ਇੰਡੀਅਨ ਹੁਕਮਰਾਨ ਆਰਥਿਕਤਾ ਦੀ ਮਜ਼ਬੂਤੀ ਹੋਣਾ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਜਦੋਂਕਿ ਰੁਪਏ ਦੀ ਕੀਮਤ ਤਾਂ ਦਿਨੋ ਦਿਨ ਘੱਟ ਰਹੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ) “ਇੰਡੀਆਂ ਦੇ ਹੁਕਮਰਾਨ ਕਈ ਦਿਨਾਂ ਤੋਂ ਅਖ਼ਬਾਰਾਂ ਤੇ ਮੀਡੀਏ ਵਿਚ ਇਸ ਗੱਲ ਦਾ ਖੂਬ ਰੌਲਾ ਪਾ ਰਹੇ ਹਨ ਕਿ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਅਧੀਨ ਇੰਡੀਆ ਦੀ ਆਰਥਿਕ ਸਥਿਤੀ ਬਹੁਤ ਮਜਬੂਤ ਹੋਈ ਹੈ ਅਤੇ ਹੋਰ ਵੱਧ ਰਹੀ ਹੈ । ਪਰ ਦੂਸਰੇ ਪਾਸੇ ਅਮਰੀਕਨ ਡਾਲਰ ਦੇ ਮੁਕਾਬਲੇ ਵਿਚ ਇੰਡੀਅਨ ਕਾਰੰਸੀ ਰੁਪਏ ਦਾ ਮੁੱਲ ਜੋ 92 ਰੁਪਏ ਹੋ ਗਿਆ ਹੈ, ਉਹ ਦਿਨੋ ਦਿਨ ਹੋਰ ਘੱਟ ਰਿਹਾ ਹੈ। ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਹੁਕਮਰਾਨ ਕੇਵਲ ਪ੍ਰਚਾਰ ਤੇ ਪ੍ਰਸਾਰ ਸਾਧਨਾਂ ਰਾਹੀ ਆਪਣੇ ਮੁਲਕ ਨਿਵਾਸੀਆ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਦੇ ਨਜਰ ਆ ਰਹੇ ਹਨ । ਤਾਂ ਕਿ ਆਪਣੀ ਹਕੂਮਤ ਦੀਆਂ ਪ੍ਰਾਪਤੀਆ ਦੀ ਗਿਣਤੀ ਵਧਾ ਚੜਾਕੇ ਦੱਸਕੇ ਇਥੋ ਦੇ ਨਿਵਾਸੀਆ ਨੂੰ ਆਪਣੇ ਪੱਖ ਵਿਚ ਰੱਖਿਆ ਜਾ ਸਕੇ । ਲੇਕਿਨ ਜਦੋ ਰੁਪਏ ਦੀ ਕੀਮਤ ਰੋਜਾਨਾ ਹੀ ਘੱਟ ਰਹੀ ਹੈ, ਆਮ ਰਸੋਈ ਵਿਚ ਵਰਤੋ ਆਉਣ ਵਾਲੀਆ ਸਭ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਚੁੱਕੀਆ ਹਨ ਅਤੇ ਗਰੀਬ ਲਈ ਆਪਣੀ 2 ਸਮੇ ਦੀ ਰੋਟੀ ਪੈਦਾ ਕਰਨੀ ਵੀ ਔਖੀ ਹੋਈ ਪਈ ਹੈ । ਲੱਖਾਂ ਦੀ ਗਿਣਤੀ ਵਿਚ ਇੱਥੋ ਦੇ ਨਿਵਾਸੀ ਝੁੱਗੀਆਂ ਜਾਂ ਸੜਕਾਂ ਦੇ ਫੁੱਟਪਾਥਾਂ ਤੇ ਸੌਦੇ ਹਨ । ਮਹਿੰਗੇ ਇਲਾਜ ਦੇ ਕਾਰਨ ਲੱਖਾਂ ਦੀ ਗਿਣਤੀ ਵਿਚ ਰੋਜਾਨਾ ਮੌਤਾਂ ਹੋ ਰਹੀਆ ਹਨ । ਵੱਡੀ ਗਿਣਤੀ ਵਿਚ ਬੱਚਿਆਂ ਨੂੰ ਸਹੀ ਰੂਪ ਵਿਚ ਤਾਲੀਮ ਪ੍ਰਾਪਤ ਨਹੀ ਹੋ ਰਹੀ । ਫਿਰ ਇਹ ਉਪਰੋਕਤ ਆਰਥਿਕ ਮਜਬੂਤੀ ਵਾਲਾ ਹਕੂਮਤੀ ਪ੍ਰਚਾਰ ਤੇ ਪ੍ਰਸਾਰ ਤਾਂ ਇਕ ਝੂਠ ਦਾ ਪਲੰਦਾ ਜਾਪਦਾ ਹੈ । ਜਿਸ ਨਾਲ ਕਤਈ ਵੀ ਹੁਕਮਰਾਨ ਇਥੋ ਦੀ ਆਰਥਿਕਤਾ, ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ, ਸਿਹਤ ਤੇ ਵਿਦਿਅਕ ਸਹੂਲਤਾਂ ਨੂੰ ਸਹੀ ਰੂਪ ਵਿਚ ਪ੍ਰਦਾਨ ਕਰਨ ਵਿਚ ਕਾਮਯਾਬੀ ਪ੍ਰਾਪਤ ਨਹੀ ਕਰ ਸਕਦੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਵੱਲੋ ਇੰਡੀਆ ਦੀ ਆਰਥਿਕ ਮਜਬੂਤੀ ਹੋਣ ਦੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਉਤੇ ਖਟਾਸ ਕਰਦੇ ਹੋਏ ਪ੍ਰਗਟ ਕੀਤੇ ।