡ ਸਰਕਾਰ ਨਾਲ ਉਥੇ ਸਿੱਖਾਂ ਵੱਲੋ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਵਿਚ ਇਕ ਵਰਗ ਵੱਲੋ ਰੁਕਾਵਟ ਪਾਉਣ ਦੇ ਹੋ ਰਹੇ ਅਮਲਾਂ ਨੂੰ ਸਹੀ ਕਰਨ ਦੀ ਕਾਰਵਾਈ ਨੂੰ ਦਰੁਸਤ ਕਰਾਰ ਦਿੰਦੇ ਹੋਏ ਅਤੇ ਇਸ ਅਮਲ ਨਾਲ ਆਪਸੀ ਭਾਈਚਾਰੇ ਦੇ ਪਿਆਰ ਮੁਹੱਬਤ ਨੂੰ ਕਾਇਮ ਰੱਖਣ ਦਾ ਯਤਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਹੁਕਮਰਾਨਾਂ ਦੇ ਦੇਵੀ ਦੇਵਤਿਆ ਨੇ ਵੀ ਇਨ੍ਹਾਂ ਨੂੰ ਇਸ ਇਨਸਾਨੀਅਤ ਵਾਲੇ ਵਿਸੇ ਉਤੇ ਕੋਈ ਆਤਮਿਕ ਤੌਰ ਤੇ ਚੰਗਾਂ ਸੰਦੇਸ ਦਿੱਤਾ ਹੋਵੇ ਜਿਸਦੀ ਵਜਹ ਨਾਲ ਹੁਕਮਰਾਨਾਂ ਦੇ ਮਨ ਆਤਮਾ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਲੰਮੇ ਸਮੇ ਤੋ ਪੈਦਾ ਹੋ ਚੁੱਕੀ ਨਫਰਤ ਨੂੰ ਦੂਰ ਕਰਕੇ ਇਹ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਦੇ ਅਮਲ ਕਰ ਰਹੇ ਹਨ । ਅਜਿਹੇ ਅਮਲਾਂ ਦੀ ਬਦੌਲਤ ਹੀ ਇੰਡੀਆਂ ਵਿਚ ਵੱਖ-ਵੱਖ ਕੌਮਾਂ ਤੇ ਧਰਮਾਂ ਦੀ ਆਪਸੀ ਸਾਂਝ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਇੰਡੀਆ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਲਾਹੇਵੰਦ ਹੋ ਸਕੇਗਾ ।