ਇੰਡੀਅਨ ਬਜਟ ਵਿਚੋ ਖੂਫੀਆ ਏਜੰਸੀਆ, ਨੇਵੀ, ਆਰਮੀ ਅਤੇ ਏਅਰਫੋਰਸ ਉਤੇ ਗੁਪਤ ਰੂਪ ਵਿਚ ਖਰਚ ਹੋਣ ਵਾਲੀ ਰਕਮ ਦਾ ਕੋਈ ਵੇਰਵਾ ਨਾ ਦੇਣਾ ‘ਵੱਡਾ ਧੋਖਾ’ : ਮਾਨ
ਫ਼ਤਹਿਗੜ੍ਹ ਸਾਹਿਬ, 04 ਫਰਵਰੀ ( ) “ਜੋ ਇੰਡੀਆ ਦੀ ਮੋਦੀ ਹਕੂਮਤ ਨੇ ਕੁਝ ਦਿਨ ਪਹਿਲੇ ਆਪਣਾ ਬਜਟ ਪਾਸ ਕੀਤਾ ਹੈ, ਉਸ ਵਿਚ ਇੰਡੀਆ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ, ਡੀ.ਆਈ.ਏ, ਐਨ.ਟੀ.ਆਰ.ਓ, ਐਨ.ਸੀ.ਬੀ, ਡੀ.ਆਰ.ਆਈ, ਐਫ.ਆਈ.ਯੂ ਇੰਡੀਆ ਅਤੇ ਨੇਵੀ, ਆਰਮੀ ਅਤੇ ਏਅਰਫੋਰਸ ਦੀਆਂ ਖੂਫੀਆ ਏਜੰਸੀਆਂ ਉਤੇ ਖਰਚ ਹੋਣ ਵਾਲੇ ਕਰੋੜਾਂ-ਅਰਬਾਂ ਦੀ ਰਕਮ ਦਾ ਕੋਈ ਵੇਰਵਾ ਨਾ ਦੇ ਕੇ ਹੁਕਮਰਾਨਾਂ ਨੇ ਇੰਡੀਅਨ ਨਿਵਾਸੀਆ ਨਾਲ ਵੱਡਾ ਧੋਖਾ ਤੇ ਫਰੇਬ ਕੀਤਾ ਹੈ ਜੋ ਕਿ ਇਥੋ ਦੇ ਨਿਵਾਸੀਆ ਨੂੰ ਅਛੋਪਲੇ ਗੁੰਮਰਾਹ ਕਰਨ ਵਾਲੀ ਕਾਰਵਾਈ ਹੈ । ਜਦੋਕਿ ਦੂਜੇ ਪਾਸੇ ਅਮਰੀਕਾ, ਬਰਤਾਨੀਆ ਦੀਆਂ ਹਕੂਮਤਾਂ ਵਿਚ ਅਜਿਹੇ ਖੂਫੀਆ ਏਜੰਸੀਆ ਤੇ ਖਰਚ ਹੋਣ ਵਾਲੇ ਫੰਡਾਂ ਦਾ ਆਡਿਟ ਵੀ ਹੁੰਦਾ ਹੈ ਅਤੇ ਉਥੋ ਦੀ ਪਾਰਲੀਮੈਟ ਅਜਿਹੇ ਖਰਚਿਆ ਬਾਰੇ ਪੁੱਛ ਵੀ ਸਕਦੀਆ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਉਪਰੋਕਤ ਖੂਫੀਆ ਏਜੰਸੀਆ ਦੇ ਖਰਚ ਦਾ ਨਾ ਤਾਂ ਆਡਿਟ ਹੁੰਦਾ ਹੈ ਅਤੇ ਨਾ ਹੀ ਇਥੋ ਦੀ ਪਾਰਲੀਮੈਟ ਪੁੱਛ ਸਕਦੀ ਹੈ । ਜਿਸ ਤੋ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਅਜਿਹੇ ਫੰਡਾਂ ਦੀ ਦੁਰਵਰਤੋ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਦਬਾਉਣ, ਕੁੱਚਲਣ, ਉਨ੍ਹਾਂ ਦੇ ਕਾਨੂੰਨੀ, ਇਖਲਾਕੀ, ਧਾਰਮਿਕ ਹੱਕਾਂ ਨੂੰ ਖਤਮ ਕਰਨ ਅਤੇ ਆਪਣੇ ਸਿਆਸੀ ਵਿਰੋਧੀਆ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਅਤੇ ਕਿਸੇ ਤਰ੍ਹਾਂ ਦੀਆਂ ਵੀ ਚੋਣਾਂ ਆਉਣ ਤੇ ਉਸ ਵਿਚੋਂ ਵੱਡੇ ਪੱਧਰ ਤੇ ਦੁਰਵਰਤੋ ਕੀਤੀ ਜਾਂਦੀ ਹੈ ਜੋ ਅਸਹਿ ਅਤੇ ਇਨਸਾਫ਼ ਵਿਰੋਧੀ ਵੱਡਾ ਧੋਖਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਬਜਟ ਵਿਚ ਖੂਫੀਆ ਏਜੰਸੀਆ ਅਤੇ ਮਿਲਟਰੀ ਦੀਆਂ ਖੂਫੀਆ ਏਜੰਸੀਆ ਤੇ ਗੁਪਤ ਰੂਪ ਵਿਚ ਕਰੋੜਾਂ-ਅਰਬਾਂ ਦੇ ਬਿਨ੍ਹਾਂ ਆਡਿਟ ਤੋ ਹੋ ਰਹੇ ਵੱਡੇ ਖਰਚ ਅਤੇ ਆਪਣੇ ਗੁੱਝੇ ਮਕਸਦਾਂ ਲਈ ਕੀਤੀ ਜਾ ਰਹੀ ਦੁਰਵਰਤੋ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਮਰੀਕਾ ਤੇ ਬਰਤਾਨੀਆ ਦੀ ਤਰ੍ਹਾਂ ਇਸਦਾ ਆਡਿਟ ਹੋਣ ਅਤੇ ਪਾਰਲੀਮੈਟ ਨੂੰ ਪੁੱਛਣ ਦਾ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਅਗਸਟਾ ਵੈਸਟਲੈਡ ਹੈਲੀਕਪਟਰਾਂ ਵਿਚ ਵੱਡੇ ਪੱਧਰ ਤੇ ਹੋਈ ਲੁੱਟ-ਖਸੁੱਟ ਜਿਸ ਵਿਚ ਸ੍ਰੀ ਵਾਜਪਾਈ ਦੀ ਵਿਜਾਰਤ ਸਮੇ ਰਹਿ ਚੁੱਕੇ ਵਿਸੇਸ ਸਕੱਤਰ ਸ੍ਰੀ ਬ੍ਰਿਜੇਸ ਮਿਸਰਾ, ਵੈਸਟ ਬੰਗਾਲ ਦੇ ਰਹਿ ਚੁੱਕੇ ਗਵਰਨਰ ਮਿਸਟਰ ਐਮ. ਨਰਾਇਨਣ, ਸਾਬਕਾ ਰੱਖਿਆ ਸਕੱਤਰ ਸਸੀਕਾਂਤ ਸਰਮਾ, ਸਾਬਕਾ ਏਅਰ ਚੀਫ ਮਾਰਸਲ ਮਿਸਟਰ ਤਿਆਗੀ ਅਤੇ ਐਸ.ਪੀ.ਜੀ. ਡਾਈਰੈਕਟਰ ਮਿਸਟਰ ਭਾਰਤ ਵੀਰ ਵਾਚੂ ਇਸ ਘਪਲੇ ਵਿਚ ਸਾਮਿਲ ਸਨ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਮੋਦੀ ਹਕੂਮਤ ਵੱਲੋ ਕਿਉਂ ਨਹੀ ਕੀਤਾ ਜਾ ਰਿਹਾ । ਫਿਰ ਇੰਡੀਆਂ ਚੀਨ ਨਾਲ ਹਰ ਖੇਤਰ ਵਿਚ ਖੁੱਲ੍ਹਾ ਵਪਾਰ ਤਾਂ ਕਰ ਰਿਹਾ ਹੈ ਲੇਕਿਨ 1962 ਵਿਚ ਲੇਹ-ਲਦਾਖ ਜੋ ਸਾਡੇ ਲਾਹੌਰ ਖਾਲਸਾ ਰਾਜ ਦਰਬਾਰ ਦਾ 39,000 ਸਕੇਅਰ ਵਰਗ ਕਿਲੋਮੀਟਰ ਖੇਤਰਫਲ ਹੈ, ਜਿਸ ਨੂੰ ਚੀਨ ਨੇ ਕਬਜਾ ਕੀਤਾ ਹੋਇਆ ਹੈ । ਫਿਰ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਦਾ ਕਬਜਾ ਕੀਤਾ ਇਲਾਕਾ ਇੰਡੀਅਨ ਹੁਕਮਰਾਨ ਤੇ ਫ਼ੌਜ ਵਾਪਸ ਕਿਉ ਨਹੀ ਲੈ ਰਹੀ ? ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਜਿਨ੍ਹਾਂ ਨੇ ਸਾਡਾ ਇਲਾਕਾ ਲੁੱਟਿਆ ਹੋਇਆ ਹੈ ਉਨ੍ਹਾਂ ਨਾਲ ਤਾਂ ਵਪਾਰ ਕਰ ਰਹੇ ਹਨ । ਲੇਕਿਨ ਪੰਜਾਬ ਜੋ ਸਰਹੱਦੀ ਸੂਬਾ ਹੈ, ਜਿਸਨੂੰ ਇਨ੍ਹਾਂ ਦੀਆਂ ਸਾਜਿਸਾਂ ਨੇ ਲੰਮੇ ਸਮੇ ਤੋ ਮਾਲੀ, ਸਮਾਜਿਕ, ਧਾਰਮਿਕ ਤੇ ਇਖਲਾਕੀ ਨੁਕਸਾਨ ਕੀਤਾ ਹੈ ਉਸਦੀਆਂ ਸਰਹੱਦਾਂ ਵਾਹਗਾ, ਅਟਾਰੀ, ਸੁਲੇਮਾਨਕੀ ਤੇ ਹੂਸੈਨੀਵਾਲਾ ਵਪਾਰ ਲਈ ਕਿਉ ਨਹੀ ਖੋਲੀਆ ਜਾ ਰਹੀਆ। ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਕਰਨ ਅਤੇ ਇਥੋ ਦੀ ਬੇਰੁਜਗਾਰੀ ਨੂੰ ਦੂਰ ਕਰਨ ਦੇ ਅਮਲ ਕਿਉ ਨਹੀ ਕੀਤੇ ਜਾ ਰਹੇ ?