ਸਾਡੇ ਪੰਜਾਬ ਦੀਆਂ ਗਰੀਬ ਤੇ ਮਜਲੂਮ ਬੀਬੀਆਂ ਅਤੇ ਪਰਿਵਾਰਾਂ ਦੀ ਮਾਲੀ ਹਾਲਤ ਅਤੇ ਜੀਵਨ ਪੱਧਰ ਅਤਿ ਚਿੰਤਾਜਨਕ, ਸਰਕਾਰ ਫੌਰੀ ਇਹ ਇਸ ਦਿਸ਼ਾ ਵੱਲ ਅਮਲ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ) “ਅੱਜ ਮੈਂ ਖੰਨਾ, ਪਾਇਲ ਦੇ ਇਲਾਕੇ ਦਾ ਨਿੱਜੀ ਤੌਰ ਤੇ ਲੋਕਾਂ ਦੀ ਹਾਲਤ ਨੂੰ ਜਾਨਣ ਹਿੱਤ ਦੌਰਾਂ ਕੀਤਾ । ਇਨ੍ਹਾਂ ਪਿੰਡਾਂ ਵਿਚ ਅਤੇ ਵਿਸੇਸ ਤੌਰ ਤੇ ਖੰਨਾ ਆਨਾਜ ਮੰਡੀ ਵਿਚ ਕਾਫੀ ਦੇਰ ਘੁੰਮ ਫਿਰਕੇ ਮਜਦੂਰਾਂ, ਬੀਬੀਆਂ ਤੇ ਗਰੀਬ ਵਰਗ ਦੇ ਪਰਿਵਾਰਾਂ ਦੇ ਰਹਿਣ ਸਹਿਣ ਦੀ ਜਾਣਕਾਰੀ ਲਈ ਮੈਨੂੰ ਇਹ ਦੇਖਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਖੰਨਾ ਮੰਡੀ ਵਿਚ ਆਪਣੇ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲਈ ਮਿਹਨਤ ਕਰਨ ਵਾਲੀਆ ਗਰੀਬ ਬੀਬੀਆਂ ਘਾਹ, ਲੱਕੜਾਂ ਅਤੇ ਹੋਰ ਸਮਾਨ ਆਪਣੇ ਸਿਰਾ ਤੇ ਚੁੱਕ ਕੇ ਖੰਨਾ ਬਜਾਰ ਵਿਚ ਵੇਚਣ ਲਈ ਜਾ ਰਹੀਆ ਸਨ । ਜਿਨ੍ਹਾਂ ਨੇ ਇਹ ਲੱਕੜਾਂ ਤੇ ਘਾਹ ਵੇਚਕੇ ਉਸ ਮਿਲੀ ਆਮਦਨ ਰਾਹੀ ਸ਼ਾਮ ਨੂੰ ਆਪਣੇ ਘਰ ਦਾ ਚੁੱਲਾ ਗਰਮ ਕਰਨਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦੀ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰਨਾ ਹੈ । ਇਹ ਕੇਵਲ ਖੰਨਾ ਮੰਡੀ ਜਾਂ ਇਲਾਕੇ ਦੇ ਪਿੰਡਾਂ ਦੀ ਹੀ ਸਥਿਤੀ ਨਹੀ ਬਲਕਿ ਸਮੁੱਚੇ ਪੰਜਾਬ ਵਿਚ ਵੱਸਣ ਵਾਲੇ ਗਰੀਬ, ਮਜਲੂਮ, ਲਤਾੜੇ ਵਰਗਾਂ ਦੀ ਔਖੀ ਭਰੀ ਜਿੰਦਗੀ ਦੇ ਸੱਚ ਨੂੰ ਖੁਦ ਬਿਆਨ ਕਰਦੀ ਹੈ । ਜਦੋਕਿ ਦੂਜੇ ਪਾਸੇ ਇੰਡੀਆਂ ਦੀ ਮੋਦੀ ਹਕੂਮਤ ਅਤੇ ਪੰਜਾਬ ਸੂਬੇ ਦੀ ਭਗਵੰਤ ਮਾਨ ਹਕੂਮਤ ਮੀਡੀਏ, ਅਖਬਾਰਾਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀ ਨਿੱਤ ਦਿਹਾੜੇ ਇੰਡੀਆਂ ਤੇ ਪੰਜਾਬ ਸੂਬੇ ਦੀ ਤਰੱਕੀ ਦੇ ਦਾਅਵੇ ਤੇ ਪ੍ਰਚਾਰ ਕਰਦੇ ਨਜਰ ਆ ਰਹੇ ਹਨ ਅਤੇ ਇਨ੍ਹਾਂ ਪ੍ਰਚਾਰ ਸਾਧਨਾਂ ਰਾਹੀ ਇਥੋ ਦੇ ਮਾਲੀ ਹਾਲਤ ਤੇ ਵਿਕਾਸ ਬਾਰੇ ਇਥੋ ਦੇ” ਨਿਵਾਸੀਆਂ ਨੂੰ ਗੁੰਮਰਾਹ ਕਰਨ ਦੀਆਂ ਕਾਰਵਾਈਆ ਕਰ ਰਹੇ ਹਨ । ਜੋ ਕਿ ਦੋਵਾਂ ਸਰਕਾਰਾਂ ਵੱਲੋ ਆਪਣੀਆ ਜਿੰਮੇਵਾਰੀਆਂ ਨੂੰ ਪਿੱਠ ਦੇਣ ਵਾਲੀ ਅਤੇ ਮਜਲੂਮਾਂ ਤੇ ਗਰੀਬਾਂ ਦੇ ਪਰਿਵਾਰਾਂ ਬਾਰੇ ਕੋਈ ਵੀ ਅਮਲ ਨਾ ਹੋਣ ਦੀ ਗੱਲ ਜਾਹਰ ਕਰਦੀ ਹੈ ਕਿ ਇਨ੍ਹਾਂ ਨਿਵਾਸੀਆ ਦੀ ਅਸਲ ਜਿੰਦਗੀ ਕੁਝ ਹੋਰ ਹੈ ਅਤੇ ਹੁਕਮਰਾਨਾਂ ਵੱਲੋ ਪੇਸ ਹੋਰ ਕੀਤੀ ਜਾ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਿੰਡਾਂ ਵਿਚ ਵੱਸਣ ਵਾਲੇ ਗਰੀਬ, ਮਜਲੂਮ, ਦਲਿਤ ਪਰਿਵਾਰਾਂ ਨਾਲ ਹਰ ਖੇਤਰ ਵਿਚ ਹੋ ਰਹੀ ਬੇਇਨਸਾਫ਼ੀ ਅਤੇ ਸਰਕਾਰਾਂ ਵੱਲੋ ਉਨ੍ਹਾਂ ਦੇ ਜੀਵਨ ਪੱਧਰ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਤੇ ਸਿਹਤ ਵੱਲ ਕਿਸੇ ਤਰ੍ਹਾਂ ਵੀ ਸੰਜੀਦਗੀ ਨਾਲ ਧਿਆਨ ਨਾ ਦੇਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ, ਸੈਟਰ ਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਨੂੰ ਅਜਿਹੇ ਵਰਗਾਂ ਲਈ ਅਮਲੀ ਰੂਪ ਵਿਚ ਉਦਮ ਕਰਕੇ ਉਨ੍ਹਾਂ ਨੂੰ ਦੋ ਸਮੇ ਦੀ ਸਹੀ ਢੰਗ ਨਾਲ ਰੋਜੀ ਰੋਟੀ ਪ੍ਰਦਾਨ ਕਰਨ, ਉਨ੍ਹਾਂ ਦੇ ਬੱਚਿਆਂ ਦੀ ਉੱਚ ਤਾਲੀਮ ਅਤੇ ਸਿਹਤਯਾਬੀ ਲਈ ਨਵੀਆਂ ਸਕੀਮਾਂ ਤੁਰੰਤ ਅਮਲ ਵਿਚ ਲਿਆਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਹੈਰਾਨੀ ਤੇ ਦੁੱਖ ਪ੍ਰਗਟ ਕੀਤਾ ਕਿ ਸਾਡੇ ਵਜੀਰ ਏ ਆਜਮ ਅਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਅਕਸਰ ਹੀ ਮੀਡੀਏ ਤੇ ਅਖਬਾਰਾਂ ਵਿਚ ਇੰਡੀਆਂ ਤੇ ਪੰਜਾਬ ਸੂਬੇ ਨੂੰ ਹਰ ਖੇਤਰ ਵਿਚ ਅੱਗੇ ਲਿਆਉਣ ਦੇ ਦਾਅਵੇ ਕਰਦੇ ਹਨ ਅਤੇ ਇਥੇ ਵੱਡੇ ਵੱਡੇ ਪ੍ਰੋਜੈਕਟ ਲਗਾਉਣ ਦੀਆਂ ਗੱਲਾਂ ਕਰਦੇ ਨਜਰ ਆਉਦੇ ਹਨ । ਪਰ ਜਿਸ ਸੂਬੇ ਵਿਚ ਮਿਹਨਤਕਸ ਵਰਗ ਦੀਆਂ ਬੀਬੀਆਂ ਨੂੰ ਸਵੇਰੇ-ਸ਼ਾਮ ਦੋਵੇ ਸਮੇ ਲੱਕੜਾਂ, ਘਾਹ ਕੱਟਕੇ ਅਤੇ ਉਨ੍ਹਾਂ ਨੂੰ ਵੇਚਕੇ ਆਪਣਾ ਜੀਵਨ ਨਿਰਵਾਹ ਕਰਨਾ ਪੈ ਰਿਹਾ ਹੋਵੇ ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨਾਂ ਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ । ਇਹ ਇਕ ਪੈਰਾਮੀਟਰ ਹੁੰਦਾ ਹੈ ਕਿ ਜਿਸ ਮੁਲਕ ਤੇ ਸੂਬੇ ਦੇ ਗਰੀਬ, ਮਜਲੂਮ ਨਿਵਾਸੀ ਸਹੀ ਢੰਗ ਨਾਲ ਦੋ ਸਮੇ ਦੀ ਰੱਜਮੀ ਰੋਟੀ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਦਾ ਕੱਪੜਾਂ ਅਤੇ ਸਿਰ ਢੱਕਣ ਲਈ ਮਕਾਨ ਦੀ ਛੱਤ ਉਪਲੱਬਧ ਹੋਵੇ ਉਨ੍ਹਾਂ ਦੇ ਬੱਚਿਆਂ ਨੂੰ ਤਾਲੀਮ ਤੇ ਸਿਹਤ ਸੰਬੰਧੀ ਕੋਈ ਚਿੰਤਾ ਨਾ ਹੋਵੇ ਉਸ ਮੁਲਕ ਅਤੇ ਸੂਬੇ ਦੀ ਹੀ ਸਥਿਤੀ ਨੂੰ ਸਹੀ ਕਿਹਾ ਜਾ ਸਕਦਾ ਹੈ, ਵਰਨਾ ਜੋ ਤਸਵੀਰਾਂ ਅਸੀ ਖੰਨਾ ਮੰਡੀ ਦੀਆਂ ਗਰੀਬ ਬੀਬੀਆਂ ਦੀ ਇਸ ਖਬਰ ਨਾਲ ਪ੍ਰਕਾਸਿਤ ਕਰ ਰਹੇ ਹਾਂ ਉਹ ਖੁਦ ਬਾ ਖੁਦ ਇਸ ਮੁਲਕ ਅਤੇ ਸੂਬੇ ਦੇ ਨਿਵਾਸੀਆ ਦੇ ਜੀਵਨ ਪੱਧਰ ਅਤੇ ਮਾਲੀ ਹਾਲਤ ਨੂੰ ਬਿਆਨ ਕਰ ਰਹੀਆ ਹਨ । ਉਨ੍ਹਾਂ ਮੰਗ ਕੀਤੀ ਕਿ ਅਜਿਹੇ ਪਰਿਵਾਰਾਂ ਦੀ ਆਪਣੇ ਅਮਲੇ ਫੈਲੇ ਰਾਹੀ ਛਾਣਬੀਨ ਕਰਕੇ ਉਨ੍ਹਾਂ ਨੂੰ ਦੋ ਸਮੇ ਦੀ ਰੋਟੀ ਲਈ ਰੁਜਗਾਰ, ਪਹਿਨਣ ਲਈ ਕੱਪੜਾ ਅਤੇ ਰਹਿਣ ਲਈ ਮਕਾਨ ਦਾ ਪ੍ਰਬੰਧ ਸਰਕਾਰ ਆਪਣੀ ਜਿੰਮੇਵਾਰੀ ਸੀਮਤ ਸਮੇ ਵਿਚ ਪੂਰਨ ਕਰੇ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਪੱਧਰ ਨੂੰ ਚੰਗੇਰਾ ਬਣਾਕੇ ਉਨ੍ਹਾਂ ਨੂੰ ਵੀ ਬਰਾਬਰਤਾ ਦੀ ਸੋਚ ਦਾ ਹੱਕ ਪ੍ਰਦਾਨ ਕਰੇ ।